www.sursaanjh.com > ਅੰਤਰਰਾਸ਼ਟਰੀ > ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਨੇ ਕੁਝ ਤਕਨੀਕੀ ਤਰੁੱਟੀਆਂ ਦੇ ਬਾਵਜੂਦ ਦਰਸ਼ਕ ਮਨਾਂ ‘ਤੇ ਛੱਡੀ ਗਹਿਰੀ ਛਾਪ/ ਸੁਰਜੀਤ ਸੁਮਨ

ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਨੇ ਕੁਝ ਤਕਨੀਕੀ ਤਰੁੱਟੀਆਂ ਦੇ ਬਾਵਜੂਦ ਦਰਸ਼ਕ ਮਨਾਂ ‘ਤੇ ਛੱਡੀ ਗਹਿਰੀ ਛਾਪ/ ਸੁਰਜੀਤ ਸੁਮਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ:

ਬੀਤੇ ਕੱਲ੍ਹ ਚੰਡੀਗੜ੍ਹ ਦੀ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਦਸ ਸਾਲਾਂ ਬਾਅਦ ਮੁੜ ਵੇਖਣ ਦਾ ਮੌਕਾ ਮਿਲ਼ਿਆ। ਆਗਰਾ ਦੀ ਮੁਸੱਰਤ ਤੇ ਲਾਹੌਰ ਦੇ ਮਾਜਿਦ ਬੁਖਾਰੀ ਦੀ ਇਹ ਪ੍ਰੇਮ ਕਹਾਣੀ ਭਾਰਤ-ਪਾਕਿ ਸਰਹੱਦ ‘ਤੇ ਗੱਡੀਆਂ ਕੰਡੇਦਾਰ ਤਾਰਾਂ ਵਿੱਚ ਉਲਝ ਕੇ ਰਹਿ ਗਈ ਜੋ ਕਿਸੇ ਤਣ-ਪੱਤਣ ਨਾ ਲੱਗ ਸਕੀ। ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲਾਹੌਰ ਗਏ ਡਾ. ਬੱਲ ਨੂੰ ਮਾਜਿਦ ਬੁਖਾਰੀ ਆਪ ਬੀਤੀ ਸੁਣਾਉਂਦਾ ਹੈ। ਇਹ ਕਹਾਣੀ ਲੇਖਕ ਦੇ ਕੋਮਲਭਾਵੀ ਮਨ ਦਾ ਅੰਬਰ ਮੱਲ ਲੈਂਦੀ ਹੈ।

’’ਮੁਸੱਰਤ ਸਰਹੱਦੋਂ ਪਾਰ’’ ਆਰਟ ਫਿਲਮ ਦੀ ਕਹਾਣੀ ਦੋ ਪ੍ਰੇਮੀਆਂ ਦਰਮਿਆਨ ਕੰਧ ਬਣੀ ਭਾਰਤ-ਪਾਕਿਸਤਾਨ ਸਰਹੱਦ ਦੀ ਬਾਤ ਪਾਉਂਦੀ ਹੈ। ਇਸ ਫਿਲਮੀ ਕਹਾਣੀ ਵਿੱਚ ਲਾਹੌਰ ਵਾਸੀ ਮਾਜਿਦ ਬੁਖਾਰੀ, ਪਰਿਵਾਰ ਸਮੇਤ ਆਪਣੀ ਭੂਆ ਨੂੰ ਮਿਲਣ ਆਗਰਾ ਤੋਂ ਲਾਹੌਰ ਗਈ ਮੁਸੱਰਤ ਨੂੰ ਪਹਿਲੀ ਤੱਕਣੀ ਹੀ ਆਪਣਾ ਦਿਲ ਦੇ ਬੈਠਦਾ ਹੈ। ਵੀਜ਼ਾ ਖ਼ਤਮ ਹੁੰਦਿਆਂ ਦੋਵਾਂ ਦਾ ਵਿਛੋੜਾ ਪੈ ਜਾਂਦਾ ਹੈ। ਮੁਸੱਰਤ ਆਗਰਾ ਪਰਤ ਲਾਹੌਰ ਰਹਿੰਦੇ ਮਾਜਿਦ ਬੁਖਾਰੀ ਨੂੰ ਆਪਣੀ ਜ਼ੁਬਾਨ ਹਿੰਦੀ ਵਿੱਚ ਚਿੱਠੀ ਲਿਖਦੀ ਹੈ। ਇਹੋ ਇੱਕ ਚਿੱਠੀ ਮਾਜਿਦ ਬੁਖਾਰੀ ਦੀ ਜਾਇਦਾਦ ਹੋ ਨਿਬੜਦੀ ਹੈ। ਉਹ ਹਿੰਦੀ ਪੜ੍ਹ ਨਹੀਂ ਸਕਦਾ। ਮਾਜਿਦ, ਜਦੋਂ ਲਾਹੌਰ ਗਏ ਡਾ. ਮਨਜੀਤ ਬੱਲ ਨੂੰ ਮਿਲ਼ਦਾ ਹੈ ਤਾਂ ਉਹ ਉਸ ਪਾਸੋਂ ਇਸ ਚਿੱਠੀ ਦੀ ਇਬਾਰਤ ਸੁਣ ਇਸ ਦਾ ਸ਼ਬਦ-ਸ਼ਬਦ ਆਪਣੇ ਮਨ ਵਿੱਚ ਉਤਾਰ ਲੈਂਦਾ ਹੈ। ਇੰਝ ਹੱਦਾਂ-ਸਰਹੱਦਾਂ ਕਾਰਨ ਅਧੂਰੀ ਰਹੀ ਇਹ ਪ੍ਰੇਮ ਕਹਾਣੀ ਦੋ ਜ਼ਿੰਦਗੀਆਂ ਲਈ ਤੜਪ ਦਾ ਕਾਰਨ ਬਣ ਜਾਂਦੀ ਹੈ।

