77ਵੇਂ ਆਜ਼ਾਦੀ ਦਿਵਸ ਮੌਕੇ ਬਹੁ-ਪੱਖੀ ਕਲਾਕਾਰ ਰੂਪਿੰਦਰ ਰੂਪੀ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ੳੱਤਮ ਕਾਰਗੁਜ਼ਾਰੀ ਦੇ ਇਵਜ਼ ਵਜੋਂ ਪ੍ਰਮਾਣ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਵੱਲੋਂ ਪ੍ਰਦਾਨ ਕੀਤਾ ਗਿਆ ਇਹ ਸਨਮਾਨ
ਰੁਪਿੰਦਰ ਰੂਪੀ ਨੇ ਫਿਲਮ ਵੀਰ ਜ਼ਾਰਾ, ਲੰਡਨ ਡਰੀਮ, ਸਿੰਘ ਇਜ਼ ਕਿੰਗ, ਦ ਹੀਰੋਜ਼, ਵਾਰਿਸ਼ ਸ਼ਾਹ, ਮਾਈ ਪਿੰਡ ਮਾਈ ਹੋਮ, ਮਜਾਜਣ, ਚੰਨਾ ਸੱਚੀ ਮੁੱਚੀਂ, ਮਹਿੰਦੀ ਵਾਲ਼ੇ ਹੱਥ ਅਤੇ ਪਾਰਟੀਸ਼ਨ ਆਦਿ ਵਿੱਚ ਕੀਤਾ ਕੰਮ


ਵਿੱਤੀ ਕਮਿਸ਼ਨਰ ਸਕੱਤਰੇਤ ਵਿਖੇ ਬਤੌਰ ਸੁਪਰਡੰਟ ਗਰੇਡ-1 ਤੈਨਾਤ ਹਨ ਰੁਪਿੰਦਰ ਰੂਪੀ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ:
77ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਵੱਲੋਂ ਬਹੁ-ਪੱਖੀ ਕਲਾਕਾਰ ਰੂਪਿੰਦਰ ਰੂਪੀ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ੳੱਤਮ ਕਾਰਗੁਜ਼ਾਰੀ ਦੇ ਇਵਜ਼ ਵਜੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪ੍ਰਮਾਣ ਪੱਤਰ ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰੁਪਿੰਦਰ ਰੂਪੀ ਇੱਕੋ ਵੇਲ਼ੇ ਰੰਗਮੰਚ ਕਲਾਕਾਰ, ਲੇਖਕ, ਸ਼ੌਰਟ ਪਲੇਅ ਲੇਖਕ, ਅਦਾਕਾਰ, ਫਿਲਮੀ ਅਦਾਕਾਰ, ਪ੍ਰਬੰਧਕ, ਡਾਇਰੈਕਟਰ, ਸਰਕਾਰੀ ਅਧਿਕਾਰੀ ਤੇ ਹੋਰ ਬਹੁਤ ਕੁਝ ਹੋ ਨਿਬੜਦਾ ਹੈ। ਰੁਪਿੰਦਰ ਰੂਪੀ ਹੱਸਮੁੱਖ, ਮਿਲਾਪੜੇ ਤੇ ਜ਼ਿੰਦਾਦਿਲ ਇਨਸਾਨ ਦੇ ਰੂਪ ਵਿੱਚ ਜਾਣੇ ਜਾਂਦੇ ਹਨ।
ਰੁਪਿੰਦਰ ਰੂਪੀ ਨੇ ਬਹੁਤ ਸਾਰੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਹਿੱਸਾ ਲੈਂਦਿਆਂ ਵੀਰ ਜ਼ਾਰਾ, ਲੰਡਨ ਡਰੀਮ, ਸਿੰਘ ਇਜ਼ ਕਿੰਗ, ਦ ਹੀਰੋਜ਼, ਵਾਰਿਸ਼ ਸ਼ਾਹ, ਮਾਈ ਪਿੰਡ ਮਾਈ ਹੋਮ, ਮਜਾਜਣ, ਚੰਨਾ ਸੱਚੀ ਮੁੱਚੀਂ, ਮਹਿੰਦੀ ਵਾਲ਼ੇ ਹੱਥ ਅਤੇ ਪਾਰਟੀਸ਼ਨ ਆਦਿ ਫਿਲਮਾਂ ਵਿੱਚ ਨਿੱਕੇ ਨਿੱਕੇ ਪਰ ਯਾਦਗਾਰੀ ਰੋਲ ਅਦਾ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ।
ਰੁਪਿੰਦਰ ਰੂਪੀ ਵੱਲੋਂ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲ਼ਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਭਾਰਤ ਦੇ ਬਹੁਤੇ ਸ਼ਹਿਰਾਂ ਵਿੱਚ ਅਨੇਕ ਨਾਟਕਾਂ ਅਤੇ ਭੰਗੜਾ ਟੀਮਾਂ ਵਿੱਚ ਕੰਮ ਕਰਦਿਆਂ ਬੁਲੰਦੀਆਂ ਨੂੰ ਹਾਸਲ ਕੀਤਾ ਹੈ। ਉਨ੍ਹਾਂ ਵੱਖ ਵੱਖ ਅਖ਼ਬਾਰਾਂ/ ਮੈਗਜ਼ੀਨਾਂ ਆਦਿ ਵਿੱਚ ਆਰਟੀਕਲ ਵੀ ਲਿਖੇ ਅਤੇ ਅਨੇਕ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ।
ਰੰਗਮੰਚ ਅਦਾਕਾਰ ਹੋਣ ਦੇ ਨਾਲ਼ ਨਾਲ਼ ਰੁਪਿੰਦਰ ਰੂਪੀ ਇੱਕ ਵਧੀਆ ਪ੍ਰਬੰਧਕ ਵਜੋਂ ਵੀ ਜਾਣੇ ਜਾਂਦੇ ਹਨ। ਉਹ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਅਤੇ ਸੁਰ ਸਾਂਝ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਨ ਤੇ ਜੁਗਨੀ ਸਭਿਆਚਾਰਕ ਅਤੇ ਵੈਲਫੇਅਰ ਆਰਗੇਨਾਈਜੇਸ਼ਨ ਦੇ ਵਿੱਤ ਸਕੱਤਰ ਅਤੇ ਪੰਜਾਬ ਸਕੱਤਰੇਤ ਸਾਹਿਤ ਸਭਾ ਅਤੇ ਫੋਕਲੋਰ ਫੈਡਰੇਸ਼ਨ ਦੇ ਸਰਗਰਮ ਮੈਂਬਰ ਹਨ।

