ਇਪਟਾ ਪੰਜਾਬ ਵੱਲੋਂ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ ਦਿਵਸ ਮੌਕੇ ਜੋਗਿੰਦਰ ਬਾਹਰਲਾ ਦੇ ਓਪੇਰਾ ‘ਖੋਹੀਆ ਰੰਬੀਆਂ’ ਦਾ ਮੰਚਣ ਅਤੇ ਚੰਦਰ ਕਾਂਤਾ ਕਪੂਰ ਦਾ ਸਨਮਾਨ ਤੇ ਗਾਇਕੀ
ਚੰਡੀਗੜ੍ਹ (ਸ਼ਾਇਰ ਭੱਟੀ-ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:
ਇਪਟਾ, ਪੰਜਾਬ ਵੱਲੋਂ ਫਗਵਾੜਾ ਵਿਖੇ ਇਪਟਾ ਕਾਰਕੁਨ ਅਤੇ ਲੋਕ-ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ ਦਿਵਸ ਮੌਕੇ ਹੋਏ ਇਪਟਾ ਵੱਲੋਂ ਆਪਣੇ ਸਨਮਾਨ ਦੌਰਾਨ ਸੱਠ ਸਾਲ ਨੂੰ ਢੁੱਕੀ ਪਿੰਡ ਸਾਹਨੀ ਦੇ ਫ਼ਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਬਿਰਧ ਆਸ਼ਰਮ ਵਿਚ ਗੁਜ਼ਾਰ ਰਹੀ ਹੈ, ਅਪਣੇ ਸਮਿਆਂ ਦੀ ਪ੍ਰਸਿੱਧ ਲੋਕ-ਗਾਇਕਾ ਚੰਦਰ ਕਾਂਤਾ ਕਪੂਰ ਨੇ ਭਾਵੁਕ ਹੰਦਿਆ ਕਿਹਾ, “ਹਾਲਾਂਕਿ ਹੁਣ ਮੇਰੀ ਗਾਇਕਾ ਦੇ ਤੌਰ ’ਤੇ ਕੋਈ ਪੁੱਛ-ਪ੍ਰਤੀਤ ਨ੍ਹੀਂ, ਪਰ ਮੈਂ ਹਾਲੇ ਵੀ ਹਰਮੋਨੀਅਨ ਨਾਲ ਬਿਨ੍ਹਾਂ ਨਾਗਾ ਰਿਆਜ਼ ਕਰਦੀ ਆਂ।ਕੀ ਪਤੈ ਕਦੇ ਕੋਈ ਗਾਉਂਣ ਦੀ ਪੇਸ਼ਕਸ਼ ਆ ਈ ਜਾਵੇ?ਅੱਜ ਇਪਟਾ ਦੇ ਮੇਰੀ ਦਹਾਕਿਆ ਦੀ ਗਾਉਂਣ ਦੀ ਰੀਝ ਪੂਰੀ ਕਰਕੇ ਮੇਰੀ ਉਮਰ ਦੱਸ ਸਾਲ ਵਧਾ ਦਿੱਤੀ।”


ਚਿੰਨ, ਫੁਲਕਾਰੀ ਅਤੇ ਪੈਗ਼ਾਮ-ਏ-ਨਾਮਾ ਦੀ ਸੰਸਥਾਪਕ ਅਤੇ ਕਵਿਤਰੀ ਕੁਲਵਿੰਦਰ ਕੌਰ ਕੋਮਲ ਵੱਲੋਂ ਭੇਜੀ ਸਹਾਇਤਾ ਇਕਵੰਜਾ ਸੌ ਨਾਲ ਚੰਦਰ ਕਾਂਤਾ ਕਪੂਰ ਦਾ ਸਨਮਾਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਬੀਤੇ ਦਿਨੀਂ ਵਿਛੋੜਾ ਦੇ ਗਏ ਹਰਦਿੱਲ ਅਜ਼ੀਜ਼ ਅਤੇ ਸਿਰਮੌਰ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਵੀ ਚੇਤੇ ਕਰਕੇ ਕੀਤਾ ਗਿਆ। ਸਮਾਗਮ ਦੌਰਾਨ ਮੁੱਖ-ਮਹਿਮਾਨ ਵੱਜੋਂ ਸ੍ਰੀਮਤੀ ਜਸਪ੍ਰੀਤ ਕੌਰ (ਜ਼ਿਲਾ ਭਾਸ਼ਾ ਅਫਸਰ, ਕਪੂਰਥਲਾ) ਸ਼ਾਮਿਲ ਹੋਏ ਅਤੇ ਪ੍ਰਧਾਨਗੀ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕੀਤੀ।
