ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਾਰਚ:
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦਾ ਵਿਸ਼ਾ ‘ਪੰਜਾਬ ਦੀਆਂ ਪ੍ਰੇਮ ਕਥਾਵਾਂ: ਪਰੰਪਰਾ ਅਤੇ ਸਮਕਾਲ’ ਸੀ। ਇਸ ਸੈਮੀਨਾਰ ਵਿੱਚ ਮੁੱਖ ਤੌਰ ‘ਤੇ ਡਾਕਟਰ ਸੁਖਦੇਵ ਸਿੰਘ ਸਿਰਸਾ ਅਤੇ ਡਾਕਟਰ ਜਸਵਿੰਦਰ ਸਿੰਘ ਨੇ ਬੁਲਾਰੇ ਵਜੋਂ ਭਾਗ ਲਿਆ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਵਰਨਜੀਤ ਸਿੰਘ ਸਵੀ, ਚੇਅਰਮੈਨ ਪੰਜਾਬ ਕਲਾ ਪਰਿਸ਼ਦ, ਡਾਕਟਰ ਯੋਗਰਾਜ ਅੰਗਰੀਸ਼, ਉਪ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਸ. ਅਮਰਜੀਤ ਸਿੰਘ ਗਰੇਵਾਲ ਹੋਰਾਂ ਨੇ ਦਿੱਤਾ। ਆਪਣੇ ਇਸ ਕੁੰਜੀਵਤ ਭਾਸ਼ਣ ਵਿੱਚ ਅਮਰਜੀਤ ਸਿੰਘ ਗਰੇਵਾਲ ਹੋਰਾਂ ਨੇ ਕਿਹਾ ਕਿ ਸਾਨੂੰ ਕਿੱਸਿਆਂ ਨੂੰ ਮੁੜ ਨਵੇਂ ਸਿਰੇ ਤੋਂ ਵਾਚਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੇ ਪੰਜਾਬੀ ਮਾਨਸਿਕਤਾ ਵਿੱਚ ਪੈਣ ਵਾਲੇ ਪ੍ਰਭਾਵਾਂ ਦੀ ਸਹੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਅਸੀਂ ਨਵੇਂ ਅਤੇ ਨਿੱਗਰ ਮਾਨਵ ਦੀ ਸਿਰਜਣਾ ਵਿੱਚ ਇਹਨਾਂ ਕਿੱਸਿਆਂ ਨੂੰ ਇਸਤੇਮਾਲ ਕਰ ਸਕੀਏ।


ਡਾਕਟਰ ਜਸਵਿੰਦਰ ਸਿੰਘ ਨੇ ਕਿੱਸਿਆਂ ਦੇ ਸੰਦਰਭ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਕਿੱਸੇ ਬੰਦੇ ਦੀ ਬੰਦਿਆਈ ਨੂੰ ਬਚਾਉਣ ਦਾ ਹੀਲਾ ਹਨ। ਉਹਨਾਂ ਨੇ ਕਿਹਾ ਕਿ ਉਪਭੋਗਤਾਵਾਦ ਦੇ ਸੱਭਿਆਚਾਰ ਨੇ ਬੰਦੇ ਦੇ ਸਭ ਤੋਂ ਪਵਿੱਤਰ ਜਜ਼ਬੇ ਪਿਆਰ ਨੂੰ ਵੀ ਕਰੂਪ ਕਰ ਦਿੱਤਾ ਹੈ ਅਤੇ ਪਿਆਰ ਨੂੰ ਪਾਸ਼ਵੀ ਪੱਧਰ ਤੱਕ ਲਿਆ ਕੇ ਖੜ੍ਹਾ ਦਿੱਤਾ ਹੈ, ਜਿੱਥੇ ਬੰਦਾ ਜਿਸਮਾਨੀ ਭੁੱਖ ਨੂੰ ਹੀ ਪਿਆਰ ਸਮਝਣ ਲੱਗ ਪਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਿੱਸਿਆਂ ਦੇ ਨਾਇਕਾਂ ਦੇ ਜੀਵਨ ਅਤੇ ਉਹਨਾਂ ਦਾ ਪਿਆਰ ਦਾ ਜਜ਼ਬਾ ਪਵਿੱਤਰ ਸੀ ਅਤੇ ਨਵੀਂ ਪੀੜੀ ਨੂੰ ਉਹਨਾਂ ਤੋਂ ਸੇਧ ਲੈ ਕੇ ਇਸ ਜਜ਼ਬੇ ਨੂੰ ਮਾਨਵ ਜੀਵਨ ਦੀ ਉਸਾਰੀ ਲਈ ਤੋਰਨਾ ਚਾਹੀਦਾ ਹੈ।
