ਆਲਮੀ ਪੰਜਾਬੀ ਕਾਨਫਰੰਸ ਦਾ ਹੋਇਆ ਆਗਾਜ਼-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵਿਦਵਾਨਾਂ ਨੇ ਫਿਕਰਮੰਦੀ ਜਤਾਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਾਰਚ:
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਹੋਇਆ, ਜਿਸ ਵਿੱਚ ਹਾਜ਼ਰ ਵਿਦਵਾਨਾਂ ਨੇ ਸਾਂਝੀ ਰਾਇ ਉਸਾਰਦਿਆਂ ਕਿਹਾ ਕਿ ਬੁਧੀਜੀਵੀ ਵਰਗ ਨੂੰ ਇਸ ਖਿੱਤੇ ਵਿਚ ਆਏ ਰਾਜਨੀਤਕ, ਧਾਰਮਿਕ ਅਤੇ ਸਭਿਆਚਾਰਕ ਨਿਘਾਰ ਪ੍ਰਤੀ ਹਮੇਸ਼ਾ ਚਿੰਤਤ ਰਹਿਣਾ ਚਾਹੀਦਾ ਹੈ।


“ਦੇਸ਼ ਆਸਾਡਾ ਕਿਥੋਂ ਕਿੱਥੇ ਪਹੁੰਚ ਗਿਆ” ਵਿਸ਼ੇ ਤਹਿਤ ਨਾਮਧਾਰੀ ਸਤਗੁਰੂ ਉਦੈ ਸਿੰਘ ਹੁਰਾਂ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਏ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ ਜਦਕਿ ਸ਼ਾਇਰ ਗੁਰਭਜਨ ਗਿੱਲ ਮੁੱਖ ਮਹਿਮਾਨ ਅਤੇ ਡਾ. ਲਖਵਿੰਦਰ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਹੁਰਾਂ ਸਵਾਗਤੀ ਸਬਦਾਂ ਨਾਲ਼ ਅਰੰਭ ਹੋਏ ਇਸ ਸਮੁੱਚੇ ਸਮਾਗਮ ਦੀ ਰੂਪ ਰੇਖਾ ਸੁਸ਼ੀਲ ਦੁਸਾਂਝ ਹੁਰਾਂ ਸਾਂਝੀ ਕੀਤੀ। ਸੈਸ਼ਨ ਦੇ ਮੁੱਖ ਵਕਤਾ ਗੌਹਰ ਰਜ਼ਾ ਨੇ ਦੇਸ਼ ਅੰਦਰ ਰਾਜਨੀਤਕ ਅਤੇ ਧਾਰਮਿਕ ਕੱਟੜਤਾ ਦਾ ਆਮ ਲੋਕਾਂ ਦੇ ਕਾਰ- ਵਿਹਾਰ, ਰਹਿਣ-ਸਹਿਣ ਅਤੇ ਬੋਲਣ-ਚਾਲਣ ਵਿੱਚ ਦਿਨੋਂ-ਦਿਨ ਵਧ ਰਹੀ ਦਖਲਅੰਦਾਜ਼ੀ ‘ਤੇ ਉਂਗਲ ਧਰਦਿਆਂ ਬੇਬਾਕ ਟਿੱਪਣੀਆਂ ਕੀਤੀਆਂ। ਵਿਦਵਾਨਾਂ ਨੇ ਸਾਂਝੀ ਸੁਰ ਵਿੱਚ ਕੇਂਦਰੀ ਸਭਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਸੋਸ਼ਲ ਮੀਡੀਆ ਦੇ ਛਲਾਵਿਆ ਤੋਂ ਹਟਾ ਕੇ ਸਬਦ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ।
“ਮੈਂ ਪੰਜਾਬ ਬੋਲਦਾਂ” ਵਿਸ਼ੇ ‘ਤੇ ਸ਼ੁਰੂ ਹੋਏ ਅਗਲੇ ਸੈਸ਼ਨ ਵਿਚ ਕਰਨੈਲ ਸ਼ੇਰਗਿੱਲ ਅਤੇ ਗੁਰਮੀਤ ਹਯਾਤਪੁਰੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਜਦਕਿ ਪ੍ਰੱਮੁਖ ਕਾਲਮ ਨਵੀਸ ਸਤਨਾਮ ਮਾਣਕ, ਹਮੀਰ ਸਿੰਘ, ਜੰਗ ਬਹਾਦਰ ਗੋਇਲ, ਪ੍ਰੋ. ਜੈ ਪਾਲ ਸਿੰਘ, ਡਾ ਦੇਵਿੰਦਰ ਸੈਂਫੀ ਅਤੇ ਜਗੀਰ ਸਿੰਘ ਕਾਹਲੋਂ ਵਲੋਂ ਵਿਸ਼ੇ ‘ਤੇ ਪੈਨਲ ਚਰਚਾ ਕੀਤੀ। ਦੀਪ ਦੇਵਿੰਦਰ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਮੰਚ ਸੰਚਾਲਨ ਕੀਤਾ ਜਦਕਿ ਡਾ ਹਰਜਿੰਦਰ ਸਿੰਘ ਅਟਵਾਲ ਅਤੇ ਬਲਵਿੰਦਰ ਸੰਧੂ ਨੇ ਧੰਨਵਾਦ ਕੀਤਾ।
ਸ਼ਾਮ ਨੂੰ ਅਮਰੀਕਾ ਤੋਂ ਆਏ ਸੂਫੀ ਸ਼ਾਇਰ ਸੁਖਦੇਵ ਸਾਹਿਲ ਨੇ ਸੂਫੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਲਜ਼ਾਰ ਸਿੰਘ ਸੰਧੂ, ਡਾ ਰਘਬੀਰ ਸਿੰਘ ਸਿਰਜਣਾ, ਮੱਖਣ ਕੁਹਾੜ, ਡਾ ਕਰਮਜੀਤ ਸਿੰਘ, ਐਸ ਨਸੀਮ, ਨਾਟਕਕਾਰ ਦਵਿੰਦਰ ਦਮਨ, ਸੁਰਿੰਦਰਪ੍ਰੀਤ ਘਣੀਆਂ, ਦਲਜੀਤ ਸਿੰਘ ਸਾਹੀ, ਯਤਿੰਦਰ ਕੌਰ ਮਾਹਲ, ਰਾਜਵਿੰਦਰ ਸਮਰਾਲਾ, ਮਨਜਿੰਦਰ ਧਨੋਆ, ਤਰਲੋਚਨ ਲੋਚੀ, ਡਾ ਮਨਜੀਤ ਸਿੰਘ ਬੱਲ, ਹਜ਼ਾਰਾ ਸਿੰਘ ਚੀਮਾ, ਗੁਰਭੇਜ ਗੋਰਾਇਆ, ਕਾਮਰੇਡ ਮੰਗਤ ਰਾਮ ਪਾਸਲਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਲਾਭ ਸਿੰਘ ਖੀਵਾ, ਸੁਰਿੰਦਰ ਗਿੱਲ, ਸੁਰਜੀਤ ਜੱਜ, ਭੁਪਿੰਦਰ ਮਲਿਕ, ਪਾਲ ਅਜਨਬੀ, ਸੁਰਜੀਤ ਸੁਮਨ, ਪਿਆਰਾ ਸਿੰਘ ਰਾਹੀ, ਭਗਤ ਰਾਮ ਰੰਘਾੜਾ, ਦਵਿੰਦਰ ਢਿੱਲੋਂ, ਪਰਮਜੀਤ ਪਰਮ, ਬਲਕਾਰ ਸਿੱਧੂ ਅਤੇ ਕਮਲ ਦੁਸਾਂਝ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ।