ਚਿੰਤਕ ਤੇ ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਵੱਲੋਂ ਲਿਖੇ ”ਇਪਟਾ ਕੱਲ, ਅੱਜ ਤੇ ਭਲਕ” ਲਿਖੇ ਪੇਪਰ ਨੂੰ ਰੰਗਕਰਮੀ ਸੰਦੀਪ ਸਿੰਘ ਨੇ ਪੜ੍ਹਦਿਆਂ ਕਿਹਾ ਕਿ 81 ਸਾਲ ਪਹਿਲਾਂ ਹੋਂਦ ਵਿਚ ਇਪਟਾ ਨੇ ਹਰ ਲੋਕ-ਸੰਘਰਸ਼ ਵਿਚ ਹਮੇਸ਼ਾਂ ਆਪਣੀ ਜ਼ੁੰਮੇਵਾਰੀ ਨੂੰ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਇਆ। ਜ਼ਮੀਨ ਦੇ ਮਾਲਕਾਂ ਵੱਲੋਂ ਜ਼ਮੀਨ ਮਜ਼ਦੂਰਾਂ ਦੀ ਕੀਤੀ ਜਾਂਦੀ ਦੁਰਗਤ ਦੀ ਗੱਲ ਕਰਦਾ ਇਪਟਾ ਦੇ ਮੁੱਢਲੇ ਕਾਰਕੁਨ ਪੰਜਾਬੀ ਰੰਗਮੰਚ ਦੇ ਮੁੱਖ-ਮੰਤਰੀ ਜੋਗਿੰਦਰ ਬਾਹਰਲਾ ਦਾ ਲਿਖਿਆ ਅਤੇ ਨਾਟਕਰਮੀ ਗਮਨੂੰ ਬਾਂਸਲ ਵੱਲੋਂ ਨਿਰਦੇਸ਼ਿਤ ਓਪੇਰਾ ‘ਖੋਹੀਆ ਰੰਬੀਆਂ’ ਨੇ ਇਪਟਾ ਦਾ ਮੁੱਢਲਾ ਦੌਰ ਚੇਤੇ ਕਰਵਾ ਦਿੱੱਤਾ। ਵਿਦੇਸ਼ ਜਾਣ ਦੀ ਚੂਹਾ ਦੌੜ ਵਿਚ ਉਲਝੇ ਪੰਜਾਬੀਆਂ ਦਾ ਜ਼ਿਕਰ ਕਰਦਾ ਨਾਟਕ ਪਾਲੀ ਭੁਪਿੰਦਰ ਦੇ ਲਿਖੇ ਅਤੇ ਡਾ. ਇੰਦਰਜੀਤ ਪਾਲ ਵੱਲੋਂ ਨਿਰਦੇਸ਼ਤ ‘ਆਰ.ਐਸ.ਵੀ.ਪੀ.’ ਵੀ ਆਪਣਾ ਅਸਰ ਛੱਡਣ ਵਿਚ ਕਾਮਯਾਬ ਰਿਹਾ।
ਚੰਦਰ ਕਾਂਤਾ ਕਪੂਰ ਨੇ ਆਪਣੇ ਮਕਬੂਲ ਗੀਤ “ਲਾਲ, ਲਾਲ, ਮੇਰਾ ਚਿੱਤ ਮਾਹੀ ਦੇ ਨਾਲ, ਮੇਰੀਆਂ ਲਾਲ ਵੰਗਾਂ, ਹਾਏ ਕਿਸ ਘੜੀ ਘੜਵਾਈਆਂ, ਵੰਗਾਂ ਵਿਚ ਡਾਕ ਦੇ ਆਈਆਂ, ਲਾਲ, ਲਾਲ, ਮੇਰੀਆ ਲਾਲ ਵੰਗਾਂ” ਤੇ ਹੋਰ ਕਈ ਗੀਤ ਬੁਲੰਦ ਅਵਾਜ਼ ਤੇ ਸ਼ੌਖ ਅੰਦਾਜ਼ ਵਿਚ ਗਾਅ ਕੇ ਸਭ ਨੂੰ ਕੀਲ ਲਿਆ।ਮੁਹਾਲੀ ਤੋਂ ਇਪਟਾ ਦੇ ਰੰਗਕਰਮੀ ਰੰਜੀਵਨ ਸਿੰਘ, ਹਰਿੰਦਰ ਹਰ, ਐਡਵੋਕੇਟ ਅਸ਼ਵਨੀ ਸ਼ਰਮਾਂ, ਕਪੂਰਥਲਾਂ ਤੋਂ ਅਨਮੋਲ ਰੂਪੋਵਾਲੀ, ਫਗਵਾੜਾ ਤੋਂ ਮੰਟੂ ਮਾਨ ਨੇ ਆਪਣੀ ਗਾਇਕੀ ਤੇ ਸ਼ਾਇਰੀ ਪੇਸ਼ ਕੀਤੀ।
ਜਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਨੇ ਇਪਟਾ ਦੀ 81 ਵੀਂ ਸਥਾਪਨਾ ਦਿਵਸ ਦੀ ਮੁਬਾਰਕ ਪੇਸ਼ ਕਰਦੇ ਕਿਹਾ ਕਿਹਾ ਕਿ ਇਪਟਾ ਹਮੇਸ਼ਾ ਲੋਕਾਂ ਦੀ ਗੱਲ ਕਰਦੀ ਗਾਇਕੀ, ਰੰਗਮੰਚ ਤੇ ਸਭਿਆਚਾਰ ਦੀ ਮੁੱਦਈ ਰਹੀ ਹੈ। ਇਪਟਾ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਫਿਲਮਾਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ ਅਤੇ ਪੰਜਾਬ ਤੋਂ ਸੁਰਿੰਦਰ ਕੌਰ (ਲੋਕ-ਗਾਇਕਾ), ਤੇਰਾ ਸਿੰਘ ਚੰਨ ਅਤੇ ਅਮਰਜੀਤ ਗੁਰਦਾਸ ਪੁਰੀ ਸਮੇਤ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
ਨਾਟਕਕਾਰ ਸੰਜੀਵਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਕਰਦੇ ਕਿਹਾ ਕਿ ਸੁਰਜੀਤ ਪਾਤਰ ਇਕ ਅਜਿਹੇ ਕਲਮਕਾਰ ਸਨ, ਜਿਨ੍ਹਾਂ ਆਪਣੇ ਲੋਕਾਂ ਕੰਨੀ ਕਦੇ ਵੀ ਪਿੱਠ ਨ੍ਹੀਂ ਕੀਤੀ। ਉਹ ਕਲਮ ਚੁੱਕਣ ਤੋਂ ਲੈ ਕੇ ਅੰਤਿਮ ਸਾਹਾਂ ਤੱਕ ਆਪਣੇ ਅਵਾਮ ਦੇ ਮਸਲਿਆਂ ਨੂੰ ਕਲਾਮਈ ਤਰੀਕੇ ਨਾਲ ਮੁਖ਼ਾਤਿਬ ਹੋਏ। ਉਨ੍ਹਾਂ ਕਿਹਾ ‘ਕਲਾ ਕਲਾ ਲਈ ਨਹੀਂ, ਕਲਾ ਲੋਕਾਂ ਲਈ’ ਇਪਟਾ ਦਾ ਅਕੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਟਾ ਕਾਰਕੁਨ ਅਤੇ ਰੰਗਕਰਮੀ ਕੁਪੂਰਥਲਾ ਤੋਂ ਡਾ. ਹਰਭਜਨ ਸਿੰਘ, ਸਰਬਜੀਤ ਰੂਪੋਵਾਲੀ, ਮੁਹਾਲੀ ਤੋਂ ਕੁੱਕੂ ਦੀਵਾਨ, ਸਵਰਾਜ ਕੌਰ, ਜਲੰਧਰ ਤੋਂ ਸੁਰਿੰਦਰ ਸਿੰਘ ਆਦਿ ਨੇ ਸ਼ਮੂਲਅਤ ਕੀਤੀ। ਮੰਚ ਸੰਚਾਲਨ ਰੰਗਮੰਚ ਅਦਾਕਾਰਾ ਬੀਬਾ ਕੁਲਵੰਤ ਨੇ ਸ਼ਾਇਰਾਨਾ ਅੰਦਾਜ਼ ਵਿਚ ਕੀਤਾ।
ਸ਼ਾਇਰ ਭੱਟੀ (ਚੰਡੀਗੜ੍ਹ)

