www.sursaanjh.com > ਚੰਡੀਗੜ੍ਹ/ਹਰਿਆਣਾ > ਇਲਾਕੇ ਦੇ ਅਕਾਲੀ ਆਗੂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸੁਖੀ ਨਹੀਂ, ਦਿੱਤੇ ਅਸਤੀਫੇ 

ਇਲਾਕੇ ਦੇ ਅਕਾਲੀ ਆਗੂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸੁਖੀ ਨਹੀਂ, ਦਿੱਤੇ ਅਸਤੀਫੇ 

ਚੰਡੀਗੜ 13 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਲਾਕੇ ਦੇ ਪੁਰਾਣੇ ਅਕਾਲੀ ਆਗੂਆਂ ਨੇ ਮਾਜਰੀ ਵਿਖੇ ਮੀਟਿੰਗ ਕਰਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੁੜ ਸੁਖਬੀਰ ਸਿੰਘ ਬਾਦਲ ਦੀ ਨਿਯੁਕਤੀ ਪਾਰਟੀ ਦੇ ਅਸਲ ਲੋਕਤੰਤਰਿਕ, ਪੰਥਕ ਤੇ ਸਿੱਖ ਰਾਜਨੀਤਿਕ ਮੂਲਿਆਂ ਦੀ ਉਲੰਘਣਾ ਹੈ। ਇਹ ਫੈਸਲਾ ਪਾਰਟੀ ਨੂੰ ਇਕ ਪਰਿਵਾਰਕ ਜਥੇਬੰਦੀ ਬਣਾ ਕੇ ਰੱਖਣ ਵਾਲੀ ਸੋਚ ਨੂੰ ਦਰਸਾਉਂਦਾ ਹੈ। ਇਸ ਤੋਂ ਵੀ ਵਧ ਕੇ ਚਿੰਤਾ ਦੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦੀ ਅਕਾਲੀ ਦਲ ਵੱਲੋਂ ਲਗਾਤਾਰ ਅਣਗੌਲਿਆ ਕੀਤੀ ਜਾ ਰਹੀ ਹੈ। ਇਹ ਪੰਥਕ ਅਦਾਰਿਆਂ ਦੀ ਤੋਹੀਨ ਅਤੇ ਸਿੱਖ ਕੌਮ ਦੇ ਵਿਸ਼ਵਾਸ ਨਾਲ ਧੋਖਾ ਹੈ, ਜਿਸਦੇ ਵਿਰੋਧ ਵਿਚ ਅੱਜ ਵਿਧਾਨ ਸਭਾ ਹਲਕਾ ਖਰੜ੍ ਦੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਵਿਖੇ ਮੀਟਿੰਗ ਕੀਤੀ ਅਤੇ ਸਾਰੇ ਵਰਕਰਾਂ ਨੇ ਸ਼੍ਰੋ੍ਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ।
ਆਗੂਆਂ ਨੇ ਕਿਹਾ ਕਿ ਅਸੀਂ ਪੂਰੀ ਪੰਥਕ ਭਾਵਨਾ ਅਤੇ ਇਤਿਹਾਸਕ ਸੰਸਕਾਰਾਂ ਦੇ ਅਧਾਰ ‘ਤੇ ਮੰਗ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਿਯੁਕਤੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਰਹਿਨੁਮਾਈ ਅਧੀਨ ਹੋਵੇ। ਇਸ ਸਾਰੇ ਹਾਲਾਤਾਂ ਵਿੱਚ ਅਸੀਂ ਐਲਾਨ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਦਿੱਤੇ ਗਏ ਸਾਰੇ ਅਹੁਦਿਆਂ ਤੋਂ ਤਤਕਾਲ ਪ੍ਰਭਾਵ ਨਾਲ ਅਸਤੀਫਾ ਦੇ ਰਹੇ ਹਾਂ। ਅਸੀਂ ਆਪਣੀ ਜ਼ਿੰਮੇਵਾਰੀ ਸਿੱਖ ਪੰਥ ਅਤੇ ਪੰਜਾਬੀ ਕੌਮ ਦੇ ਹਿੱਤ ‘ਚ ਨਿਭਾਵਾਂਗੇ। ਅਸੀਂ ਸਾਰੇ ਪੰਥਕ ਤੇ ਲੋਕਤੰਤਰ ਪੱਖੀ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਅਸਲ ਪੰਥਕ ਰੀਤ ਅਨੁਸਾਰ ਅਕਾਲੀ ਦਲ ਨੂੰ ਪੁਨਰ-ਸੰਗਠਿਤ ਕਰਨ। ਉਨ੍ਹਾਂ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਉਸ ਨੂੰ ਪੂਰਨ ਹਮਾਇਤ ਦਿੱਤੀ ਜਾਵੇਗੀ।
ਇਸ ਮੌਕੇ ਸਾਬਕਾ ਸੰਮਤੀ ਮੈਂਬਰ ਸਰਬਜੀਤ ਸਿੰਘ ਕਾਦੀਮਾਜਰਾ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜ਼ਰਾਬਾਦ, ਮਨਜੀਤ ਸਿੰਘ ਮੁੰਧੋ, ਨੰਬਰਦਾਰ ਜਗਤਾਰ ਸਿੰਘ, ਹਰਜਿੰਦਰ ਸਿੰਘ ਮੁੰਧੋ, ਭਗਤ ਸਿੰਘ ਭਗਤਮਾਜਰਾ, ਹਰਮੀਤ ਸਿੰਘ ਬਰਸਾਲਪੁਰ, ਮਲਕੀਤ ਸਿੰਘ ਢਕੌਰਾ, ਹਰਪ੍ਰੀਤ ਸਿੰਘ ਸੁਹਾਣਾ, ਜਤਿੰਦਰ ਸਿੰਘ ਮੰਡ, ਬਲਦੇਵ ਸਿੰਘ ਖਿਜ਼ਰਾਬਾਦ, ਗੁਰਚਰਨ ਸਿੰਘ ਲੁਬਾਣਗੜ੍ਹ, ਜੱਗੀ ਮਹਿਰਮਪੁਰ ਟੱਪਰੀਆਂ ਤੋਂ ਇਲਾਵਾ ਸਮੂਹ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *