www.sursaanjh.com > ਚੰਡੀਗੜ੍ਹ/ਹਰਿਆਣਾ > ਅਵਾਰਾ ਪਸ਼ੂ ਦੀ ਝਪੇਟ ਵਿੱਚ ਆ ਕੇ ਪਿੰਡ ਭੜੌਂਜੀਆ ਦਾ ਸਰਪੰਚ ਜ਼ਖ਼ਮੀ 

ਅਵਾਰਾ ਪਸ਼ੂ ਦੀ ਝਪੇਟ ਵਿੱਚ ਆ ਕੇ ਪਿੰਡ ਭੜੌਂਜੀਆ ਦਾ ਸਰਪੰਚ ਜ਼ਖ਼ਮੀ 

ਅਵਾਰਾ ਪਸ਼ੂ ਦੀ ਝਪੇਟ ਵਿੱਚ ਆ ਕੇ ਪਿੰਡ ਭੜੌਂਜੀਆ ਦਾ ਸਰਪੰਚ ਜ਼ਖ਼ਮੀ 
ਚੰਡੀਗੜ੍ਹ 27 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀ ਪਿੰਡ ਭੜੌਂਜੀਆ ਨਿਊ ਚੰਡੀਗੜ੍ਹ ਦੇ ਸਰਪੰਚ ਰਜਿੰਦਰ ਸਿੰਘ ਇੱਕ ਅਵਾਰਾ ਪਸ਼ੂ ਦੇ ਅਚਾਨਕ ਮੋਟਰਸਾਈਕਲ ਅੱਗੇ ਆ ਜਾਣ ਕਾਰਨ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਨਿਊ ਚੰਡੀਗੜ੍ਹ ਸੁਸਾਇਟੀਆਂ ਦੇ ਵਿੱਚ ਦੁੱਧ ਪਾਉਣ ਲਈ ਜਾ ਰਹੇ ਸਨ ਕਿ ਅਚਾਨਕ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਵਿੱਚੋਂ ਇੱਕ ਪਸ਼ੂ ਉਹਨਾਂ ਦੇ ਮੋਟਰਸਾਈਕਲ ਵਿੱਚ ਆ ਕੇ ਵੱਜਿਆ, ਜਿਸ ਕਾਰਨ ਉਨਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਅਤੇ ਉਨਾਂ ਨੂੰ ਰਾਤ ਨੂੰ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੇੜੇ ਹੀ ਚੰਡੀਗੜ੍ਹ ਹਸਪਤਾਲ ਲੈ ਜਾਣਾ ਪਿਆ ਸੀ।
ਉਹਨਾਂ ਕਿਹਾ ਕਿ ਇਹ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਹਮੇਸ਼ਾ ਸੜਕਾਂ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਸਬੰਧੀ ਅਸੀਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਪੱਤਰ ਵੀ ਦੇ ਚੁੱਕੇ ਹਾਂ, ਪਰ ਇਹਨਾਂ ਅਵਾਰਾ ਪਸ਼ੂਆਂ ਲਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕ ਮਹਿੰਗੀਆਂ ਮਹਿੰਗੀਆਂ ਗਾਵਾਂ ਖਰੀਦ ਤਾਂ ਲੈਂਦੇ ਹਨ ਅਤੇ ਉਹਨਾਂ ਦਾ ਦੁੱਧ ਪੀਣ ਤੋਂ ਉਪਰੰਤ ਜਦੋਂ ਉਹਨਾਂ ਤੋਂ ਦੁੱਧ ਦੀ ਆਸ ਖਤਮ ਹੋ ਜਾਂਦੀ ਹੈ ਤਾਂ ਸੜਕਾਂ ਤੇ ਰੋਲ ਲਈ ਛੱਡ ਦਿੰਦੇ ਹਨ, ਜੋ ਕਿ ਬਹੁਤ ਗਲਤ ਹੈ। ਦੇਸੀ ਗਾਵਾਂ ਨੂੰ ਤਾਂ ਗਊਸ਼ਾਲਾ ਵਾਲੇ ਵੀ ਰੱਖ ਲੈਂਦੇ ਹਨ ਪਰ ਜੋ ਇਹ ਅਮਰੀਕਨ ਗਾਵਾਂ (ਵਿਦੇਸ਼ੀ ਗਾਵਾਂ) ਹੁੰਦੀਆਂ ਹਨ, ਇਹਨਾਂ ਨੂੰ ਗਊਸ਼ਾਲਾ ਵਾਲੇ ਵੀ ਲੈਣ ਤੋਂ ਇਨਕਾਰ ਕਰ ਦਿੰਦੇ ਹਨ।
ਹਲਕਾ ਖਰੜ ਦੀਆਂ ਸੜਕਾਂ ਤੇ ਤੁਸੀਂ ਆਮ ਹੀ ਇਹਨਾਂ ਨੂੰ ਘੁੰਮਦੀਆਂ ਦੇਖ ਸਕਦੇ ਹੋ। ਕਈ ਵਾਰ ਇਨ੍ਹਾਂ ਪਸ਼ੂਆਂ ਕਾਰਨ ਲੋਕਾਂ ਦੀ ਜਾਨ ਤੱਕ ਵੀ ਚਲੇ ਜਾਂਦੀ ਹੈ।ਇਸ ਮੌਕੇ ਮੌਜੂਦ ਇੱਕੋ ਸਿਟੀ 200 ਗਜ਼ ਫਲੈਟ ਦੀ ਐਸੋਸੀਏਸ਼ਨ ਦੇ ਪ੍ਰਧਾਨ ਬਰਵਾਲ ਸਾਹਬ ਨੇ ਵੀ ਦੱਸਿਆ ਕਿ ਨਿਊ ਚੰਡੀਗੜ੍ਹ ਬੇਸ਼ੱਕ ਨਵੀਂ ਸੁਸਾਇਟੀ ਬਣ ਚੁੱਕੀ ਹੈ, ਪਰ ਅਜੇ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਕੁਝ ਕਮੀਆਂ ਇਸ ਵਿੱਚ ਰਹਿੰਦੀਆਂ ਹਨ, ਜਿਸ ਨੂੰ ਪ੍ਰਸ਼ਾਸਨ ਵੱਲੋਂ ਆਪ ਦਰੁਸਤ ਕਰ ਲੈਣਾ ਚਾਹੀਦਾ ਹੈ।
ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਈਕੋ ਸਿਟੀ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਹਨ, ਸੜਕਾਂ ਤੇ ਅਵਾਰਾ ਡੰਗਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਜਿਸ ਸਿੰਘਾਪੁਰ ਦਾ ਸਪਨਾ ਦਿਖਾ ਕੇ ਇਥੇ ਲੋਕਾਂ ਨੂੰ ਵਸਾਇਆ ਗਿਆ ਹੈ, ਉਹ ਸਪਨੇ ਕਿਤੇ ਨਾ ਕਿਤੇ ਅਜੇ ਅਧੂਰੇ ਪਏ ਦਿਸਦੇ ਹਨ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਅਮਰੀਕ ਸਿੰਘ, ਭੁਪਿੰਦਰ ਸਿੰਘ ਪੰਚ, ਦਲਜੀਤ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਕਾਕਾ ਸਿੰਘ ਅਤੇ ਮਲਕੀਅਤ ਸਿੰਘ ਵੱਲੋਂ ਵੀ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਢੁਕਵਾਂ ਪ੍ਰਬੰਧ ਕਰਨ ਲਈ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *