ਇੰਗਲੈਂਡ ਵਸਦੇ ਉੱਘੇ ਸ਼ਾਇਰ ਅਜ਼ੀਮ ਸ਼ੇਖ਼ਰ ਨਾਲ਼ ਰੂਬਰੂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਮਾਰਚ:
ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਅੱਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿਖੇ, ਇੰਗਲੈਂਡ ਵਸਦੇ ਉੱਘੇ ਸ਼ਾਇਰ ਅਜ਼ੀਮ ਸ਼ੇਖ਼ਰ ਨਾਲ਼ ਰੂਬਰੂ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਨੇ ਆਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਮੰਚ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ।


ਇਸ ਉਪਰੰਤ ਸ਼ਾਇਰ ਅਜ਼ੀਮ ਸ਼ੇਖ਼ਰ ਨੇ ਆਪਣੀ ਸਿਰਜਣ ਪ੍ਰਕਿਰਿਆ ਤੇ ਆਪਣੇ ਸੰਘਰਸ਼ਮਈ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਬਰਤਾਨੀਆਂ ਵਿਖੇ ਪੰਜਾਬੀ ਤੇ ਸਾਹਿਤ ਦੀ ਦਿਸ਼ਾ ਤੇ ਦਸ਼ਾ ਬਾਰੇ ਵੀ ਆਪਣੀ ਗੱਲ ਰੱਖੀ ਅਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਸੂਬੇ ਦੇ ਨਿੱਘਰੇ ਹਾਲਾਤ ‘ਤੇ ਬੇਰੁਜ਼ਗਾਰੀ ਕਾਰਨ ਉਹ ਪ੍ਰਵਾਸੀ ਹੋਏ। ਅਗਲੇ ਦੌਰ ਵਿਚ ਉਨ੍ਹਾਂ ਨੇ ਆਪਣੀਆਂ ਗ਼ਜ਼ਲਾਂ ਦਾ ਪਾਠ ਕੀਤਾ। ਸ਼ੇਖਰ ਹੋਰਾਂ ਨੇ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ। ਆਖ਼ਰ ਵਿਚ ਆਏ ਵਿਦਵਾਨਾਂ ਨੇ ਆਪਣੀ ਗੱਲ ਰੱਖੀ।
ਉੱਘੇ ਕਹਾਣੀਕਾਰ ਬਲੀਜੀਤ ਨੇ ਕਿਹਾ ਕਿ ਸਾਰੀ ਗੱਲਬਾਤ ਤੇ ਰਚਨਾਵਾਂ ਏਨੀਆਂ ਭਾਵਪੂਰਤ ਸਨ ਕਿ ਉਨ੍ਹਾਂ ਕੋਲ਼ ਕਿੰਤੂ ਕਰਨ ਲਈ ਕੁਝ ਨਹੀਂ ਹੈ। ਸ਼ਾਇਰ ਗੁਰਦੇਵ ਚੌਹਾਨ ਹੋਰਾਂ ਨੇ ਕਿਹਾ ਕਿ ਸ਼ਾਇਰ ਦੀ ਵਿਸ਼ੇ ਤੇ ਸ਼ਿਲਪ ਉੱਪਰ ਪੂਰਨ ਤੌਰ ‘ਤੇ ਪਕੜ ਹੈ, ਸੁਣ ਕੇ ਚੰਗਾ ਲੱਗਿਆ। ਲੇਖਕ ਤੇ ਉੱਘੇ ਪੱਤਰਕਾਰ ਜਗਤਾਰ ਭੁੱਲਰ ਹੋਰਾਂ ਨੇ ਸਾਰੇ ਸਮਾਗਮ ‘ਤੇ ਤਸੱਲੀ ਪ੍ਰਗਟ ਕੀਤੀ।
ਲੇਖਕ ਤੇ ਅਦਾਕਾਰ ਬਲਕਾਰ ਸਿੱਧੂ ਹੋਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਨੇ। ਸ਼ਾਇਰ ਹਰਵਿੰਦਰ ਹੋਰਾਂ ਨੇ ਸ਼ਾਇਰ ਦੀ ਸੰਵੇਦਨਾ ਦੀ ਸ਼ਲਾਘਾ ਕੀਤੀ। ਉੱਘੇ ਲੇਖਕ ਸ਼੍ਰੀ ਜੰਗ ਬਹਾਦੁਰ ਗੋਇਲ ਹੋਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਬੈਠਕਾਂ ਮਹੱਤਵਪੂਰਨ ਹਨ, ਇਸ ਨਾਲ਼ ਲੇਖਕ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ ਅਤੇ ਵਿਸਥਾਰ ਸਹਿਤ ਗੱਲਬਾਤ ਕਰਨ ਦਾ ਸਮਾਂ ਬਣਦਾ ਹੈ। ਸੰਚਾਲਨ ਮੰਚ ਦੇ ਜਨਰਲ ਤੇ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿਚ ਸੁਖਵਿੰਦਰ ਸਿੱਧੂ, ਗੁਰਪ੍ਰੀਤ ਡੈਣੀ, ਨੀਲਮ ਗੋਇਲ, ਗੁਰਦੀਪ ਸਿੰਘ, ਕਹਾਣੀਕਾਰ ਪਰਮਜੀਤ ਸਿੰਘ ਮਾਨ ਆਦਿ ਨੇ ਸ਼ਿਰਕਤ ਕੀਤੀ।

