ਐਡਵੋਕੇਟ ਕਰਨਦੀਪ ਸਿੰਘ ਦੀ ਪਲੇਠੀ ਇੰਗਲਿਸ਼ ਪੁਸਤਕ ਦਾ ਲੋਕ ਅਰਪਣ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਦਿਹਾੜੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਥਾ ਦੇ ਸੈਕਟਰ-41 ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐਡਵੋਕੇਟ ਕਰਨਦੀਪ ਸਿੰਘ ਦੀ ਪਲੇਠੀ ਇੰਗਲਿਸ਼ ਪੁਸਤਕ “ਪਰਸਨਲ ਲਾਅਜ ਐਂਡ ਮੈਟਰੀਮੋਨੀਅਲ ਰੈਮੇਡੀਜ਼ ਇੰਨ ਇੰਡੀਆ” ਦਾ ਲੋਕ ਅਰਪਣ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ ਅਤੇ ਇਸ ਸਮਾਗਮ ਵਿਚ ਉੱਚਕੋਟੀ ਦੀਆਂ ਸਖਸ਼ੀਅਤਾਂ, ਜਿਹਨਾਂ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਰਜਿਸਟਰਾਰ ਦਵਿੰਦਰ ਸਿੰਘ ਵਾਲੀਆ, ਗੁਰਦੁਆਰਾ ਸਾਹਿਬ ਸੈਕਟਰ-40 ਚੰਡੀਗੜ੍ਹ ਦੇ ਪ੍ਰਧਾਨ ਜਸਬੀਰ ਸਿੰਘ, ਲੇਖਕ ਦੇ ਪਿਤਾ ਨਾਮੀ ਮੈਰਾਥਨ ਦੌੜਾਕ ਸ. ਹਰਜੀਤ ਸਿੰਘ ਅਤੇ ਦਲਬੀਰ ਸਿੰਘ ਸਰੋਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ।


ਸਮਾਗਮ ਦੇ ਆਰੰਭ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਦੂਜੇ ਅਹੁਦੇਦਾਰਾਂ ਅਤੇ ਮਹਿਮਾਨਾਂ ਨੇ ਮਿਲ ਕੇ ਐਡਵੋਕੇਟ ਕਰਨਦੀਪ ਸਿੰਘ ਦੀ ਪਲੇਠੀ ਅੰਗਰੇਜ਼ੀ ਵਿਚ ਪੁਸਤਕ ‘‘ਪਰਸਨਲ ਲਾਅਜ ਐਂਡ ਮੈਟਰੀਮੋਨੀਅਲ ਰੈਮੇਡੀਜ਼ ਇੰਨ ਇੰਡੀਆ” ਨੂੰ ਬਹੁਤ ਹੀ ਉਲਾਸ ਅਤੇ ਉਤਸ਼ਾਹ ਨਾਲ ਲੋਕ ਅਰਪਨ ਕੀਤਾ ਗਿਆ। ਪੁਸਤਕ ਤੇ ਚਰਚਾ ਕਰਦਿਆਂ ਹੋਇਆ ਪ੍ਰਿੰ. ਗੋਸਲ ਨੇ ਸਮਾਜਿਕ ਸਰੋਕਾਰ ਵਾਲੀ ਇਸ ਪੁਸਤਕ ਨੂੰ ਲੇਖਕ ਦੀ ਢਾਈ ਸਾਲ ਦੀ ਅਣਥੱਕ ਮਿਹਨਤ ਦਾ ਫਲ ਦੱਸਿਆ ਅਤੇ 490 ਸਫਿਆਂ ਦੀ ਇਸ ਸ਼ਾਨਦਾਰ ਪੁਸਤਕ ਲਈ ਲੇਖਕ ਅਤੇ ਉਹਨਾਂ ਦੇ ਸਮੂਹ ਪ੍ਰੀਵਾਰ ਨੂੰ ਵਧਾਈ ਦਿੱਤੀ। ਪੁਸਤਕ ਤੇ ਬੋਲਦਿਆਂ ਪਿਆਰਾ ਸਿੰਘ ਰਾਹੀਂ, ਅਵਤਾਰ ਸਿੰਘ ਮਹਿਤਪੁਰੀ ਨੇ ਕਾਨੂੰਨ ਦੇ ਖੇਤਰ ਵਿਚ ਇਸ ਪੁਸਤਕ ਨੂੰ ਪੜ੍ਹਨਯੋਗ ਅਤੇ ਸਾਂਭਣਯੋਗ ਦੱਸਿਆ ਅਤੇ ਇਸ ਦੀ ਸੁੰਦਰ ਦਿੱਖ ਦੀ ਪ੍ਰਸੰਸਾ ਕੀਤੀ। ਪੁਸਤਕ ਦੇ ਲੇਖਕ ਐਡਵੋਕੇਟ ਕਰਨਦੀਪ ਸਿੰਘ ਨੇ ਇਸ ਮੌਕੇ ਤੇ ਬਹੁਤ ਹੀ ਭਾਵੁਕ ਹੁੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੈ ਕਿ ਉਹਨਾਂ ਦੀ ਪਲੇਠੀ ਪੁਸਤਕ ਦਾ ਲੋਕ ਅਰਪਨ ਚੰਡੀਗੜ੍ਹ ਵਰਗੇ ਸ਼ਹਿਰ ਦੀਆਂ ਬਹੁਤ ਹੀ ਨਾਮੀ ਸ਼ਖਸ਼ੀਅਤਾਂ ਵਲੋਂ ਲੋਕ ਅਰਪਣ ਕੀਤਾ ਗਿਆ ਹੈ ਅਤੇ ਸਭਾ ਵਲੋਂ ਦਿੱਤੇ ਸਨਮਾਨ ਲਈ ਉਹਨਾਂ ਨੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ।
ਸਮਾਗਮ ਦੇ ਦੂਜੇ ਪੜਾਅ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਪੁਸਤਕ ਦੇ ਲੇਖਕ ਐਡਵੋਕੇਟ ਕਰਨਦੀਪ ਸਿੰਘ ਨੂੰ ਇੱਕ ਸਾਲ, ਫੁੱਲਾਂ ਦੇ ਗੁਲਦਸਤੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਸੈਕਟਰ-40 ਦੇ ਪ੍ਰਧਾਨ ਜਸਬੀਰ ਸਿੰਘ ਅਤੇ ਦਵਿੰਦਰ ਸਿੰਘ ਵਾਲੀਆ ਨੂੰ ਵੀ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੀਵਾਲੀ ਦੇ ਸ਼ੁਭ ਮੌਕੇ ਤੇ ਪ੍ਰਿੰ. ਗੋਸਲ ਵਲੋਂ ਸੰਸਥਾ ਦੇ ਸਮੂਹ ਅਹੁਦੇਦਾਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਦੀਵਾਲੀ ਦੇ ਤੋਹਫੇ ਭੇਟ ਕੀਤੇ ਗਏ, ਜਿਹਨਾਂ ਵਲੋਂ ਪ੍ਰਿੰ. ਗੋਸਲ ਨੂੰ ਵਧਾਈ ਅਤੇ ਧੰਨਵਾਦ ਦਿੱਤਾ ਗਿਆ।
ਸਮਾਗਮ ਦੇ ਆਖਰੀ ਗੇੜ ਵਿਚ ਕਵੀ ਦਰਬਾਰ ਦਾ ਅਰੰਭ ਕਰਦੇ ਹੋਏ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਬਹੁਤ ਹੀ ਭਾਵੁਕ ਗੀਤ, ‘‘ਦਿੱਲੀ ਨਾ ਕਦੇ ਦਰਦ ਜਾਣਿਆ ਪੰਜਾਬੀ ਸਿੰਘਾਂ ਸਰਦਾਰਾਂ ਦਾ, ਫਰੋਲ ਕੇ ਭਾਵੇਂ ਇਤਿਹਾਸ ਦੇਖ ਲਓ ਸਾਲਾਂ ਕਈ ਹਜ਼ਾਰਾਂ ਦਾ ਗਾ ਕੇ ਮਹੌਲ ਨੂੰ ਰੰਗੀਨ ਬਣਾ ਦਿੱਤਾ, ਜਿਸ ਦਾ ਸਰੋਤਿਆਂ ਨੇ ਖੂਬ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਲੇਖਕ ਗੋਸਲ ਨੂੰ ਸ਼ਾਨਦਾਰ ਰਚਨਾ ਲਈ ਵਧਾਈ ਦਿੱਤੀ। ਉਸ ਤੋਂ ਬਾਅਦ ਕਵੀ ਦਰਬਾਰ ਵਿਚ ਹਾਜ਼ਰੀ ਲਗਵਾਉਣ ਵਾਲੇ ਕਵੀਆਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁੰਗਧ ਕੀਤਾ, ਜਿਹਨਾਂ ਵਿਚ ਡੀ.ਐਸ. ਸਰੋਆ, ਅਵਤਾਰ ਸਿੰਘ ਮਹਿਤਪੁਰੀ, ਮਨਜੀਤ ਕੌਰ ਮੀਤ, ਜਸਪਾਲ ਸਿੰਘ ਕੰਵਲ, ਸੁਰਜਨ ਸਿੰਘ ਜੱਸਲ, ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਬਲਵਿੰਦਰ ਸਿੰਘ, ਪਿਆਰਾ ਸਿੰਘ ਰਾਹੀਂ, ਸੀਤਲ ਸਿੰਘ ਸੈਣੀ, ਹਰਜੀਤ ਸਿੰਘ, ਕਵੀਸ਼ਰ ਕਰਨਦੀਪ ਸਿੰਘ ਸ਼ਾਮਲ ਸਨ| ਦੀਵਾਲੀ ਦੀ ਖੁਸ਼ੀ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਦਫਤਰ ਵਿਖੇ ਮਠਿਆਈ ਵੰਡੀ ਗਈ। ਕਵੀ ਦਰਬਾਰ ਵਿਚ ਸਟੇਜ਼ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਤੇ ਸੈਣੀ ਦੁਨੀਆ ਮੈਗਜ਼ੀਨ ਦੇ ਸੰਪਾਦਕ ਸ੍ਰ. ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾ-ਖੂਬੀ ਨਿਭਾਈ ਗਈ। ਅੰਤ ਵਿਚ ਸੰਸਥਾ ਦੇ ਸਟੇਟ ਕੋਆਰਡੀਨੇਟਰ ਪੰਜਾਬ ਜਸਪਾਲ ਸਿੰਘ ਕੰਵਲ ਵਲੋਂ ਸਭ ਹਾਜ਼ਰ ਕਵੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ, ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਦੂਜੇ ਅਹੁਦੇਦਾਰ ਅਤੇ ਮਹਿਮਾਨ ਐਡਵੋਕੇਟ ਕਰਨਦੀਪ ਸਿੰਘ ਦੀ ਇੰਗਲਿਸ਼ ਬੁੱਕ ਦਾ ਲੋਕ ਅਰਪਨ ਕਰਦੇ ਹੋਏ।

