www.sursaanjh.com > ਅੰਤਰਰਾਸ਼ਟਰੀ > ਅਨਪੜ੍ਹਤਾ ਤੇ ਬੇਰੋਜ਼ਗਾਰੀ, ਨਸ਼ਿਆ ਦਾ ਵਧਣਾ ਵੱਡਾ ਕਾਰਨ: ਪਹਿਲਵਾਨ ਰਵੀ ਸ਼ਰਮਾ

ਅਨਪੜ੍ਹਤਾ ਤੇ ਬੇਰੋਜ਼ਗਾਰੀ, ਨਸ਼ਿਆ ਦਾ ਵਧਣਾ ਵੱਡਾ ਕਾਰਨ: ਪਹਿਲਵਾਨ ਰਵੀ ਸ਼ਰਮਾ

ਚੰਡੀਗੜ੍ਹ  5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਾਡੇ ਦੇਸ਼ ਵਿੱਚ ਨਸ਼ਿਆਂ ਦਾ ਸੱਪ  ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਲੈ ਰਿਹਾ, ਖਾਸ ਕਰਕੇ ਪੰਜਾਬ ਵਰਗੇ ਸੋਹਣੇ ਤੇ ਖੂਬਸੂਰਤ ਸੂਬੇ ਨੂੰ ਨਸ਼ਿਆਂ ਦਾ ਕਲੰਕ ਲੱਗਿਆ ਹੋਇਆ ਹੈ। ਨਸ਼ਿਆਂ ਦਾ ਵੱਧਣਾ ਅਨਪੜ੍ਹਤਾ ਅਤੇ ਬੇਰੋਜ਼ਗਾਰੀ ਵੱਡਾ ਕਾਰਨ ਹਨ। ਉਪਰੋਕਤ  ਸ਼ਬਦਾਂ ਦਾ ਪ੍ਰਗਟਾਵਾ ਮੁੱਲਾਪੁਰ ਗਰੀਬਦਾਸ ਦੇ ਉਘੇ ਸਮਾਜਸੇਵੀ,  ਦਾਸ ਐਸੋਸੀਏਟ ਦੇ ਸੰਚਾਲਕ ਪਹਿਲਵਾਨ ਰਵੀ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਰਾਹੀਂ ਕਰਦਿਆ ਕੀਤਾ ਹੈ।
ਪਹਿਲਵਾਨ ਰਵੀ ਸ਼ਰਮਾ ਨੇ ਕਿਹਾ ਕਿ ਬੇਸ਼ਕ  ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਨ ਪਰ ਨਸ਼ਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਵਿੱਚ ਨਾਕਾਮ ਹੀ ਰਹੀਆਂ ਹਨ। ਇਹਨਾਂ ਕਿਹਾ ਕਿ ਅਨਪੜ੍ਹਤਾ ਅਤੇ ਬੇਰੋਜ਼ਗਾਰੀ ਕਰਕੇ ਪਰੇਸ਼ਾਨੀ ਦੇ ਚਲਦਿਆਂ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ, ਜਦਕਿ ਸਾਡੇ ਦੇਸ਼ ਵਿੱਚ ਸਰਕਾਰ ਦੇ ਮੁੱਖ ਕੰਮ ਸਿਹਤ ਸਹੂਲਤਾਂ, ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੋਣਾ ਚਾਹੀਦਾ ਹੈ। ਪਹਿਲਵਾਨ ਨੇ ਨਾਲ ਹੀ ਕਿਹਾ ਕਿ   ਇਹ ਵੀ ਨਹੀਂ ਹੈ ਕਿ ਅਸੀਂ ਸਿਰਫ਼  ਸਰਕਾਰਾਂ ਨੂੰ ਹੀ ਦੋਸ਼ ਦਈ  ਜਾਈਏ, ਇਸ ਦੇ ਵਿੱਚ ਆਮ ਲੋਕਾਂ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਹਨ।
ਪਹਿਲਵਾਨ ਰਵੀ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੀਆਂ ਸਹੂਲਤਾਂ ਬਾਰੇ ਜਰੂਰ ਜਾਣਕਾਰੀ ਹੁੰਦੀ ਹੈ ਕਿ ਸਰਕਾਰ ਸਾਨੂੰ ਕੀ ਕੀ ਦੇ ਸਕਦੀ ਹੈ, ਪਰ ਅਸੀਂ ਭੁੱਲ ਜਾਦੇ ਹਾਂ ਕਿ ਸੰਸਾਰ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਕੀ ਕੀ ਹਨ? ਇਹਨਾਂ ਕਿਹਾ ਕਿ ਬੱਚਿਆਂ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਪੜ੍ਹਾਈ ਸਭ ਤੋਂ ਜ਼ਰੂਰੀ ਹੈ, ਉਸ ਦੇ ਨਾਲ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਜ਼ਰੂਰੀ ਹਨ। ਪਰਿਵਾਰ ਸਮੇਤ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲੇ ਰਵੀ ਸ਼ਰਮਾ ਨੇ ਦਾਅਵੇ ਨਾਲ ਕਿਹਾ ਕਿ ਸਾਡੀ ਤਾਂ ਕੋਸ਼ਿਸ਼ ਹੈ ਕਿ ਨੌਜਵਾਨ ਜਿੱਥੇ ਨਸ਼ਿਆਂ ਤੋਂ ਬਚ ਸਕਣ, ਉੱਥੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਕਿਉਂਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਬਹੁਤੇ ਲੋਕ ਆਪ ਤਾਂ ਜਿੰਦਗੀ ਵਿੱਚ ਤਰੱਕੀਆਂ ਦਾ ਅਸਮਾਨ ਛੂ ਜਾਂਦੇ ਹਨ, ਪਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਦਦ ਨਹੀਂ ਕਰਦੇ, ਜਦਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਜੇਕਰ ਤੁਸੀਂ ਸੁਖਾਲੇ ਹੋ ਤਾਂ ਆਪਣੇ ਪਰਿਵਾਰਿਕ ਮੈਂਬਰਾਂ , ਰਿਸ਼ਤੇਦਾਰਾਂ ਤੇ ਯਾਰ ਮਿੱਤਰਾਂ ਦੀ ਮਦਦ ਜ਼ਰੂਰ ਕਰੋ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਤੁਹਾਡੀ ਥੋੜ੍ਹੀ ਜਿਹੀ ਮਦਦ ਨਾਲ ਹੀ ਉਹ ਵਿਅਕਤੀ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਹੈ। ਇਹਨਾਂ  ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਐਨਆਰਆਈਜ਼ ਵੀਰਾਂ ਨੂੰ ਵੀ ਬੇਰੁਜ਼ਗਾਰੀ ਤੇ ਖੇਡਾਂ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ ਤਾਂ ਜੋ ਖਾਸ ਕਰ ਪੰਜਾਬ ਦਾ ਨੌਜਵਾਨ ਨਸ਼ਿਆਂ ਵਰਗੀ ਭੈੜੀ ਬਿਮਾਰੀ ਤੋਂ ਛੁਟਕਾਰਾ ਪਾ ਸਕੇ ਅਤੇ ਸਮਾਜ ਵਿੱਚ ਇੱਜ਼ਤ ਵਾਲਾ ਜੀਵਨ ਬਤੀਤ ਕਰ ਸਕੇ।

Leave a Reply

Your email address will not be published. Required fields are marked *