ਇਸ ਤੋਂ ਅਗਲੇ ਬੁਲਾਰੇ ਡਾ. ਸੁਖਦੇਵ ਸਿੰਘ ਸਿਰਸਾ ਸਨ। ਉਹਨਾਂ ਨੇ ਪੰਜਾਬੀ ਕਿੱਸਿਆਂ ਦੇ ਵਿੱਚ ਨਾਬਰੀ ਅਤੇ ਬੰਦੇ ਦੀ ਬੰਦਿਆਈ ਨੂੰ ਬਚਾਉਣ ਦੇ ਉਪਰਾਲਿਆਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਥਾਂ ਕਿਸੇ ਵੀ ਸਮੇਂ ਕਦੇ ਵੀ ਸੱਤਾਧਾਰੀ ਧਿਰ ਜਾਂ ਬੱਜਰ ਰਾਜ ਸ਼ਕਤੀ ਹਮੇਸ਼ਾ ਹੀ ਮਨੁੱਖਾਂ ਨੂੰ ਆਪਣੇ ਅਨੁਸਾਰ ਢਾਲਣ ਵਿੱਚ ਲੱਗੀ ਰਹਿੰਦੀ ਹੈ; ਇਹੋ ਕਾਰਨ ਹੈ ਕਿ ਇਹ ਨਾਇਕ ਉਸ ਜਾਬਰ ਸਟੇਟ ਦੇ ਜ਼ੁਲਮ ਅਤੇ ਰਾਜੇ ਵਿਰੁੱਧ ਉੱਠਦੇ ਹਨ। ਉਹਨਾਂ ਨੇ ਕਿੱਸਿਆਂ ਦੇ ਸਾਰੇ ਚਿਹਨ ਪ੍ਰਬੰਧ ਨੂੰ ਸੱਤਾ ਅਤੇ ਸੱਤਾ ਤੋਂ ਬਾਗ਼ੀ ਹੋਏ ਲੋਕਾਂ ਦੀ ਜੀਵਨ ਕਹਾਣੀ ਦੇ ਰੂਪ ਵਿੱਚ ਦੱਸਿਆ।
ਸੈਮੀਨਾਰ ਦੇ ਦੂਸਰੇ ਸੈਸ਼ਨ ਵਿੱਚ ਨਰਤਕੀ ਡਾਕਟਰ ਅਰਸ਼ਦੀਪ ਕੌਰ ਭੱਟੀ ਵੱਲੋਂ ਕੱਥਕ ਨ੍ਰਿਤ ਦੀ ਪੇਸ਼ਕਾਰੀ ਕੀਤੀ ਗਈ। ਇਸ ਲਈ ਉਹਨਾਂ ਨੇ ਇਸ ਅਦਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਮੰਚ ਦਾ ਸੰਚਾਲਨ ਡਾ. ਜਸਵਿੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਅਤੇ ਡਾਕਟਰ ਤੇਜਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ। ਸ. ਕੁਲਬੀਰ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਸੀਂ ਇਹੋ ਜਿਹੇ ਸੈਮੀਨਾਰਾਂ ਦਾ ਆਯੋਜਨ ਕਰਦੇ ਰਹਾਂਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਬੁੱਧੀਜੀਵੀਆਂ ਦੇ ਵਿਚਾਰਾਂ ਤੋਂ ਲਾਹਾ ਲੈ ਸਕੇ। ਇਸ ਸਮਾਗਮ ਵਿੱਚ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਹੋਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਜਾਂਦੇ ਅਜਿਹੇ ਸੈਮੀਨਾਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਹੋ ਜਿਹੇ ਸਮਾਗਮਾਂ ਨਾਲ ਹੀ ਮਾਂ ਭਾਸ਼ਾ ਦੀ ਸੱਚੀ ਸੁੱਚੀ ਸੇਵਾ ਹੋ ਸਕਦੀ ਹੈ। ਇਸ ਸਮਾਗਮ ਵਿਚ ਉੱਘੇ ਕਹਾਣੀਕਾਰ, ਕਵੀ ਗੁਲ ਚੌਹਾਨ, ਕਹਾਣੀਕਾਰ ਬਲੀਜੀਤ, ਕਵੀ ਜਗਦੀਪ ਸਿੱਧੂ, ਗੀਤਕਾਰ ਸੁਰਜੀਤ ਸੁਮਨ, ਸ਼ਾਇਰ ਸੁਰਜੀਤ ਜੱਜ, ਆਲੋਚਕ ਡਾ. ਧਨਵੰਤ ਕੌਰ, ਬਲਜੀਤ ਕੌਰ ਆਦਿ ਨੇ ਸ਼ਿਰਕਤ ਕੀਤੀ।

