www.sursaanjh.com > ਚੰਡੀਗੜ੍ਹ/ਹਰਿਆਣਾ > ਅਜੇ ਵੀ ਪਹਾੜੀ ਖੇਤਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ – ਚੌਧਰੀ ਸ਼ਿਆਮ ਲਾਲ ਮਾਜਰੀਆਂ

ਅਜੇ ਵੀ ਪਹਾੜੀ ਖੇਤਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ – ਚੌਧਰੀ ਸ਼ਿਆਮ ਲਾਲ ਮਾਜਰੀਆਂ

ਚੰਡੀਗੜ੍ਹ 8 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇੰਝ ਲੱਗਦਾ ਹੈ ਕਿ ਸਾਡੇ ਲੋਕ ਅੱਜ ਵੀ ਸੰਨ ਸੰਤਾਲੀ ਤੋਂ ਪਹਿਲਾਂ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ, ਕਿਉਂਕਿ ਪਹਾੜੀ ਖੇਤਰ ਦੇ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਜ਼ਰਾ ਜਿਹਾ ਮੀਂਹ ਪੈਣ ਤੇ ਪਹਾੜੀ ਪਿੰਡਾਂ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਣ ਦਾ ਮੁੱਦਾ ਉਠਾਇਆ। ਉਨਾਂ ਦੱਸਿਆ ਕਿ ਉਨ੍ਹਾਂ ਦਾ ਪਿੰਡ ਵੀ ਇਨ੍ਹਾਂ ਪਹਾੜੀ ਖੇਤਰ ਦੇ ਪਿੰਡਾਂ ਵਿੱਚ ਪੈਦਾ ਹੈ, ਪਰ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਆਪਣੇ ਪਿੰਡਾਂ ਦਾ ਹਾਲ ਅੱਜ ਵੀ ਸੰਨ ਸੰਤਾਲੀ ਵਾਲੇ ਸਮੇਂ ਵਾਂਗ ਹੀ ਦੇਖਦੇ ਹਾਂ। ਕਿਉਂਕਿ ਅੱਜ ਵੀ ਇਨ੍ਹਾਂ ਪਿੰਡਾਂ ਨੂੰ ਕੋਈ ਬੱਸ ਸੇਵਾ ਨਹੀਂ, ਬੱਚੇ ਸਕੂਲ ਪੈਦਲ ਚੱਲ ਕੇ ਆਸ-ਪਾਸ ਦੇ ਪਿੰਡਾਂ ਵਿੱਚ ਪੜ੍ਹਨ ਲਈ ਆਉਂਦੇ ਹਨ। ਸਭ ਤੋਂ ਵੱਡੀ ਸਮੱਸਿਆ ਕੋਈ ਫੋਨ ਨੈਟਵਰਕ ਨਹੀਂ, ਜਦੋਂ ਉਹ ਆਪਣੇ ਪਿੰਡ ਤੋਂ ਨਿਊ ਚੰਡੀਗੜ੍ਹ ਵਾਲੇ ਪਾਸੇ ਆਉਂਦੇ ਹਨ ਤਾਂ ਸਾਕ-ਸਬੰਧੀ ਅਤੇ ਕਿੱਤੇ ਨਾਲ ਸਬੰਧਤ ਗੱਲਬਾਤ ਫੋਨ ਤੋਂ ਹੋ ਜਾਦੀ ਹੈ, ਪਰ ਆਪਣੇ ਪਿੰਡਾਂ ਵਿਚ ਵੜਦਿਆਂ ਹੀ ਸਾਰਿਆਂ ਤੋਂ ਸੰਪਰਕ ਟੁੱਟ ਜਾਂਦਾ ਹੈ। ਅੱਜ ਤੱਕ ਕੋਈ ਵੀ ਟਾਵਰ ਇਨ੍ਹਾਂ ਪਿੰਡਾਂ ਵਿੱਚ ਸਥਾਪਤ ਨਹੀਂ ਕੀਤਾ ਗਿਆ। ਸਿਹਤ ਸਹੂਲਤਾਂ ਦਾ ਵੀ ਏਹੀ ਹਾਲ ਹੈ। ਕਹਿਣ ਨੂੰ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਕਲੀਨਿਕ ਕਾਇਮ ਕੀਤੇ ਗਏ ਹਨ, ਪਰ ਜਿਨ੍ਹਾਂ ਪਿੰਡਾਂ ਵਿੱਚ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ, ਓਥੋਂ ਦੇ ਲੋਕ ਸਿਹਤ ਸਹੂਲਤਾਂ ਲਈ ਹੋਰਨਾਂ ਪਿੰਡਾਂ ਤੇ ਨਿਰਭਰ ਹਨ।