ਆਪਾਂ ਅਕਸਰ ਇਹ ਵਾਕ ਸੁਣਦੇ ਹਾਂ, ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆਂ ਈ ਨਹੀਂ।’ ਇਹ ਡਾਇਲਾਗ ਇਸ ਫਿਲਮ ਦਾ ਹਿੱਸਾ ਵੀ ਬਣਿਆ। ਧੂਅ ਪਾਉਂਦਾ ਹੈ।  ਇਸੇ ਤਰ੍ਹਾਂ ਇਸ ਫਿਲਮ ਦਾ ਸੰਗੀਤ/ ਗੀਤ ਵੀ ਰੂਹ ਦਾ ਖੇੜਾ ਹੋ ਨਿਬੜਦੇ ਹਨ। ਇਸ ਫਿਲਮ ਦੀ ਸੰਘਣੀ ਬੁਣਦੀ ਬਾਕਮਾਲ ਹੈ। ’’ਮੁਸੱਰਤ – ਮਾਜਿਦ ਬੁਖਾਰੀ ਦੀ ਪ੍ਰੇਮ ਕਹਾਣੀ ਤੋਂ ਪਹਿਲਾਂ ਫਿਲਮ ਡਾਇਰੈਕਟਰ ਦਰਸ਼ਕਾਂ ਨੂੰ ਲਾਹੌਰ ਦੀ ਤਹਿਜ਼ੀਬ ਦੇ ਵੱਖ ਵੱਖ ਰੰਗਾਂ ਦੇ ਦਰਸ਼ਨ ਸਹਿਜੇ ਹੀ ਕਰਵਾ ਜਾਂਦਾ ਹੈ। ਅਦਾਕਾਰਾਂ ਦਾ ਲਹਿਜ਼ਾ, ਬੋਲੀ ਤੇ ਪਹਿਰਾਵਾ ਕਹਾਣੀ ਨੂੰ ਚਾਰ ਚੰਨ ਲਾਉਣ ਵਿੱਚ ਸਫਲ ਕਿਹਾ ਜਾ ਸਕਦਾ ਹੈ। ਫਿਲਮ ਦੀ ਕਹਾਣੀ ਹੌਲ਼ੀ ਹੌਲ਼ੀ ਅੱਗੇ ਵਧਦੀ ਹੋਈ ਦਰਸ਼ਕ ਮਨ ਤੇ ਗਹਿਰੀ ਛਾਪ ਛੱਡਦਿਆਂ ਅਗਾਂਹ ਤੁਰਦੀ ਵੀ ਪਿਛਾਂਹ ਵੱਲ ਝਾਤ ਪੁਆਉਂਦੀ ਰਹਿੰਦੀ ਹੈ।

ਕੁਝ ਗੰਭੀਰ ਉਕਾਈਆਂ ਜਿਵੇਂ ਟੈਲੀਫੋਨ ਦਾ ਬਦਲ ਜਾਣਾ, ਮਾਜਿਦ ਬੁਖਾਰੀ ਦੇ ਹੱਥ ਵਿੱਚਲਾ ਕੜਾ, ਸਮਾਂ, ਸਥਾਨ ਆਦਿ ਦੇ ਬਾਵਜੂਦ ਫਿਲਮ ਦੀ ਇਹ ਕਹਾਣੀ ਦਰਸ਼ਕਾਂ ਦੀਆਂ ਰੂਹਾਂ ਵਿੱਚ ਉਤਰ ਆਪਣਾ ਦਮਦਾਰ ਸੁਨੇਹਾ ਦੇਣ ਵਿੱਚ ਸਫਲ ਰਹੀ ਹੈ।

ਮੈਂ ਯਾਦਾਂ ਦੇ ਪੰਨੇ ਪਲਟਦਾ ਹਾਂ। ਮੇਰੀ ਸੁਤਾਅ ਦਸ ਸਾਲ ਪਿਛਾਂਹ ਵੱਲ ਉਡਾਨ ਭਰ ਲੈਂਦੀ ਹੈ। ਇਸ ਫਿਲਮ ਦੇ ਡਾਇਰੈਕਟਰ ਸੋਮ ਸਹੋਤਾ ਮੇਰੇ ਨਿੱਘੇ ਦੋਸਤ ਹਨ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ਼ਿਆ ਸੀ, ਉਦੋਂ ਉਹ ਹਰਮਨ ਰੇਡੀਓ ਦੇ ਐਂਕਰ ਸਨ। ਉਦੋਂ ਕੁ ਹੀ ਮੇਰਾ ਪਲੇਠਾ ਕਾਵਿ-ਸੰਗ੍ਰਹਿ ’’ਮਾਏ ਮੇਰਾ ਦਿਲ ਕੰਬਿਆ’’ ਛਪਿਆ ਸੀ। ਮੇਰੇ ਰਾਹ-ਦਸੇਰਾ ਜਨਾਬ ਕਰਮਵੀਰ ਸੂਰੀ ਮੈਨੂੰ ਮੇਰੇ ਕੁਝ ਲੇਖਕ ਮਿੱਤਰਾਂ ਰਾਬਿੰਦਰ ਰੱਬੀ, ਸੁਰਜੀਤ ਮੰਡ, ਬਲਵਿੰਦਰ ਰਾਜ਼ ਸਮੇਤ ਸੰਗਰੂਰ ਵੱਲ ਲੈ ਤੁਰੇ ਸਨ। ਉੱਥੇ ਉਨ੍ਹਾਂ ਮੇਰੇ ਇਸ ਕਾਵਿ-ਸੰਗ੍ਰਹਿ ਬਾਰੇ ਹਰਮਨ ਰੇਡੀਓ ‘ਤੇ ਚਰਚਾ ਰੱਖੀ ਹੋਈ ਸੀ। ਸੋਮ ਸਹੋਤਾ ਹੋਰਾਂ ਨੇ ਸਾਨੂੰ ਉੱਥੇ ਹੀ ਦੱਸਿਆ ਸੀ ਕਿ ਉਨ੍ਹਾਂ ਡਾ. ਮਨਜੀਤ ਬੱਲ ਹੋਰਾਂ ਦੀ ਕਹਾਣੀ ਤੇ ਆਧਾਰਤ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਡਾਇਰੈਕਟ ਕੀਤੀ ਹੈ। ਫਿਰ ਮੈਂ ਇਸ ਫਿਲਮ ਦਾ ਸ਼ੋਅ ਫਤਿਹਗੜ੍ਹ ਸਾਹਿਬ ਵਿਖੇ ਵੇਖਿਆ ਸੀ। ਇੱਥੇ ਹੀ ਮੈਂ ਡਾ. ਮਨਜੀਤ ਬੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ਼ਿਆ ਸੀ। ਇਸ ਫਿਲਮ ਨੇ ਮੇਰੇ ਮਨ ’ਤੇ ਗਹਿਰੀ ਛਾਪ ਛੱਡੀ ਸੀ ਤੇ ਹੁਣ ਦੁਬਾਰਾ ਦੇਖਣ ਦਾ ਮੌਕਾ ਮਿਲ਼ਿਆ ਤਾਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ।

