Breaking
www.sursaanjh.com > ਅੰਤਰਰਾਸ਼ਟਰੀ > ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਤੀਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ-2026 ਨਾਲ ਕੀਤਾ ਗਿਆ ਸਨਮਾਨਿਤ

ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਤੀਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ-2026 ਨਾਲ ਕੀਤਾ ਗਿਆ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਾਰਚ:

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਗਮ ਤੇ ਕਵੀ ਦਰਬਾਰ, ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ-10 ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਨੇ ਕੀਤੀ ਜਦਕਿ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਬਤੌਰ ਮੁੱਖ ਮਹਿਮਾਨ ਅਤੇ ਡਾ. ਲਖਵਿੰਦਰ ਸਿੰਘ ਜੌਹਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇੰਜੀ. ਜਸਪਾਲ ਸਿੰਘ ਦੇਸੂਵੀ, ਪ੍ਰਧਾਨ ਮੰਚ ਅਤੇ ਉੱਘੇ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ, ਬਲਬੀਰ ਸਿੰਘ ਸੈਣੀ, ਪਾਲ ਗੁਰਦਾਸਪੁਰੀ, ਰਣਜੀਤ ਸਿੰਘ ਧੂਰੀ, ਗੁਰਦਰਸ਼ਨ ਸਿੰਘ ਗੁਸੀਲ, ਅਸ਼ੋਕ ਨਾਦਿਰ ਅਤੇ ਸੁਸ਼ੀਲ ਦੁਸਾਂਝ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਸਮਾਗਮ ਮੁੱਖ ਤੌਰ ਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਹੁਰਾਂ ਨੂੰ ਤੀਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ-2026, ਜਿਸ ਵਿੱਚ ਨਕਦ ਰਾਸ਼ੀ 21,000/- ਰੁਪਏ, ਲੋਈ, ਸਨਮਾਨ ਚਿੰਨ੍ਹ, ਸਨਮਾਨ ਪੱਤਰ/ ਸ਼ੋਭਾ ਪੱਤਰ ਸ਼ਾਮਲ ਸਨ, ਨਾਲ ਹਾਜ਼ਰ ਉੱਘੇ ਗ਼ਜ਼ਲਗੋਆਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੇ ਪੰਜਾਬੀ ਸਾਹਿਤ ਵਿੱਚ ਪਾਏ ਨਿੱਗਰ ਸਾਹਿਤਕ ਯੋਗਦਾਨ, ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ, ਸੇਧ ਦੇਣ, ਕਿਸਾਨ ਅੰਦੋਲਨ ਤੇ ਪੰਜਾਬ ਦੇ ਹੜ੍ਹਾਂ ਦੌਰਾਨ ਦਸਤਾਵੇਜ਼ੀ ਸ਼ਾਇਰੀ ਅਤੇ ਗਰੀਬ, ਬੇਸਹਾਰਿਆਂ ਤੇ ਦੁਖੀਆਂ ਦੇ ਹੱਕ ਵਿੱਚ ਨਿਧੜਕ ਕਲਮ ਚੁੱਕਣ ਹਿੱਤ ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਗਏ ਸ਼ਬਦ ਨਾਲ ਕੀਤੀ ਗਈ। ਉਪਰੰਤ ਮੰਚ ਦੇ ਜਨਰਲ ਸਕੱਤਰ ਭਗਤ ਰਾਮ ਰੰਗਾੜਾ ਨੇ ਮੰਚ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜਨਵਰੀ 2024 ਵਿੱਚ ਮੰਚ ਦੀ ਸਥਾਪਨਾ ਹੋਈ ਤੇ ਸਿਰੀ ਰਾਮ ਅਰਸ਼ ਨੂੰ ਪਹਿਲਾ ਬਾਵਾ ਬਲਵੰਤ ਯਾਦਗਾਰੀ ਐਵਾਰਡ (2024); ਦੂਸਰਾ (2025) ਸਰਦਾਰ ਪੰਛੀ ਨੂੰ ਦੇਣ ਉਪਰੰਤ ਅੱਜ ਤੀਸਰਾ ਬਾਵਾ ਬਲਵੰਤ ਯਾਦਗਾਰੀ ਐਵਾਰਡ ਸ਼੍ਰੀ ਗੁਰਦਿਆਲ ਰੌਸ਼ਨ ਨੂੰ ਦਿੱਤਾ ਜਾ ਰਿਹਾ ਹੈ। ਇੰਜੀ. ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਟਰਾਈਸਿਟੀ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਬਣਾਇਆ ਗਿਆ ਅਤੇ ਇਹ ਮੰਚ ਸਾਹਿਤਕ ਸਮਾਗਮਾਂ ਤੋਂ ਇਲਾਵਾ ਅਣਗੌਲੇ ਨਾਮਵਰ ਸਾਹਿਤਕਾਰਾਂ ,ਜਿਨ੍ਹਾਂ ਨੇ ਤਾ-ਉਮਰ ਸਾਹਿਤ ਦੀ ਸਿਰਜਨਾ ਕੀਤੀ ਹੈ, ਨੂੰ ਸਨਮਾਨਿਤ ਕਰਨ ਲਈ ਬਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਦੁਨੀਆਂ ਦੇ ਸਾਰੇ ਸਾਹਿਤਕਾਰ ਇਕੱਠੇ ਹੋ ਜਾਣ ਤਾਂ ਇਹ ਸਾਡਾ ਲੋਕਾਈ ਦਾ ਭਲਾ ਕਰਨ ਵਿੱਚ ਵੱਡਾ ਉੱਦਮ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਾਵਾ ਬਲਵੰਤ ਯਾਦਗਾਰੀ ਐਵਾਰਡ ਜਿਨ੍ਹਾਂ ਦੇ ਨਾਮ ਤੇ ਚਾਲੂ ਕੀਤਾ ਗਿਆ ਹੈ, ਉਨ੍ਹਾਂ ਦਾ ਜੀਵਨ ਤੰਗੀਆਂ-ਤੁਰਸ਼ੀਆਂ ਵਿੱਚ ਰਿਹਾ ਹੈ ਅਤੇ ਜੀਵਨ ਦੀਆਂ ਹਕੀਕਤਾਂ ਬਾਰੇ ਜੋ ਕੁਝ ਵੀ ਉਨ੍ਹਾਂ ਨੇ ਲਿਖਿਆ ਹੈ ਉਹ ਪੜ੍ਹਨ ਤੇ ਵਿਚਾਰਨਯੋਗ ਹੈ। ਉਨ੍ਹਾਂ ਨੇ ਮੰਚ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਭਵਿੱਖ ਵਿੱਚ ਮੰਚ ਦੇ ਪ੍ਰੋਗਰਾਮਾਂ ਲਈ ਹਰ ਕਿਸਮ ਦਾ ਸਹਿਯੋਗ ਮਿਲਦਾ ਰਹੇਗਾ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਲਖਵਿੰਦਰ ਜੌਹਲ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਸ਼੍ਰੀ ਗੁਰਦਿਆਲ ਰੌਸ਼ਨ ਨੂੰ ਅਤੇ ਮੰਚ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ। ਉੱਘੀ ਸਨਮਾਨਿਤ ਸ਼ਖ਼ਸੀਅਤ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਵੀ ਤੰਗੀਆਂ ਤੁਰਸ਼ੀਆਂ ਵਾਲਾ ਹੀ ਰਿਹਾ ਹੈ ਅਤੇ ਉਨ੍ਹਾਂ ਨੇ ਹਮੇਸ਼ਾਂ ਜੀਵਨ ਦੀ ਹਕੀਕਤ ਨੂੰ ਆਪਣੀਆਂ ਲਿਖਤਾਂ ਵਿੱਚ ਬਿਆਨਿਆ ਹੈ ਅਤੇ ਕਿਹਾ ਕਿ ਉਹ ਸਰਕਾਰੀ ਸਨਮਾਨ ਸਮਾਰੋਹਾਂ ਤੋਂ ਦੂਰ ਰਹਿੰਦੇ ਹਨ ਤੇ ਜੋ ਉਹ ਕੁਝ ਲਿਖਦੇ ਹਨ ਨਿੱਡਰ ਤੇ ਨਿਧੱੜਕ ਹੋ ਕੇ ਲਿਖਦੇ ਹਨ ਅਤੇ ਉਹ ਹਮੇਸ਼ਾ ਇਨਸਾਨੀਅਤ ਦੇ ਹੱਕ ਵਿੱਚ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਬਾਵਾ ਬਲਵੰਤ ਦੇ ਨਾਮ ਤੇ ਚਾਲੂ ਕੀਤਾ ਗਿਆ ਐਵਾਰਡ ਜੋ ਉਨ੍ਹਾਂ ਨੂੰ ਮਿਲਿਆ ਹੈ ਉਸ ਨਾਲ ਉਹ ਬੜਾ ਫ਼ਖ਼ਰ ਤੇ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਬਾਵਾ ਬਲਵੰਤ ਨੇ ਜੋ ਕੁਝ ਲਿਖਿਆ ਹੈ ਉਹ ਕਿਸੇ ਦੇ ਅਸਰ ਵਿੱਚ ਆ ਕੇ ਨਹੀਂ ਬਲਕਿ ਜੋ ਜੀਵਨ ਦਾ ਕੌੜਾ ਸੱਚ ਸੀ ਉਹੀ ਲਿਖਿਆ ਹੈ। ਇਸ ਸਨਮਾਨ ਉਪਰੰਤ ਇੱਕ ਮਿੰਨੀ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਹਾਜ਼ਰ ਗ਼ਜ਼ਲਗੋਆਂ ਤੋਂ ਇਲਾਵਾ ਕਵੀ ਦਰਬਾਰ ਵਿੱਚ ਨਕਸ਼ ਵਰਿਆਣਵੀ, ਵਿੰਦਰ ਮਾਝੀ, ਦਰਸ਼ਨ ਤਿਊਣਾ, ਮੰਗਤ ਖਾਨ, ਪ੍ਰਤਾਪ ਪਾਰਸ ਗੁਰਦਾਸਪੁਰੀ, ਕੈਲਾਸ਼ ਠਾਕੁਰ ਆਦਿ ਕਵੀਆਂ ਨੇ ਵੀ ਹਿੱਸਾ ਲਿਆ। ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਤੋਂ ਇਲਾਵਾ ਸਟੇਜ ਤੇ ਸਸ਼ੋਭਿਤ ਗ਼ਜ਼ਲਗੋਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਤਾਪ ਪਾਰਸ ਗੁਰਦਾਸਪੁਰੀ ਜਿਸ ਨੇ ਸਟੇਜ ਸੰਚਾਲਨ ਕੀਤਾ ਨੂੰ ਸਨਮਾਨ ਚਿੰਨ੍ਹ ਦੇਣ ਤੋਂ ਇਲਾਵਾ ਬੀਬੀ ਦਵਿੰਦਰ ਢਿੱਲੋਂ ਜਿਸ ਨੇ ਗੁਰਦਿਆਲ ਰੌਸ਼ਨ ਜੀ ਨੂੰ ਦਿੱਤਾ ਗਿਆ ਸਨਮਾਨ ਪੱਤਰ ਪੜ੍ਹਿਆ, ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਰਵਸ਼੍ਰੀ ਪ੍ਰੀਤਮ ਸਿੰਘ ਭੂਪਾਲ, ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਅਵਤਾਰ ਸਿੰਘ ਪਤੰਗ, ਸਰਬਜੀਤ ਸਿੰਘ ਪੱਡਾ, ਗੁਰਦਰਸ਼ਨ ਸਿੰਘ ਮਾਵੀ, ਬੀਬੀ ਨਰਿੰਦਰ ਕੌਰ, ਬੀਬੀ ਨਵਜੋਤ ਕੌਰ, ਪਰਮਜੀਤ ਸਿੰਘ ਭਵਾਤ, ਮਹਿਕਦੀਪ ਕੌਰ, ਸਵਰਨ ਸਿੰਘ ਵੜੈਚ, ਹਰਮਨਜੀਤ ਸਿੰਘ, ਸੁਰਜੀਤ ਸੁਮਨ, ਰਾਜ ਕੁਮਾਰ ਸਾਹੋਵਾਲੀਆ, ਧਿਆਨ ਸਿੰਘ ਕਾਹਲੋਂ, ਡਾ. ਰੇਨੂ, ਪੰਨਾ ਲਾਲ ਮੁਸਤਫ਼ਾਬਾਦੀ, ਰਮਨ ਸੰਧੂ, ਐਡਵੋਕਟ ਪਰਮਿੰਦਰ ਸਿੰਘ ਗਿੱਲ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਮਲਿਕ, ਡਾ. ਸੰਗੀਤਾ ਸ਼ਰਮਾ ਕੁੰਦਰਾ, ਪਰਮਜੀਤ ਸਿੰਘ, ਮਨਮੋਹਨ ਸਿੰਘ ਦਾਊਂ, ਹਰਭਜਨ ਕੌਰ ਗਿੱਲ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਸਰਬਜੀਤ ਸਿੰਘ, ਮੰਗਤ ਖਾਨ, ਗੁਰਵਿੰਦਰ ਗੁਰੀ, ਮਲਕੀਅਤ ਸਿੰਘ ਨਾਗਰਾ, ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਭਾਗੋਮਾਜਰਾ, ਓਮੇਸ਼ ਕੁਮਾਰ, ਰਵੀ ਕੁਮਾਰ, ਗੁਰਦਾਸ ਸਿੰਘ ਦਾਸ, ਲਾਭ ਸਿੰਘ ਲਹਿਲੀ, ਬਲਵਿੰਦਰ ਸਿੰਘ ਢਿੱਲੋਂ, ਨਰਿੰਦਰ ਕੌਰ, ਨਵਜੋਤ ਕੌਰ, ਸ਼ਾਨ ਗਿੱਲ ਕੈਨੇਡਾ, ਨਕਸ਼ ਵਰਿਆਣਵੀ, ਨੱਕਾਸ਼ ਚਿੱਤੇਵਾਨੀ, ਗੁਰਮੇਲ ਸਿੰਘ ਸੈਣੀ, ਹਰਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਡਾ. ਅਨਿਲ ਬਹਿਲ, ਬਹਾਦਰ ਸਿੰਘ ਗੋਸਲ, ਰਜਿੰਦਰ ਸਿੰਘ ਧੀਮਾਨ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਜੰਗ ਬਹਾਦਰ ਗੋਇਲ, ਬਲਜੀਤ ਫਿੱਡਿਆਂਵਾਲਾ, ਹਰਜੀਤ ਸਿੰਘ, ਮਲਕੀਤ ਔਜਲਾ, ਮੰਦਿਰ ਗਿੱਲ, ਜਗਸੀਰ ਸਿੰਘ, ਇੰਜੀ. ਵਿਕਰਮਜੀਤ ਸਿੰਘ, ਅਜੀਤ ਹਮਦਰਦ, ਗੁਰਮੀਤ ਸਿੰਘ ਸਿੰਗਲ, ਡਾ. ਅਤਿੰਦਰ ਕੌਰ ਮਾਹਲ, ਸੁਰਿੰਦਰ ਪਾਲ ਝੱਲ, ਜਸਵਿੰਦਰ ਸਿੰਘ ਕਾਈਨੌਰ, ਪਰਮਜੀਤ ਮਾਨ, ਹਰਭਜਨ ਕੌਰ ਢਿੱਲੋਂ, ਪਿਆਰਾ ਸਿੰਘ ਰਾਹੀ, ਹਰਜਿੰਦਰ ਸਿੰਘ ਸਾਈਂ, ਸੁਖਵਿੰਦਰ ਸਿੰਘ ਦੁਰਾਲੀ, ਖੁਸ਼ੀ ਰਾਮ ਨਿਮਾਣਾ, ਹਰਜਿੰਦਰ ਸਿੰਘ ਗੋਪਾਲੋਂ, ਸੁਖਵਿੰਦਰ ਸਿੰਘ ਸਰਾਓ, ਚਰਨਜੀਤ ਕੌਰ ਬਾਠ, ਨਰਿੰਦਰ ਕੌਰ ਲੌਂਗੀਆ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸ਼ਿੰਦਰਪਾਲ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਚਾਹ ਪਾਣੀ ਅਤੇ ਖਾਣੇ ਦਾ ਬਹੁਤ ਅੱਛਾ ਪ੍ਰਬੰਧ ਸੀ। ਕੁੱਲ ਮਿਲਾ ਕੇ ਇਹ ਸਮਾਗਮ ਬਹੁਤ ਸ਼ਾਨਦਾਰ ਰਿਹਾ ਅਤੇ ਭਵਿੱਖ ਲਈ ਆਪਣੀਆਂ ਨਵੀਆਂ ਅਮਿੱਟ ਪੈੜਾਂ ਛੱਡ ਗਿਆ।

Leave a Reply

Your email address will not be published. Required fields are marked *