www.sursaanjh.com > ਸਾਹਿਤ > ਆਪਣੇ ਆਪ ਨੂੰ ਜਾਣਨਾ ਹੀ ਜੀਵਨ ਦਾ ਮਕਸਦ – ਜੇ.ਐਸ.ਮਹਿਰਾ

ਆਪਣੇ ਆਪ ਨੂੰ ਜਾਣਨਾ ਹੀ ਜੀਵਨ ਦਾ ਮਕਸਦ – ਜੇ.ਐਸ.ਮਹਿਰਾ

ਆਪਣੇ ਆਪ ਨੂੰ ਜਾਣਨਾ ਹੀ ਜੀਵਨ ਦਾ ਮਕਸਦ – ਜੇ.ਐਸ.ਮਹਿਰਾ
ਕੁਰਾਲ਼ੀ (ਸੁਰ ਸਾਝ ਡਾਟ ਕਾਮ ਬਿਊਰੋ), 9 ਜੁਲਾਈ:
ਮੈਨੂੰ ਮੇਰੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ “ਜੱਸੀ ਜਗਿਆਸੂ” ਦਾ ਨਾਮ ਦੇ ਦਿੱਤਾ ਹੋਇਆ ਸੀ, ਕਿਉਂਕਿ ਬਚਪਨ ਤੋਂ ਹੀ ਮੇਰੇ ਵਿੱਚ ਹਰ ਚੀਜ਼ ਬਾਰੇ ਜਾਣਨ ਦੀ ਪ੍ਰਬਲ ਇੱਛਾ ਸੀ। 25 ਅਗਸਤ 2008 ਨੂੰ ਜਦੋਂ ਮੈਂ ਆਪਣੇ ਹੀ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਸਿੱਖਿਆ ਵਲੰਟੀਅਰ ਨਿਯੁਕਤ ਹੋਇਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਨਣ ਦੀ ਇੱਛਾ ਪ੍ਰਗਟ ਕੀਤੀ ਤੇ ਇਹ ਸ਼ੁਰੂਆਤ ਆਪਣੀ ਜਨਮ ਮਿਤੀ ਤੋਂ ਕੀਤੀ। ਉਸ ਸਮੇਂ ਅਧਿਆਪਕਾਂ ਦੀ ਬਦਲੀ ਬਹੁਤ ਹੀ ਘੱਟ ਹੁੰਦੀ ਸੀ। ਇਸ ਲਈ ਇਸ ਸਕੂਲ ਵਿੱਚ ਅੱਜ ਵੀ ਉਹੀ ਅਧਿਆਪਕ ਮੌਜੂਦ ਸਨ, ਜਿਹਨਾਂ ਕੋਲ਼ ਮੈਂ ਪੜ੍ਹਿਆ ਸੀ।
ਅਸੀਂ ਪੰਜ ਭੈਣ-ਭਰਾ ਹਾਂ, ਜਿਹਨਾਂ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ। ਸਾਡੀ ਸਾਰਿਆਂ ਦੀ ਜਨਮ ਮਿਤੀ ਅਪ੍ਰੈਲ ਮਹੀਨੇ ਦੀ ਹੀ ਲਿਖੀ ਗਈ ਹੈ। ਇਸ ਦਾ ਕਾਰਨ ਇਹ ਨਹੀਂ ਕਿ ਅਸੀਂ ਸਾਰੇ ਹੀ ਅਪ੍ਰੈਲ ਮਹੀਨੇ ਵਿੱਚ ਪੈਦਾ ਹੋਏ ਸਾਂ ਬਲਕਿ ਕਾਰਨ ਇਹ ਹੈ ਕਿ 31 ਮਾਰਚ ਨੂੰ ਨਤੀਜੇ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਨਵੇਂ ਦਾਖਲੇ ਦੀ ਸ਼ੁਰੂਆਤ ਹੋ ਜਾਂਦੀ ਹੈ। ਅਧਿਆਪਕ ਘਰ-ਘਰ ਜਾ ਕੇ ਬੱਚਿਆਂ ਨੂੰ ਦਾਖਲ ਕਰਦੇ ਤੇ ਉਸ ਸਮੇਂ ਜੋ ਬੱਚਾ ਜਿੰਨੀ ਤਰੀਕ ਨੂੰ ਦਾਖਿਲ ਹੁੰਦਾ ਸੀ, ਉਸ ਦੀ ਜਨਮ ਮਿਤੀ ਉਹੀ ਲਿਖ ਦਿੱਤੀ ਜਾਂਦੀ ਸੀ। ਅਸਲ ਜਨਮ ਮਿਤੀਆਂ ਤਾਂ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦੀਆਂ ਸਨ।
ਉਸ ਸਮੇਂ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਕਰਨ ਦਾ ਅਧਿਕਾਰ ਪਿੰਡ ਦੇ ਚੌਂਕੀਦਾਰ ਕੋਲ ਹੁੰਦਾ ਸੀ। ਉਹ ਵੱਲੋਂ ਮਰਜ਼ੀ, ਰੁੱਤਾਂ, ਤਿਉਹਾਰਾਂ, ਮੌਸਮਾਂ ਜਾਂ ਭੂਤਕਾਲ ਵਿੱਚ ਵਾਪਰੀ ਕਿਸੇ ਅਹਿਮ ਘਟਨਾ ਦੇ ਅਨੁਸਾਰ ਜਨਮ ਮਿਤੀ ਲਿਖ ਦਿੱਤੀ ਜਾਂਦੀ ਸੀ। ਉਦੋਂ ਛੇ ਸਾਲ ਦੇ ਬੱਚੇ ਨੂੰ ਸਕੂਲ ਵਿੱਚ ਦਾਖਲ ਕੀਤਾ ਜਾਂਦਾ ਸੀ ਤੇ ਹਰ ਘਰ ਵਿੱਚ ਕਈ-ਕਈ ਬੱਚੇ ਹੋਣ ਦੇ ਕਾਰਨ ਕਈ ਬੱਚਿਆਂ ਨੂੰ ਚਾਰ ਪੰਜ ਸਾਲ ਦੀ ਉਮਰ ਵਿੱਚ ਹੀ ਸਕੂਲ ਭੇਜ ਦਿੱਤਾ ਜਾਂਦਾ ਸੀ ਤੇ ਉਹਨਾਂ ਦੀ ਜਨਮ ਮਿਤੀ 6 ਸਾਲ ਲਿੱਖ ਦਿੱਤੀ ਜਾਂਦੀ ਸੀ।
ਇਹ ਅਸਲ ਸੱਚਾਈ ਹੈ। ਮੇਰੇ ਪਿੰਡ ਵਿੱਚ ਅਜਿਹੇ ਕਈ ਘਰ ਹਨ, ਜਿਨ੍ਹਾਂ ਵਿੱਚ ਪੈਦਾ ਹੋਏ ਬੱਚਿਆਂ ਦੀ ਜਨਮ ਤਿੱਥੀ ਇੱਕ ਮਹੀਨੇ ਵਿੱਚ ਲਿਖੀ ਗਈ ਹੈ। ਇਹ ਸੱਚਾਈ ਮੈਨੂੰ ਮੇਰੇ ਹੀ ਪ੍ਰਾਇਮਰੀ ਅਧਿਆਪਕ ਦੁਆਰਾ ਦੱਸੀ ਗਈ। ਆਪਣੇ ਮੰਮੀ-ਪਾਪਾ, ਵੱਡੇ ਭੈਣ-ਭਰਾਵਾਂ ਤੇ ਪਿੰਡ ਦੇ ਬਜ਼ੁਰਗ ਲੋਕਾਂ ਅਨੁਸਾਰ ਮੇਰਾ ਜਨਮ ਪੰਜ ਭੀਖਣਾ ਤੋਂ ਇੱਕ ਦੋ ਦਿਨ ਪਹਿਲਾਂ ਕੱਤਕ ਮਹੀਨੇ ਦਾ ਹੈ। ਆਪਣੀ ਜਨਮ ਮਿਤੀ ਸਬੰਧੀ ਜੋ ਤੱਥ ਮੈਂ ਇਕੱਠੇ ਕੀਤੇ, ਉਨ੍ਹਾਂ ਅਨੁਸਾਰ ਮੇਰੀ ਜਨਮ ਮਿਤੀ ਦਸਤਾਵੇਜ਼ਾਂ ਵਿੱਚ ਸ਼ਾਮਲ ਮਿਤੀ ਤੋਂ ਇੱਕ ਦੋ ਸਾਲ ਘੱਟ ਹੈ। 20 ਅਪ੍ਰੈਲ 2010 ਨੂੰ ਆਪਣੀ ਜਨਮ ਮਿਤੀ ਵਾਲੇ ਦਿਨ ਹੀ ਮੈਂ ਸਿੱਖਿਆ ਵਲੰਟੀਅਰ ਤੋਂ ਅਸਤੀਫਾ ਦੇ ਦਿੱਤਾ ਸੀ। ਮੇਰੇ ਅਸਤੀਫਾ ਦੇਣ ਪਿੱਛੇ ਵੀ ਬਹੁਤ ਸਾਰੇ ਵੱਡੇ ਕਾਰਨ ਸਨ ਜੋ ਅਗਲੀ ਵਾਰ ਸਾਂਝਾ ਕਰਾਂਗਾ।

Leave a Reply

Your email address will not be published. Required fields are marked *