‘’ਮੁਸੱਰਤ ਸਰਹੱਦੋਂ ਪਾਰ’’ ਫਿਲਮ ਦੀ ਕਹਾਣੀ ਉੱਘੇ ਲੇਖਕ ਡਾ. ਮਨਜੀਤ ਬੱਲ ਦੀ ਪਾਕਿਸਤਾਨ ਫੇਰੀ ਦੌਰਾਨ ਹੋਏ ਇੱਕ ਵਾਕਿਆ ’ਤੇ ਆਧਾਰਤ ਹੈ। ਇਨ੍ਹਾਂ ਪਲਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ’ਮੁਸੱਰਤ’ ਸਿਰਲੇਖ ਹੇਠ ਇੱਕ ਕਹਾਣੀ ਵੀ ਲਿਖੀ ਸੀ ਜੋ ਦੇਸ਼ਾਂ, ਵਿਦੇਸ਼ਾਂ ਦੇ ਕਈ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੀ। ਇਸੇ ਕਹਾਣੀ ਨੂੰ ਲੈ ਕੇ ਉਨ੍ਹਾਂ ਸਾਲ 2013-14 ਵਿੱਚ ਇਹ ਫਿਲਮ ਬਣਾਈ ਜੋ ਟੈਗੋਰ ਥੀਏਟਰ, ਚੰਡੀਗੜ੍ਹ, ਹਰਪਾਲ ਟਿਵਾਣਾ ਆਰਟ ਸੈਂਟਰ, ਪਟਿਆਲ਼ਾ, ਫਤਿਹਗੜ੍ਹ ਸਾਹਿਬ ਅਤੇ ਹੋਰ ਥਾਂਵਾਂ ’ਤੇ ਵਿਖਾਈ ਗਈ, ਜਿਸ ਨੂੰ ਦਰਸ਼ਕਾਂ ਦਾ ਉਦੋਂ ਵੀ  ਭਰਪੂਰ ਹੁੰਗਾਰਾ ਮਿਲ਼ਿਆ ਸੀ।  ਇਸ ਫਿਲਮ ਵਿੱਚ ਇੱਕ ਕਵਾਲੀ ਅਤੇ ਤਿੰਨ ਗੀਤ ਹਨ, ਜਿਨ੍ਹਾਂ ਦਾ ਦਿਲ-ਟੁੰਬਵਾਂ ਸੰਗੀਤ ਵਿਨੋਦ ਰੱਤੀ ਵੱਲੋਂ ਦਿੱਤਾ ਗਿਆ ਹੈ।

ਇਸ ਆਰਟ ਫਿਲਮ ਵਿੱਚ ਯਾਸਮੀਨ ਅਰੋੜਾ, ਹਰਵਿੰਦਰ ਖੰਨਾ, ਡਾ. ਮਹਿਤਾਬ ਬੱਲ, ਪਰਮਿੰਦਰ ਪਾਲ ਕੌਰ, ਅਨਿਲ ਸਨੌਰੀ, ਕਵਿਤਾ ਸ਼ਰਮਾ, ਰਾਜੇਸ਼ ਸ਼ਰਮਾ, ਨੀਰਜ ਅਰੋੜਾ, ਜਗਜੀਤ ਸਰੀਨ, ਡਾ. ਮਨਜੀਤ ਬੱਲ, ਡਾ. ਵਿਜੈ ਬੋਦਲ, ਦਿਨੇਸ਼ ਮਰਵਾਹਾ, ਦਰਸ਼ਨ ਸਿੱਧੂ ਅਤੇ ਸੋਮ ਸਹੋਤਾ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦੇ ਪ੍ਰੋਡਿਊਸਰ ਇੰਦਰਜੀਤ ਬੱਲ ਹਨ।

ਡਾ. ਮਨਜੀਤ ਸਿੰਘ ਬੱਲ ਰਾਜਿੰਦਰ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ, ਪਟਿਆਲ਼ਾ ਵਿਖੇ ਆਪਣੀਆਂ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਵੀ ਜਾਣੇ ਜਾਂਦੇ ਹਨ। ਪਿੱਛੇ ਜਿਹੇ ਉਨ੍ਹਾਂ ਦੀ ਚਿੱਠੀਆਂ ’ਤੇ ਆਧਾਰਤ ਪੁਸਤਕ ’ਲਵਿੰਗਲੀ ਯੂਅਰਜ਼-ਪੈੱਨ ਪਾਲਜ਼’ ਚਰਚਾ ਦਾ ਵਿਸ਼ਾ ਬਣੀ ਰਹੀ। ਲੇਖਕ ਹੋਣ ਦੇ ਨਾਲ਼ ਨਾਲ਼ ਉਹ ਉੱਘੇ ਬਾਂਸਰੀ ਵਾਦਕ ਵੀ ਹਨ।

ਗਲੋਅ ਬੱਲ ਆਰਟ ਵੱਲੋਂ ਨਿਰਮਿਤ ਇਸ ਫਿਲਮ ਬਾਰੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਜਸਪਾਲ ਦੇਸੂਵੀ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਮੈਡਮ ਨਿਜ਼ਾ ਸਿੰਘ ਅਤੇ ਕੁਝ ਹੋਰ ਚੋਣਵੇਂ ਦਰਸ਼ਕਾਂ ਵੱਲੋਂ ਸਾਰਥਿਕ ਬਹਿਸ ਛੇੜੀ ਗਈ। ਦਰਸ਼ਕਾਂ ਨੇ ਇਸ ਫਿਲਮ ਦਾ ਭਰਪੂਰ ਆਨੰਦ ਮਾਣਿਆ।

ਸੁਰਜੀਤ ਸੁਮਨ – 98144 30874

Leave a Reply

Your email address will not be published. Required fields are marked *