ਅਧਿਆਪਨ ਖੇਤਰ ਵਧੀਆ ਪਲੇਟਫਾਰਮ: ਰਾਜਨ ਸ਼ਰਮਾ
ਚੰਡੀਗੜ੍ਹ 4 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


”ਅਧਿਆਪਨ ਖੇਤਰ ਰੋਜ਼ੀ-ਰੋਟੀ ਦੇ ਨਾਲ਼ ਨਾਲ਼ ਅਪਣੇ ਆਪ ਨੂੰ ਨਿਖਾਰਣ ਦਾ ਇੱਕ ਵਧੀਆ ਪਲੇਟ ਫਾਰਮ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਅਧਿਆਪਕ ਦਿਵਸ ਮੌਕੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦਾ ਗੁਰੂਕੁਲ ਵਿਦਿਆਲਯ ਦੇ ਸਮੇਂ ਤੋਂ ਹੀ ਬਹੁਤ ਸਤਿਕਾਰ ਹੈ। ਇਸ ਲਈ ਸਾਨੂੰ, ਵਿਦਿਆਰਥੀ ਵਰਗ ਨੂੰ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ, ਜਿਵੇ ਭਗਵਾਨ ਸ਼੍ਰੀ ਰਾਮ ਚੰਦਰ ਨੂੰ ਯੁਵਰਾਜ ਹੁੰਦੇ ਹੋਏ ਵੀ ਗੁਰੂਜਨਾਂ ਵੱਲੋਂ ਹਰ ਤਰਾਂ ਦੇ ਹਾਲਾਤਾਂ ਨੂੰ ਮੁੱਖ ਰਖਦੇ ਹੋਏ ਸਿੱਖਿਆ ਦਿੱਤੀ ਗਈ। ਰਾਜਨ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਸ਼ੇ ਮੁਤਾਬਕ ਗਤੀਵਿਧੀ ਆਧਾਰਤ ਜੋ ਸਿੱਖਿਆ ਦਿਤੀ ਜਾ ਰਹੀ ਹੈ, ਉਸ ਦੇ ਨਤੀਜੇ ਵਧੀਆਂ ਆ ਰਹੇ ਹਨ, ਕਿਉਂਕਿ ਇਸ ਤਰ੍ਹਾਂ ਦੀ ਸਿੱਖਿਆ ਦਾ ਵਿਦਿਆਰਥੀ ‘ਤੇ ਕਾਫੀ ਅਸਰ ਪੈਂਦਾ ਹੈ।
ਰਾਜਨ ਸ਼ਰਮਾ ਨੇ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਜ਼ਿੰਦਗੀ ਦੇ ਅੰਤ ਤੱਕ ਦਾ ਹੁੰਦਾ ਹੈ, ਕਿਉਂਕਿ ਅਧਿਆਪਕ ਵੀ ਕਿਸੇ ਦਾ ਵਿਦਿਆਰਥੀ ਰਿਹਾ ਹੁੰਦਾ ਹੈ। ਸਾਨੂੰ ਅਧਿਆਪਕਾਂ ਨੂੰ ਜਿੱਥੇ ਅਪਣੇ ਅਧਿਕਾਰਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਉੱਥੇ ਕਰੱਤਵਾਂ ਦੀ ਪਾਲਣਾ ਵੀ ਬੇਹਤਰ ਢੰਗ ਨਾਲ ਕਰਨੀ ਜ਼ਰੂਰੀ ਹੈ।

