ਸ੍ਰੀ ਮਾਛੀਵਾੜਾ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:
ਕਹਾਣੀਕਾਰ ਸੁਖਜੀਤ ਦਾ ਨਾਂ ਕਿਸੇ ਰਸਮੀਂ ਜਾਣ-ਪਛਾਣ ਦਾ ਮੁਥਾਜ ਨਹੀਂ। ਪੰਜਾਬੀ ਕਹਾਣੀ ਦੇ ਖੇਤਰ ਦਾ ਸੁਖਜੀਤ ਇੱਕ ਅਜਿਹਾ ਚਮਕਦਾ ਸਿਤਾਰਾ ਹੈ, ਜਿਸ ਦੀਆਂ ਕਹਾਣੀਆਂ ਲੰਮੇ ਸਮੇਂ ਤੱਕ ਪੰਜਾਬੀ ਪਾਠਕ ਦੀ ਚੇਤਨਾ ਅਤੇ ਚਿੰਤਨ ਦਾ ਹਿੱਸਾ ਬਣੀਆਂ ਰਹਿਣਗੀਆਂ। ਸੁਖਜੀਤ ਦੀਆਂ ਕਹਾਣੀਆਂ ਦੇ ਪਾਤਰ, ਪਾਠਕ ਨੂੰ ਆਪਣੇ ਇਰਦ-ਗਿਰਦ ਵਿਚਰਦੇ ਅਕਸਰ ਮਿਲ਼ ਜਾਂਦੇ ਹਨ। ਸੁਖਜੀਤ ਨੇ ਇਨ੍ਹਾਂ ਕਹਾਣੀਆਂ ਦੀ ਬਦੌਲਤ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ, ਜਿਸ ਨਾਲ਼ ਸਾਹਿਤ ਦੇ ਖੇਤਰ ਵਿੱਚ ਸ੍ਰੀ ਮਾਛੀਵਾੜਾ ਸਾਹਿਬ ਦਾ ਨਾਂ ਹੋਰ ਰੁਸ਼ਨਾਇਆ ਹੈ।


ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਕਹਾਣੀਕਾਰ ਸੁਖਜੀਤ ਵੱਲੋਂ ਮਾਛੀਵਾੜਾ ਵਿਖੇ ਸਥਾਨਕ ਨਗਰ ਕੌਂਸਲ ਦੇ ਪ੍ਰਬੰਧ ਅਧੀਨ ਬੱਸ ਸਟੈਂਡ ਨੇੜੇ ‘ਸ਼ਬਦ ਲਾਇਬਰੇਰੀ’ ਉਸਾਰੀ ਗਈ ਸੀ। ਸੁਖਜੀਤ ਵੱਲੋਂ ਆਪਣੇ ਹੱਥੀਂ ਇੱਥੇ ਬਹੁਤ ਸਾਰੇ ਰੁੱਖ ਵੀ ਲਗਾਏ ਸਨ। ਹੌਲ਼ੀ ਹੌਲ਼ੀ ਇਹ ਲਾਇਬਰੇਰੀ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਅਤੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਸਾਹਿਤਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦੀ ਚਲੀ ਗਈ। ਇਸ ਗੱਲ ਦਾ ਡਾਢਾ ਅਫਸੋਸ ਹੈ ਕਿ ਇਸ ਦਾ ਕਿਸੇ ਸਾਹਿਤਕਾਰ ਵੱਲੋਂ ਵੀ ਨੋਟਿਸ ਨਾ ਲਿਆ ਗਿਆ। ਪਤਾ ਲੱਗਾ ਹੈ ਕਿ ਇਸ ਲਾਇਬਰੇਰੀ ਦੀਆਂ ਬੇਸ਼ਕੀਮਤੀ ਕਿਤਾਬਾਂ ਅਤੇ ਲਾਇਬਰੇਰੀ ਦਾ ਸਾਜ਼ੋ-ਸਮਾਨ ਹੁਣ ਗਾਇਬ ਹੋ ਚੁੱਕਾ ਹੈ। ਕਿਸੇ ਵੇਲ਼ੇ ਨਗਰ ਕੌਂਸਲ ਦਾ ਇੱਕ ਕਰਮਚਾਰੀ ਇਸ ਲਾਇਬਰੇਰੀ ਦੀ ਸਾਂਭ-ਸੰਭਾਲ ਲਈ ਹਾਜ਼ਰ ਰਹਿੰਦਾ ਸੀ।
ਸੋਸ਼ਲ ਮੀਡੀਆ ਰਾਹੀਂ ਪੱਤਰਕਾਰ ਅਤੇ ਸਮਾਜ ਸੇਵੀ ਅੰਮ੍ਰਿਤਪਾਲ ਵੱਲੋਂ ‘ਖੁੰਢ ਚਰਚਾ’ ਕਾਲਮ ਵਿੱਚ ਇਹ ਮਾਮਲਾ ਜ਼ੋਰਦਾਰ ਢੰਗ ਨਾਲ਼ ਉਠਾਇਆ ਗਿਆ ਸੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਸੁਰ ਸਾਂਝ ਡਾਟ ਕਾਮ ਬਿਊਰੋ ਵੱਲੋਂ ਅੱਜ ਨਗਰ ਕੌਂਸਲ ਸ੍ਰੀ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਮੋਹਿਤ ਕੁੰਦਰਾ ਨਾਲ਼ ਗੱਲਬਾਤ ਕੀਤੀ ਗਈ। ਸ੍ਰੀ ਕੁੰਦਰਾ ਨੇ ਕਿਹਾ ਕਿ ‘‘ਮਰਹੂਮ ਸੁਖਜੀਤ, ਸ੍ਰੀ ਮਾਛੀਵਾੜਾ ਸਾਹਿਬ ਦਾ ਮਾਣ ਹਨ। ਭਵਿੱਖ ਵਿੱਚ ਕਹਾਣੀਕਾਰ ਸੁਖਜੀਤ ਵੱਲੋਂ ਉਸਾਰੀ ਗਈ ‘ਸ਼ਬਦ ਲਾਇਬਰੇਰੀ’ ਨੂੰ ਯਾਦਗਾਰੀ ਲਾਇਬਰੇਰੀ ਵਜੋਂ ਵਿਕਸਤ ਕੀਤਾ ਜਾਵੇਗਾ।” ਉਂਝ ਵਿਚਾਰਨਯੋਗ ਤੱਥ ਇਹ ਵੀ ਹੈ ਕਿ ਕਹਾਣੀਕਾਰ ਸੁਖਜੀਤ ਨਾਲ਼ ਜੁੜੇ ਰਹੇ ਬਹੁਤੇ ਸਾਹਿਤਕਾਰ ਵੀ ਇਸ ਲਾਇਬਰੇਰੀ ਦੀ ਇਸ ਹਾਲਤ ਤੋਂ ਅਣਜਾਣ ਕਿਉਂ ਰਹੇ?

