ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 5 ਜਨਵਰੀ:


ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਵੱਲੋਂ ਕੀਤੀ ਗਈ, ਜਿਸ ਵਿੱਚ ਪਰਿਸ਼ਦ ਵੱਲੋਂ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦੀ ਘੋਸ਼ਨਾ ਕੀਤੀ ਗਈ। 2026 ਦਾ ‘ਪੰਜਾਬ ਰਤਨ’ ਇਸ ਵਾਰ ਪ੍ਰੋ. ਕਰਮਜੀਤ ਸਿੰਘ (ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਅਤੇ ਮਾਤ ਭਾਸ਼ਾ ਸਨਮਾਨ ਉੱਘੀ ਕਹਾਣੀਕਾਰਾ ਬਚਿੰਤ ਕੌਰ ਨੂੰ ਦਿੱਤਾ ਜਾਵੇਗਾ।
ਪੰਜਾਬ ਗੌਰਵ ਸਨਮਾਨ
ਉਕਤ ਤੋਂ ਇਲਾਵਾ ਰੰਗਮੰਚ – ਨੀਨਾ ਟਿਵਾਣਾ ਨੂੰ, ਸਿਨੇਮਾ ਗੁਰਵਿੰਦਰ ਸਿੰਘ ਨੂੰ, ਕਲਾ ਦੇਵਇੰਦਰ ਨੂੰ ਅਤੇ ਸਾਹਿਤ ਲਈ ਗੁਰਭਜਨ ਗਿੱਲ ਨੂੰ ਪੰਜਾਬ ਗੌਰਵ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਉਤਸਵ 2 ਫਰਵਰੀ ਤੋਂ ਲੈ ਕੇ 7 ਫਰਵਰੀ ਤਕ ਚੱਲੇਗਾ। ਇਸ ਦੌਰਾਨ ਕਵੀ ਦਰਬਾਰ, ਕਲਾ ਕਾਰਗੁਜ਼ਾਰੀਆਂ, ਫਿਲਮ ਅਤੇ ਨਾਟਕ ਦਾ ਮੰਚਨ ਕੀਤਾ ਜਾਵੇਗਾ। ਸਾਰੇ ਅਵਾਰਡੀਆਂ ‘ਤੇ ਇਕ ਦਿਨ ਦਾ ਸੈਮੀਨਾਰ ਹੋਵੇਗਾ, ਜਿਸ ਵਿਚ ਉਹਨਾਂ ਬਾਰੇ ਪਰਚੇ ਪੜ੍ਹੇ ਜਾਣਗੇ। 2 ਫਰਵਰੀ ਨੂੰ ਉਦਘਾਟਨੀ, 3 ਫਰਵਰੀ ਤੋਂ 6 ਫਰਵਰੀ ਤਕ ਅਕਾਦਮੀਆਂ ਦੇ ਪ੍ਰੋਗਰਾਮ ਹੋਣਗੇ ਅਤੇ 7 ਫਰਵਰੀ ਨੂੰ ਸਨਮਾਨ ਦਿੱਤੇ ਜਾਣਗੇ। ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਸਭ ਕਲਾ ਪ੍ਰੇਮੀਆਂ ਨੂੰ ਇਸ ਵਿਲੱਖਣ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ। ਅੱਜ ਦੀ ਮੀਟਿੰਗ ਵਿਚ ਅਮਰਜੀਤ ਗਰੇਵਾਲ, ਡਾ. ਯੋਗਰਾਜ, ਅਸ਼ਵਨੀ ਚੈਟਲੇ, ਨਿਰਮਲ ਜੌੜਾ, ਡਾ. ਮਨਜਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

