ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ:
ਪੰਜਾਬੀ ਸਾਹਿਤ ਵਿੱਚ ਅਜੋਕੇ ਸਮੇਂ ਵਿੱਚ ਸਾਹਿਤ ਦੇ ਸਿਰਜਕ ਅਤੇ ਚਿੰਤਕ ਵਜੋਂ ਇੱਕ ਅਜਿਹਾ ਨਾਂ ਲਿਆ ਜਾਂਦਾ ਹੈ। ਹਾਂ, ਉਹ ਨਾਂ ਡਾ. ਮਨਮੋਹਨ ਦਾ ਹੈ। ਲੇਖਕ ਨੇ ਇੱਕ ਚਿੰਤਕ ਵਜੋਂ ਸਾਹਿਤ ਨੂੰ ਨਵੀਆਂ ਛੋਹਾਂ ਦਿੱਤੀਆਂ ਹਨ ਅਤੇ ਪੰਜਾਬੀ ਸਾਹਿਤ ਦੇ ਇੱਕ ਖ਼ਾਸ ਤਰ੍ਹਾਂ ਦੇ ਵਿਕਾਸ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਸ ਨੇ ਬਹੁ-ਵਿਧਾ ਨੂੰ ਅਪਣਾਉਂਦੇ ਹੋਏ, ਸਮੁੱਚੀ ਦੁਨੀਆਂ ਦੇ ਸਾਹਿਤ ਨੂੰ ਆਪਣੇ ਕਲ਼ਾਵੇ ਵਿੱਚ ਲੈ ਕੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਸਿਰਜ ਕੇ ਇਸ ਨੂੰ ਹੋਰ ਅਮੀਰ ਬਣਾਇਆ ਹੈ। ਕਾਵਿ-ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੀ ਕਲਮ ਨੇ ਕਈ ਵਿਚਾਰਕ ਰਚਨਾਵਾਂ ਵੀ ਸਾਹਿਤ ਦੀ ਝੋਲ਼ੀ ਪਾਈਆਂ ਹਨ। ਇਨ੍ਹਾਂ ਸਮੁੱਚੀਆਂ ਰਚਨਾਵਾਂ ਵਿੱਚੋਂ ਉਨ੍ਹਾਂ ਵਲੋਂ ਵਿਲੱਖਣ ਵਿਧੀ ਨਾਲ ਲਿਖੇ ਨਾਵਲ ਵੀ ਹਨ। ਲੇਖਕ ਨੇ ਪੰਜਾਬੀ ਸਾਹਿਤ ਵਿੱਚ ਤਿੰਨ ਨਾਵਲਾਂ ਦਾ ਯੋਗਦਾਨ ਪਾਇਆ ਹੈ। ਉਸ ਦਾ ਪਹਿਲਾ ਨਾਵਲ “ਨਿਰਵਾਣ”, ਦੂਜਾ ਨਾਵਲ “ਸਹਜ ਗੁਫਾ ਮਹਿ ਆਸਣ” ਅਤੇ ਤੀਜਾ ਨਾਵਲ “ਮਨੁ ਪੰਖੀ ਭਇਓ” ਹੈ।


ਉਸ ਦਾ ਇਹ ਨਵਾਂ ਨਾਵਲ ਮੇਰੀ ਮੇਜ਼ ’ਤੇ ਪਿਆ ਹੈ, ਉਸ ਵਿੱਚੋਂ ਲੰਘਦੇ ਹੋਏ, ਸ਼ਬਦ ਮੇਰੀਆਂ ਅੱਖਾਂ ਵਿੱਚੋਂ ਦੀ ਲੰਘ ਕੇ, ਕੁਝ ਹੱਦ ਤੱਕ ਆਪਣੇ ਅਰਥ ਸਮਝਾਉਂਦੇ ਹੋਏ, ਮੇਰੇ ਮਨ ਦਾ ਹਿੱਸਾ ਬਣ ਗਏ ਹਨ, ਜਿੱਥੇ ਇਨ੍ਹਾਂ ਨੇ ਮੇਰੀ ਸਮਝ ਨਾਲ ਗੱਲਬਾਤ ਕੀਤੀ ਹੈ, ਉੱਥੇ ਜਿਹੜੀ ਮੇਰੀ ਸਮਝ ਵਿੱਚ ਇਨ੍ਹਾਂ ਰਾਹੀਂ ਹਲਚਲ ਪੈਦਾ ਹੋ ਰਹੀ ਹੈ। ਇਹ ਨਾਵਲ ਨਿਵੇਕਲੀ ਕਿਸਮ ਦਾ ਪ੍ਰਭਾਵ ਦਿੰਦਾ ਹੈ, ਜਿਸ ਵਿਚ ਨਾਵਲ ਦੇ ਰੂਪਕ ਤੱਤ ਦੇ ਨਾਲ-ਨਾਲ ਵਿਸ਼ਾ ਵਸਤੂ ਵਿੱਚ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਤੱਤ, ਜਿਹੜੇ ਵੱਖ-ਵੱਖ ਰੰਗ ਪੇਸ਼ ਕਰਦੇ ਹਨ, ਸ਼ਾਮਲ ਕੀਤੇ ਗਏ ਹਨ। ਨਾਵਲ ਵਿੱਚ ਇਤਿਹਾਸਕ ਅਤੇ ਸੱਭਿਆਚਾਰਕ ਪੱਖਾਂ ਨੂੰ ਬਹੁਤ ਹੀ ਵਿਸਥਾਰ ਅਤੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚੋਂ ਉਸ ਸਮੇਂ ਦੇ ਸਮਾਜ ਦੀ ਝਲਕ ਪੈਂਦੀ ਹੈ। ਲੇਖਕ ਨੇ ਗੁਰਬਾਣੀ ਵਿੱਚ ਕੀਰਤਨ ਦੀ ਅਹਿਮੀਅਤ ਨੂੰ ਹਿੱਸਾ ਬਣਾਉਂਦਿਆਂ ਇਸ ਵਿੱਚ ਸੰਗੀਤ ਦੀ ਮਹੱਤਤਾ ਨੂੰ ਪੇਸ਼ ਕੀਤਾ ਹੈ। ਜਿਸ ਤਰੀਕੇ ਨਾਲ ਨਾਵਲ ਦੇ ਪਾਤਰਾਂ ਰਾਹੀਂ ਸੰਗੀਤ ਦੀਆਂ ਪੇਚੀਦਗੀਆਂ ਨੂੰ ਲੇਖਕ ਨੇ ਪਾਠਕਾਂ ਤੱਕ ਪਹੁੰਚਾਇਆ ਹੈ।
ਇਹ ਨਾਵਲ ਵਰਗੀ ਵਿਧਾ ਵਿੱਚ ਇੱਕ ਨਿਵੇਕਲਾ ਉੱਦਮ ਹੈ, ਇਸ ਲਈ ਲੇਖਕ ਦੀ ਸੰਗੀਤ ਦੀ ਗੂੜ੍ਹੀ ਸਮਝ ਅਤੇ ਇਸ ਨੂੰ ਬੜੀ ਤੀਬਰਤਾ ਨਾਲ ਸੰਭਾਲਣ ਦੀ ਸਮਰੱਥਾ ਸਪੱਸ਼ਟ ਝਲਕਦੀ ਹੈ। ਇਹ ਨਾਵਲ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨਾਵਲ ਦਾ ਸਰਵਰਕ: ਸਵਰਨਜੀਤ ਸਵੀ ਅਤੇ ਚਿੱਤਰਕਾਰ ਸਿਧਾਰਥ ਨੇ ਤਿਆਰ ਕੀਤਾ ਹੈ। ਇਸ ਨਾਵਲ ਨੂੰ ੩੨੦ ਸਫ਼ਿਆ ਵਿੱਚ ਸਮੇਟਿਆ ਗਿਆ ਹੈ। ਇਸ ਨਾਵਲ ਵਿਚ ਜਿਸ ਤਰ੍ਹਾਂ ਪਾਤਰਾਂ, ਭਾਸ਼ਾ ਅਤੇ ਦ੍ਰਿਸ਼ਾਂ ਰਾਹੀਂ ਰਚਨਾ ਨੂੰ ਜੀਵੰਤ ਕੀਤਾ ਗਿਆ ਹੈ, ਉਸ ਤੋਂ ਇੰਜ ਜਾਪਦਾ ਹੈ ਜਿਵੇਂ ਅਸੀਂ ਪਾਤਰਾਂ ਬੋਧਾ, ਪਾਰਸ, ਜਖਮੀ, ਹੀਰਾ, ਭਾਗ ਸਿੰਘ, ਰਸ਼ੀਦ, ਕੰਮੋ ਅਤੇ ਤਰਨੁਮ ਦੇ ਨਾਲ-ਨਾਲ ਉਸ ਸਮੇਂ ਦੀ ਜ਼ਿੰਦਗੀ ਦਾ ਸਫ਼ਰ ਕਰ ਰਹੇ ਹੋਈਏ। ਇਹ ਸਾਰੇ ਪਾਤਰ ਸਾਡੇ ਆਲੇ-ਦੁਆਲੇ ਇਸ ਤਰ੍ਹਾਂ ਘੁੰਮਦੇ ਫਿਰਦੇ ਜਾਪਦੇ ਹਨ ਜਿਵੇਂ ਇਹ ਸਾਡੇ ਆਪਣੇ ਹੋਣ।
ਇਸ ਨਾਵਲ ਦੀ ਪੇਸ਼ਕਾਰੀ ਵਿੱਚ ਨਾਵਲ ਨੂੰ ਜਿਸ ਤਰ੍ਹਾਂ ਵੰਡਿਆ ਗਿਆ ਹੈ ਅਤੇ ਉਸ ਦੇ ਹਰ ਹਿੱਸੇ ਨੂੰ ਗੁਰਬਾਣੀ ਅਤੇ ਸ਼ਾਇਰੀ ਦੇ ਟੁਕੜਿਆਂ ਨਾਲ ਜੋੜਿਆ ਗਿਆ ਹੈ। ਭਾਵੇਂ ਆਮ ਪਾਠਕ ਨੂੰ ਸੁਰੂ ਵਿੱਚ ਇਸ ਨਾਵਲ ਰਾਹੀਂ ਗੁਰਬਾਣੀ ਅਤੇ ਕਾਵਿ ਨੂੰ ਸਮਝਣਾ ਔਖਾ ਜਾਪਦਾ ਹੋਵੇਗਾ, ਪਰ ਜਿਸ ਤਰ੍ਹਾਂ ਲੇਖਕ ਨੇ ਇਸ ਸਭ ਨੂੰ ਨਾਵਲ ਵਿੱਚ ਘਟਨਾ ਦੇ ਵਿਸਥਾਰ ਅਨੁਸਾਰ ਪੇਸ਼ ਕੀਤਾ ਹੈ। ਇਸ ਨਾਲ ਨਾਵਲ ਦੇ ਹਰ ਹਿੱਸੇ ਦਾ ਅਰਥ ਪਾਠਕ ਨੂੰ ਹੋਰ ਵੀ ਸਪਸ਼ਟ ਹੁੰਦਾ ਜਾਪਦਾ ਹੈ। ਗੁਰਬਾਣੀ ਅਤੇ ਸ਼ਾਇਰੀ ਦੀ ਵਰਤੋਂ ਸੁਭਾਵਿਕ ਲੱਗਦੀ ਹੈ। ਪਰ ਜਦੋਂ ਪਾਠਕ ਨਾਵਲ ਨੂੰ ਦੋ-ਤਿੰਨ ਵਾਰ ਪੜ੍ਹੇਗਾ ਤਾਂ ਸੁਭਾਵਿਕ ਹੈ ਕਿ ਗੁਰਬਾਣੀ ਅਤੇ ਸ਼ਾਇਰੀ ਪਾਠਕ ਦੀ ਸੋਚ ਦਾ ਹਿੱਸਾ ਬਣ ਜਾਵੇ। ਇਸ ਤਰ੍ਹਾਂ ਨਾਵਲ ਦੇ ਨਾਲ ਨਾਲ ਪਾਠਕ ਗੁਰਬਾਣੀ ਦੀ ਮਹਿਮਾ ਦਾ ਆਨੰਦ ਮਾਣੇਗਾ। ਇਸ ਨਾਵਲ ਵਿਚ ਉਸ ਸਮੇਂ ਦੀ ਭਾਸ਼ਾ ਵਰਤੀ ਗਈ ਸੀ, ਜਿਸ ਵਿਚ ਅਰਬੀ, ਫ਼ਾਰਸੀ ਅਤੇ ਤੁਰਕੀ ਦੇ ਬਹੁਤ ਸਾਰੇ ਸ਼ਬਦ ਅਤੇ ਮੁਹਾਵਰੇ ਵਰਤੇ ਗਏ ਹਨ, ਕਿਉਂਕਿ ਇਹ ਸ਼ਬਦ ਉਸ ਸਮੇਂ ਸਾਂਝੇ ਸਭਿਆਚਾਰ ਦੀ ਆਮ ਭਾਸ਼ਾ ਦਾ ਹਿੱਸਾ ਸਨ।
ਅੱਜ ਦੇ ਆਮ ਪਾਠਕ ਨੂੰ ਅਜਿਹੇ ਸ਼ਬਦਾਂ ਨੂੰ ਸਮਝਣਾ ਔਖਾ ਹੋ ਸਕਦਾ ਹੈ, ਇਸ ਨਾਵਲ ਵਿੱਚ ਇਤਿਹਾਸਕ ਤੱਤਾਂ ਨੂੰ ਬਹੁਤ ਹੀ ਸਰਲ ਢੰਗ ਨਾਲ, ਬਿਨ੍ਹਾਂ ਪੱਖਪਾਤ ਤੋਂ ਸਿਰਜਿਆ ਮਹਿਸੂਸ ਹੁੰਦਾ ਹੈ, ਜਿਸ ਨਾਲ ਪਾਠਕ ਦੀ ਵੰਡ ਤੋਂ ਪਹਿਲਾਂ ਦੇ ਸਮਾਜ ਤੇ ਵੰਡ ਦੀ ਤ੍ਰਾਸਦੀ ਨੂੰ ਸਮਝਣ ਦਾ ਮੌਕਾ ਮਿਲੇਗਾ। ਹਾਲਾਂਕਿ ਮੁੱਖ ਪਾਤਰ ਬੋਧਾ ਨੂੰ ਅਖੌਤੀ ਹੇਠਲੇ ਵਰਣ ਨਾਲ ਸਬੰਧਤ ਦਿਖਾਇਆ ਗਿਆ ਹੈ, ਜਿਸ ਦੇ ਨਾਲ-ਨਾਲ ਇੱਕ ਮਨੁੱਖ ਦਾ ਮਨੁੱਖੀ ਵਿਕਾਸ ਉਸ ਦੇ ਆਲੇ ਦੁਆਲੇ ਦੇ ਵਾਤਾਵਰਨ ਤੋਂ ਪ੍ਰਾਪਤ ਹੋਏ, ਪ੍ਰਭਾਵਾਂ ਕਾਰਨ ਹੋਇਆ ਦਿਖਾਇਆ ਗਿਆ ਹੈ। ਇਹ ਪ੍ਰਭਾਵ ਬੋਧ ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਆਲੇ-ਦੁਆਲੇ ਦੇ ਉਨ੍ਹਾਂ ਪਾਤਰਾਂ ਰਾਹੀਂ ਉਸ ਵਿੱਚ ਵਿਸਤਾਰ ਹੁੰਦਾ ਦਿਖਾਇਆ ਗਿਆ ਹੈ, ਜਿਹੜੇ ਪਹਿਲਾਂ ਹੀ ਅਜਿਹੀ ਸਮੇਂ ਦੀ ਸੋਚ ਦੇ ਪ੍ਰਭਾਵ ਤੇ ਅਨੁਭਵ ਨੂੰ ਹਿੱਸਾ ਬਣਾ ਚੁੱਕੇ ਹਨ ਅਤੇ ਇਸ ਨੂੰ ਅੱਗੇ ਵੰਡਣ ਦਾ ਕੰਮ ਕਰ ਰਹੇ ਹਨ।
ਅੰਤ ਵਿਚ ਨਾਵਲ ਦੇ ਮੁੱਖ ਪਾਤਰ ਦੀ ਔਰਤ ਅਤੇ ਮੁੱਖ ਪਾਤਰ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਉਹ ਧਰਮ ਅਤੇ ਜਾਤ ਤੋਂ ਪਰੇ ਜਾ ਕੇ ਸਮੇਂ ਦੇ ਅਨੁਕੂਲ ਬਣੀ ਉਨ੍ਹਾਂ ਹਲਾਤਾਂ ਦੀ ਦੇਣ ਦਿਖਾਇਆ ਗਿਆ ਹੈ। ਨਾਵਲ ਦੇ ਅਖੀਰ ਵਿੱਚ ਬਹੁਤ ਹੀ ਦਰਦਨਾਕ ਤਸਵੀਰ ਪੇਸ਼ ਕੀਤੀ ਗਈ ਹੈ; ਅੰਤ ਵਿੱਚ, ਇਸ ਨਾਵਲ ਨੂੰ ਇੱਕ ਦੁਖਦਾਈ ਰਚਨਾ ਵਜੋਂ ਪੇਸ਼ ਕੀਤਾ ਗਿਆ ਹੈ। ਡਾਕਟਰ ਮਨਮੋਹਨ ਨੇ ਇਸ ਨਾਵਲ ਨੂੰ ਸਿਰਜਣ ਵਿਚ ਜਿੰਨੀ ਮਿਹਨਤ ਅਤੇ ਤਜ਼ਰਬਾ ਲਾਇਆ ਹੈ, ਆਸ ਹੈ ਕਿ ਭਵਿੱਖ ਵਿਚ ਇਸ ਨਾਵਲ ਨੂੰ ਦਸਤਾਵੇਜ਼ ਵਜੋਂ ਲਿਆ ਜਾਵੇਗਾ। ਕਿਉਂਕਿ ਸਾਹਿਤ ਵੀ ਇਤਿਹਾਸਕ ਪਹਿਲੂਆਂ ਨੂੰ ਪੇਸ਼ ਕਰਦਾ ਹੈ, ਜਿਵੇਂ ਕਿ ਇਸ ਨਾਵਲ ਵਿੱਚ ਪੇਸ਼ ਕੀਤਾ ਗਿਆ ਹੈ, ਇਸ ਲਈ ਡਾਕਟਰ ਮਨਮੋਹਨ ਦੀ ਕਲਮ ਨੂੰ ਬਹੁਤ-ਬਹੁਤ ਵਧਾਈਆਂ।
ਡਾ. ਮੋਹਨ ਬੇਗੋਵਾਲ਼, ਪ੍ਰੋਫੈਸਰ ਤੇ ਹੈੱਡ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੀ ਫੇਸਬੁੱਕ ਤੋਂ ਧੰਨਵਾਦ ਸਹਿਤ।

