ਇੰਜ. ਜਸਪਾਲ ਸਿੰਘ ਦੇਸੂਵੀ ਦੀ ਕਾਵਿ-ਪੁਸਤਕ ‘ਜਾਮ ਫਿਰੋਜੀ਼’ ਉੱਚਪਾਏ ਦੀਆਂ ਨਜ਼ਮਾਂ ਦਾ ਸੰਗ੍ਰਿਹ ਹੈ – ਡਾ. ਸ਼ਿੰਦਰਪਾਲ ਸਿੰਘ
ਮਾਤਾ ਗੁਜਰੀ ਜੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਹੋਇਆ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਦਸੰਬਰ:


ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਸਭਾ ਦੇ ਅਰੰਭ ਵਿੱਚ ਪੰਜਾਬੀ ਕਾਨਫ਼ਰੰਸਾਂ ਦੇ ਰੂਹ-ਏ-ਰਵਾਂ ਸ. ਹਰਵਿੰਦਰ ਸਿੰਘ ਹੰਸਪਾਲ ਜੀ ਦੇ ਅਚਾਨਕ ਵਿਛੋੜੇ ਤੇ ਦੋ ਮਿੰਟ ਦਾ ਮੌਨ ਰੱਖਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪਹਿਲੇ ਦੌਰ ਵਿੱਚ ਮਾਤਾ ਗੁਜਰੀ ਜੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਹੋਇਆ। ਹਾਜ਼ਰ ਕਵੀਆਂ ਨੇ ਬੈਲਡ, ਗੀਤਾਂ ਅਤੇ ਗ਼ਜ਼ਲਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਵਿੱਚ ਭਾਗ ਲੈਣ ਵਾਲਿਆਂ ਵਿੱਚ ਸਰਵਸ਼੍ਰੀ ਸ਼ਿਰੀ ਰਾਮ ਅਰਸ਼, ਭੁਪਿੰਦਰ ਮਟੌਰੀਆ, ਬਲਵਿੰਦਰ ਸਿੰਘ ਢਿੱਲੋ, ਜਸਪਾਲ ਸਿੰਘ ਦੇਸੂਵੀ, ਬਾਬਕਵਾਲਾ, ਦਰਸ਼ਨ ਤਿਓਣਾ, ਹਰਿੰਦਰ ਹਰ, ਅਮਰਜੀਤ ਸੁਗੜ, ਐਮ.ਐਸ. ਗੋਸਲ, ਉਮਰਾਓ ਸਿੰਘ ਚਿੱਲਾ, ਸਰਬਜੀਤ ਸਿੰਘ ਅਤੇ ਸ਼੍ਰੀਮਤੀ ਨਵਨੀਤ ਕੌਰ ਪ੍ਰਮੁੱਖ ਸਨ।
ਦੂਜੇ ਦੌਰ ਵਿੱਚ ਇੰਜ. ਜਸਪਾਲ ਸਿੰਘ ਦੇਸੂਵੀ ਦੀ ਕਾਵਿ-ਪੁਸਤਕ ‘ਜਾਮ ਫਿਰੋਜੀ਼’ ‘ਤੇ ਅਧਾਰਤ ਸੰਖੇਪ ਅਤੇ ਭਾਵਪੂਰਤ ਪੇਪਰ ਡਾ. ਸ਼ਿੰਦਰਪਾਲ ਸਿੰਘ ਨੇ ਪੜ੍ਹਿਆ। ਸੂਫੀ ਸਾਧਨਾ ਅਤੇ ਸੂਫੀ ਅਧਿਆਤਮਿਕਤਾ ਨੂੰ ਪ੍ਰਨਾਈ ਇਹ ਕਾਵਿ ਪੁਸਤਕ ਬੜੀਆਂ ਉੱਚਪਾਏ ਦੀਆਂ ਨਜ਼ਮਾਂ ਦਾ ਸੰਗ੍ਰਿਹ ਹੈ, ਜਿਸ ਦਾ ਹਾਜ਼ਰ ਸਰੋਤਿਆਂ ਨੇ ਸਵਾਗਤ ਕੀਤਾ। ਕਵੀ ਨੇ ਇਸ ਵਿਚੋਂ ਦੋ ਪਸੰਦੀਦਾ ਨਜ਼ਮਾਂ ਵੀ ਸੁਣਾਈਆਂ। ਪੇਪਰ ਨੂੰ ਸਭ ਨੇ ਸਲਾਹਿਆ। ਇਸ ਪੁਸਤਕ ਦੇ ਆਧਾਰ ਤੇ ਅਰਸ਼ ਜੀ ਨੇ ਆਪਣਾ ਕਾਵਿ ਪ੍ਰਵਚਨ ਪੇਸ਼ ਕੀਤਾ।
ਪ੍ਰਧਾਨਗੀ ਭਾਸ਼ਣ ਵਿੱਚ ਭੁਪਿੰਦਰ ਸਿੰਘ ਮਟੌਰਵਾਲਾ ਨੇ ਪੇਸ਼ ਰਚਨਾਵਾਂ ਦੇ ਕਰਤਿਆਂ ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਡਾ. ਸਵੈਰਾਜ ਸੰਧੂ ਨੇ ਕੀਤੀ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

