Breaking
www.sursaanjh.com > ਚੰਡੀਗੜ੍ਹ/ਹਰਿਆਣਾ > ਆਪ” ਨੂੰ ਪਾਈਆਂ ਵੋਟਾਂ ਪੰਜਾਬੀਆਂ ਲਈ ‘ਗਲ਼ ਫਾਹਾ’ ਬਣੀਆਂ : ਪੁਰਖਾਲਵੀ

ਆਪ” ਨੂੰ ਪਾਈਆਂ ਵੋਟਾਂ ਪੰਜਾਬੀਆਂ ਲਈ ‘ਗਲ਼ ਫਾਹਾ’ ਬਣੀਆਂ : ਪੁਰਖਾਲਵੀ

ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
“ਪਿਛਲੇ 70 ਸਾਲਾਂ ਤੋਂ ਰਵਾਇਤੀ ਸਿਆਸੀ ਪਾਰਟੀ ਦੀਆਂ ਸਰਕਾਰਾਂ ਨੂੰ ਦਰਕਿਨਾਰ ਕਰਕੇ ਬਦਲਾਓ ਦੇ ਨਾਮ ਤੇ ਨਵੀਂ ਪਾਰਟੀ “ਆਪ” ਨੂੰ ਅੱਡੀਆਂ ਚੁੱਕ-ਚੁੱਕਕੇ ਪਾਈਆਂ ਵੋਟਾਂ ਹੀ ਪੰਜਾਬੀਆਂ ਦੇ ਗਲ਼ ਦਾ ਫਾਹਾ ਬਣ ਗਈਆਂ ਹਨ“ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਕੀਤਾ। ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਅਸਮਾਨ ਤੋਂ ਤਾਰੇ ਤੋੜਨ ਦੀਆਂ ਡੀਂਗਾਂ ਮਾਰਨ ਵਾਲੀ ਹਕੂਮਤ ਅੱਜ ਲੋਕਾਂ ਦੇ ਭਵਿੱਖ ‘ਤੇ ਡਾਕਾ ਮਾਰਨ ਲਈ ਕਾਰਜਸ਼ੀਲ ਐ। ਸਮੁੱਚੇ ਰਾਜ ਦਾ ਆਲਮ ਇਹ ਹੈ ਕਿ ਟੁੱਟੀਆਂ ਸੜਿਕਾਂ, ਸੀਵਰੇਜ ਤੇ ਬਰਸਾਤੀ ਪਾਣੀ ਦੇ ਨਾਕਸ ਪ੍ਰਬੰਧ, ਸ਼ਹਿਰਾਂ ਵਿੱਚ ਸਫਾਈ ਵਿਵਸਥਾ, ਨਸ਼ੇ ਦੀ ਬੇਰੋਕ ਸਪਲਾਈ, ਝੂਠੇ ਪੁਲੀਸ ਮੁਕਾਬਲੇ, ਇਨਸਾਫ ਲਈ ਸਰਕਾਰੀ ਦਫ਼ਤਰਾਂ ਵਿੱਚ ਵਿਲਕਦੇ ਲੋਕ, ਚੋਰ-ਬਾਜ਼ਾਰੀ, ਚਰਮ ਸੀਮਾ ‘ਤੇ ਭ੍ਰਿਸ਼ਟਾਚਾਰ, ਨਿੱਤ-ਦਿਨ ਫਿਰੌਤੀਆਂ, ਨਿਰਦੋਸ਼ਾਂ ਦੀ ਕਤਲੋਗਾਰਦ, ਭਲਾਈ ਸਕੀਮਾਂ ਦਾ ਭੋਗ, ਅਨੰਤ ਬੇਰੋਜ਼ਗਾਰੀ, ਸੱਚ ਨੂੰ ਫਾਂਸੀ ਅਤੇ ਸਰਕਾਰ ਵੱਲੋਂ ਹਰ ਵਰਗ ਦੀ ਘੁੱਟੀ ਜਾ ਰਹੀ ਘੰਡੀ ਕਾਰਨ ਸਮੂਹ ਪੰਜਾਬੀ ਅੱਜ ਤ੍ਰਾਹ-ਤ੍ਰਾਹ ਕਰ ਰਹੇ ਹਨ।
ਇਸ ਦੇ ਸਿੱਟੇ ਵੱਜੋਂ ਅੱਜ ਹਰ ਵਰਗ ਸੰਘਰਸ਼ ਲਈ ਸੜਕਾਂ ਉਤੇ ਹੈ, ਪ੍ਰੰਤੂ ਹਕੂਮਤ ਲੋਕ-ਮੁੱਦਿਆਂ ਤੋਂ ਘੇਸਲ ਵੱਟ ਕੇ ਦਿੱਲੀ ਦੇ ਇਸ਼ਾਰੇ ‘ਤੇ ਲੋਕਾਂ ਨੂੰ ਚੁਟਕਲੇ ਪਰੋਸ ਕੇ ਮੰਨੋਰੰਜਨ ਰਾਹੀਂ ਹੀ ਸਮਾਂ ਬਤੀਤ ਕਰਨ ਵਿੱਚ ਲੱਗੀ ਹੋਈ ਹੈ। ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਮੰਗ ਕੀਤੀ ਕਿ ਸਰਕਾਰ ਦਿੱਲੀ ਦੀ ਗੁਲਾਮੀ ਦਾ ਤਿਆਗ ਕਰਕੇ ਪੰਜਾਬ ਪ੍ਰਤੀ ਸਮਰਪਿਤ ਹੋਵੇ ਤਾਂ ਜੋ ਪੰਜਾਬੀਆਂ ਪੱਲੇ ਪਈਆਂ ਅਣਕਿਆਸੀਆਂ ਪੀੜਾਂ ਨੂੰ ਸਮੇਟਿਆ ਜਾ ਸਕੇ।

Leave a Reply

Your email address will not be published. Required fields are marked *