www.sursaanjh.com > ਚੰਡੀਗੜ੍ਹ/ਹਰਿਆਣਾ > ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ

ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ

ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ
 ਚੰਡੀਗੜ੍ਹ 27 ਮਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਸਿਖਰਾਂ ‘ਤੇ ਹੈ, ਜਿੱਥੇ ਗਰਮੀ ਨੇ ਵਾਤਾਵਰਣ ਭਖਾਇਆ ਹੋਇਆ ਹੈ, ਉਥੇ ਹੀ ਸਿਆਸੀ ਪਾਰਟੀਆ ਦੇ ਆਗੂਆਂ ਨੇ ਚੋਣ ਮੈਦਾਨ ਭਖਾਏ ਹੋਏ ਹਨ। ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਲਈ ਸੀਟ ਜਿੱਤਣਾ ਕਿਸੇ ਵੱਡੀ ਚਣੌਤੀ ਤੋਂ ਘੱਟ ਨਹੀਂ ਹੈ। ਦੋਵੇਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾਉਣ ਦੀ ਤਾਕ ਵਿੱਚ ਹਨ। ਹਲਕੇ  ਤੋਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਜੋ ਪਾਰਟੀ ਦੇ ਮੁੱਖ ਬੁਲਾਏ ਹਨ, ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਵੱਲੋਂ ਵਿਜੇ ਇੰਦਰ ਸਿੰਗਲਾ, ਭਾਜਪਾ ਵੱਲੋਂ ਸ਼ੁਭਾਸ਼ ਸ਼ਰਮਾਂ, ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਤੇ ਅਕਾਲੀ (ਆ) ਵੱਲੋਂ ਵੀ ਉਮੀਦਵਾਰ ਸਮੇਤ ਆਜ਼ਾਦ ਉਮੀਦਵਾਰ ਵੀ ਆਪਣੇ ਲਈ ਵੋਟਾਂ ਮੰਗਣ ਚ ਲੱਗੇ ਹੋਏ ਹਨ।
ਕਾਬਿਲੇਗੌਰ ਹੈ ਕਿ ਇਸ ਹਲਕੇ ਤੋਂ ਹਮੇਸ਼ਾ ਵਾਰੋ-ਵਾਰੀ ਕਾਂਗਰਸ ਅਤੇ ਅਕਾਲੀ ਉਮੀਦਵਾਰ ਹੀ ਚੋਣ ਜਿੱਤਦੇ ਰਹੇ ਹਨ। ਸਾਲ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕਾ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਇਹ ਇਲਾਕਾ ਰੂਪਨਗਰ ਲੋਕ ਸਭਾ ਹਲਕੇ ਦਾ ਹਿੱਸਾ ਸੀ। ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। 2014 ਵਿੱਚ ਬਿੱਟੂ ਨੂੰ ਆਪਣੇ ਪਿਤਰੀ ਹਲਕੇ ਲੁਧਿਆਣਾ ਦਾ ਮੋਹ ਜਾਗ ਪਿਆ। ਕਿਸਮਤ ਦੇ ਧਨੀ ਬਿੱਟੂ ਲੁਧਿਆਣਾ ਤੋਂ ਵੀ ਚੋਣ ਜਿੱਤ ਗਏ, ਜਦੋਂਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਸ੍ਰੀਮਤੀ ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਪ੍ਰੰਤੂ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇੱਥੋਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਚੋਣ ਜਿੱਤੇ ਸਨ। 2019 ਵਿੱਚ ਚੰਦੂਮਾਜਰਾ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਰਾ ਕੇ ਚੋਣ ਜਿੱਤੀ ਸੀ।
ਇਸ ਵਾਰ ਭਾਜਪਾ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣਾਂ ਲੜ ਰਹੀ ਹੈ, ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਹਨ। ਬਸਪਾ ਵੀ ਆਪਣੇ ਦਮ ’ਤੇ ਚੋਣ ਲੜ ਰਹੀ ਹੈ। ਉਂਜ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੇ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਸਨ। ‘ਆਪ’ ਵੱਲੋਂ ਮਾਲਵਿੰਦਰ ਸਿੰਘ ਕੰਗ ਪਹਿਲੀ ਵਾਰ ਚੋਣ ਲੜ ਰਹੇ ਹਨ ਅਤੇ ਪਾਰਟੀ ਸਰਕਾਰ ਦੇ ਕੀਤੇ ਦੋ ਸਾਲਾ ਦੇ ਕੰਮਾਂ ਦਾ ਰਿਪੋਰਟ ਕਾਰਡ ਦੇ ਆਧਾਰ ਤੇ ਵੋਟਾਂ ਮੰਗ ਰਹੀ ਹੈ। ਬੇਸ਼ੱਕ ਪ੍ਰੇਮ ਸਿੰਘ  ਚੰਦੂਮਾਜਰਾ ਅਕਾਲੀ ਦਲ ਵਜੋਂ ਤਕੜੇ ਉਮੀਦਵਾਰ ਹਨ, ਪਰ ਪਿਛਲੀ ਵਾਰੀ ਐਮ ਪੀ ਰਹਿੰਦਿਆਂ ਚੰਦੂਮਾਜਰੇ ਨੇ ਹਲਕੇ ਵਿੱਚ ਕੋਈ ਵੱਡਾ ਕੰਮ ਨਹੀਂ ਕੀਤਾ, ਸਗੋਂ ਚੰਦੂਮਾਜਰੇ ‘ਤੇ ਦੋਸ਼ ਲੱਗਦਾ ਰਿਹਾ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੀਆਂ ਗਰਾਂਟਾਂ ਉਹ ਆਪਣੇ ਪੁੱਤਰ ਦੇ ਸਿਆਸੀ ਭਵਿਖ ਲਈ ਸ੍ਰੀ ਫਹਿਤਗੜ੍ਹ ਸਾਹਿਬ ਹਲਕੇ ਵਿੱਚ ਖਰਚਦੇ ਰਹੇ ਹਨ।
ਕਾਂਗਰਸ ਦੇ ਸੀਨੀਅਰ ਨੇਤਾ ਵਿਜੇਇੰਦਰ ਸਿੰਗਲਾ ਵੀ ਚੋਣ ਜਿੱਤਣ ਦੇ ਦਾਅਵੇ ਕਰਦੇ ਹਨ, ਪਰ ਜੇਕਰ ਹਲਕੇ ਦੀ ਗੱਲ ਕਰੀਏ ਤਾਂ ਉਹਨਾਂ ਤੇ ਬਾਹਰੋਂ ਆਉਣ ਦੇ ਇਲਜ਼ਾਮ ਲੱਗਦੇ ਹਨ, ਕਿਉਂਕਿ ਵਿਜੇਇੰਦਰ ਸਿੰਗਲਾ ਦਾ ਆਪਣਾ ਹਲਕਾ ਸੰਗਰੂਰ ਹੈ। ਪਰ ਇਥੇ ਕਾਂਗਰਸ ਦੀ ਆਪਸ ਵਿੱਚ ਦਾਲ਼ ਨਾ ਗਲਣ ਕਰਕੇ ਸਿੰਗਲਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਬੇਸ਼ੱਕ ਕਾਂਗਰਸੀ ਬਾਹਰੋਂ ਇੱਕ ਜੁੱਟ ਹਨ, ਪਰ ਅੰਦਰ ਖਾਤੇ ਇੱਕ ਦੂਜੇ ਨਾਲ ਦਿਲੋਂ ਨਹੀਂ ਜੁੜਦੇ ਅਤੇ ਅਕਸਰ ਹੀ ਅਲੱਗ ਅਲੱਗ ਸੁਰਾਂ ਦਿਖਾਈ ਦਿੰਦੀਆਂ ਹਨ। ਕਾਂਗਰਸ ਦੀ ਆਪਸੀ ਗੁੱਟਬੰਦੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭਾਜਪਾ ਵੱਲੋਂ ਬਿਲਕੁਲ ਨਵੇਂ ਚਿਹਰੇ ਸੁਭਾਸ਼ ਸ਼ਰਮਾ ਨੂੰ ਵੀ ਪੂਰੇ ਦਾਅਵੇ ਨਾਲ ਹਲਕੇ ਵਿੱਚ ਉਤਾਰਿਆ ਗਿਆ ਹੈ, ਭਾਜਪਾ ਨੂੰ ਵੀ ਲੱਗਦਾ ਹੈ ਕਿ ਇਸ ਹਲਕੇ ਅੰਦਰ ਹਿੰਦੂ ਵੋਟਰ ਬਹੁਤ ਹਨ ਅਤੇ ਭਾਜਪਾ ਚੰਗਾ ਵੋਟ ਬੈਂਕ ਜੁਟਾ ਸਕੇਗਾ। ਬੇਸ਼ੱਕ ਭਾਜਪਾ ਚੋਣ ਨਾ ਜਿੱਤੇ ਪਰ ਵੋਟ ਪੱਖੋਂ ਭਾਜਪਾ ਜ਼ਰੂਰ ਮਜਬੂਤ ਹੋਈ ਹੈ।
ਪੰਜਾਬ ਵਿੱਚ ਹਾਲਤ ਪੱਖੋਂ ਕਮਜ਼ੋਰ ਬਹੁਜਨ ਸਮਾਜ ਪਾਰਟੀ ਨੇ ਪ੍ਰਧਾਨ ਜਸਵੀਰ ਸਿੰਘ ਗੜੀ ‘ਤੇ ਭਰੋਸਾ ਜਤਾਇਆ ਹੈ ਤੇ ਜ਼ਿਆਦਾਤਰ ਦਲਿਤ ਵੋਟ ਗੜੀ ਦੇ ਹੱਕ ਵਿੱਚ ਭੁਗਤ ਸਕਦੀ ਹੈ। ਬੇਸ਼ੱਕ ਵਿਰੋਧੀ ਪਾਰਟੀਆਂ ਜੋ ਮਰਜ਼ੀ ਕਹਿਣ, ਪਰ ਇਸ ਹਲਕੇ ਅੰਦਰ ਬਹੁਜਨ ਸਮਾਜ ਪਾਰਟੀ ਦਾ ਵੋਟਰ ਵੀ ਵੱਡੀ ਮਾਤਰਾ ਵਿੱਚ ਹੈ, ਜੋ ਹੋਰ ਪਾਰਟੀਆਂ ਨੂੰ ਸਤਾ ਰਿਹਾ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਆਪਣਾ ਉਮੀਦਵਾਰ ਹਲਕੇ ਵਿੱਚ ਉਤਾਰਿਆ ਗਿਆ ਹੈ, ਜੋ ਪੰਥਕ ਮੁੱਦਿਆ ‘ਤੇ ਵੋਟਾਂ ਮੰਗ ਰਹੇ ਹਨ। ਜੇਕਰ ਇਸ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਰਹੇ ਬਲਦੇਵ ਸਿੰਘ ਮਾਨ, ਬਸੰਤ ਸਿੰਘ ਖ਼ਾਲਸਾ, ਬੂਟਾ ਸਿੰਘ, ਹਰਚੰਦ ਸਿੰਘ, ਬੀਬੀ ਬਿਮਲ ਕੌਰ ਖ਼ਾਲਸਾ, ਚਰਨਜੀਤ ਸਿੰਘ ਅਟਵਾਲ, ਸਤਵਿੰਦਰ ਕੌਰ ਧਾਲੀਵਾਲ, ਸ਼ਮਸ਼ੇਰ ਸਿੰਘ ਦੂਲੋਂ ਅਤੇ ਕਿਰਪਾਲ ਸਿੰਘ ਲਿਬੜਾ ਚੋਣ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਐਮਰਜੈਂਸੀ ਤੋਂ ਬਾਅਦ 1977 ਵਿੱਚ ਰੂਪਨਗਰ ਤੋਂ ਬਸੰਤ ਸਿੰਘ ਖ਼ਾਲਸਾ ਨੇ ਕੇਂਦਰੀ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਨੂੰ ਹਰਾਇਆ ਸੀ। 1980 ਵਿੱਚ ਬੂਟਾ ਸਿੰਘ ਚੁਣੇ ਗਏ। 1985 ਵਿੱਚ ਚਰਨਜੀਤ ਸਿੰਘ ਅਟਵਾਲ, 1989 ਵਿੱਚ ਬਿਮਲ ਕੌਰ ਖ਼ਾਲਸਾ, 1992 ਵਿੱਚ ਹਰਚੰਦ ਸਿੰਘ ਅਤੇ 1996 ਵਿੱਚ ਮੁੜ ਬਸੰਤ ਸਿੰਘ ਖ਼ਾਲਸਾ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ।

Leave a Reply

Your email address will not be published. Required fields are marked *