ਉਨਾਂ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਇੱਕ ਰੋਡ ਬੱਦੀ ਨਾਲਾਗੜ੍ਹ ਹਿਮਾਚਲ ਹਰਿਆਣਾ ਅਤੇ ਪੰਜਾਬ ਦੀਆਂ ਹੱਦਾਂ ਨੂੰ ਜੋੜਦਾ ਹੈ, ਜਿਸ ਨੂੰ ਅਜੇ ਤੱਕ ਸੁਚਾਰੂ ਢੰਗ ਨਾਲ ਚੱਲਦਾ ਹੀ ਨਹੀਂ ਕੀਤਾ ਗਿਆ। ਇਸ ਰੋਡ ਤੇ ਲੱਗਣ ਵਾਲੇ ਪੁਲ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ। ਬਰਸਾਤ ਦੇ ਮੌਸਮ ਵਿੱਚ ਜਿੱਥੇ ਲੋਕਾਂ ਦੀ ਹਾਲਤ ਤਰਸਯੋਗ ਅਤੇ ਨਾ ਬਿਆਨ ਕਰਨਯੋਗ ਹੁੰਦੀ ਹੈ, ਓਥੇ ਹੀ ਬਰਸਾਤੀ ਪਾਣੀ ਹਰੇਕ ਸਾਲ ਪੁਰਾਣੀਆਂ ਬਣੀਆਂ ਸੜਕਾਂ ਨੂੰ ਵੀ ਹੜ੍ਹਾ ਕੇ ਲੈ ਜਾਂਦਾ ਹੈ। ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਟੁੱਟਣ ਅਤੇ ਨਦੀਆਂ ਵਿਚ ਪਾਣੀ ਆਉਣ ਕਾਰਨ ਕਈ ਵਾਰ ਦੂਜੇ ਪਿੰਡਾਂ ਵਿੱਚ ਰਾਤ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਦੱਸਿਆ ਕਿ ਕਹਿਣ ਨੂੰ ਨਿਊ ਚੰਡੀਗੜ੍ਹ ਦੇ ਵਾਸੀ ਹਾਂ ਪਰ ਹਾਲਾਤ ਅੱਜ ਵੀ ਪੁਰਾਣੇ ਪਿੰਡਾਂ ਵਾਲੇ ਹੀ ਹਨ। ਉਨਾਂ ਦੱਸਿਆ ਕਿ ਇਨ੍ਹਾਂ ਮਸਲਿਆਂ ਸਬੰਧੀ ਹਰ ਇੱਕ ਪਿੰਡ ਦੀ ਪੰਚਾਇਤ ਵੱਲੋਂ ਸਬੰਧਤ ਮਹਿਕਮਿਆਂ ਨੂੰ ਸਮੇਂ ਸਮੇਂ ਤੇ ਜਾਣੂੰ ਕਰਵਾਇਆ ਜਾਂਦਾ ਹੈ ਪਰ ਮਸਲੇ ਓਥੇ ਦੇ ਓਥੇ ਹੀ ਹਨ, ਹਾਂ ਵੋਟਾਂ ਵੇਲੇ ਇਨ੍ਹਾਂ ਪਿੰਡਾਂ ਵੱਲ ਵਹੀਰਾਂ ਘੱਤ ਕੇ ਲੀਡਰ ਜ਼ਰੂਰ ਪੁੱਜ ਜਾਂਦੇ ਹਨ, ਜਿਥੇ ਮੌਜੂਦਾ ਸਰਕਾਰ ਹਲਕਾ ਖਰੜ ਦੇ ਕੀਤੇ ਵਧੀਆ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ, ਉਹ ਵਿਕਾਸ ਸਿਰਫ਼ ਕਾਗਜ਼ਾਂ ਤੱਕ ਜਾ ਉਨਾਂ ਦੇ ਵਰਕਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਪਹਾੜੀ ਖੇਤਰ ਦੇ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਅਕਾਲੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *