ਚੰਡੀਗੜ੍ਹ 7 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਜਾਤ ਅਤੇ ਰੰਗ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਇੱਕ ਪਾਸੇ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਤੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਨੇ ਦਲਿਤਾਂ ਪ੍ਰਤੀ ਦਿੱਤੇ ਬਿਆਨ ਨੂੰ ਲੈ ਕੇ ਜਿੱਥੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੜਿੰਗ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਦਲਿਤ ਆਗੂਆਂ ਦੇ ਮਨਾਂ ਵਿੱਚ ਵੀ ਇਸ ਬਿਆਨ ਨੂੰ ਲੈ ਕੇ ਗਹਿਰਾ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਮੀਆਂਪੁਰ ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਹਮੇਸ਼ਾ ਹੀ ਸੰਦੇਸ਼ ਦਿੱਤਾ ਕਿ ਮਨੁੱਖੀ ਜੀਵਨ ਵਿੱਚ ਜਾਤ-ਪਾਤ ਕੋਈ ਮਾਇਨਾ ਨਹੀਂ ਰੱਖਦੀ, ਪਰ ਕਾਂਗਰਸ ਦੇ ਵੱਡੇ ਲੀਡਰ ਦਾ ਅਜਿਹਾ ਬਿਆਨ ਸ਼ਰਮਸਾਰ ਕਰਦਾ ਹੈ।
ਸਾਬਕਾ ਸਰਪੰਚ ਗੁਰਚਰਨ ਸਿੰਘ ਮਿਰਜਾਪੁਰ ਨੇ ਵੀ ਵੜਿੰਗ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਆਗੂ ਤੇ ਜਿੱਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਉੱਥੇ ਹੀ ਅਜਿਹੇ ਲੀਡਰਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ। ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ ਨੇ ਵੀ ਕਿਹਾ ਕਿ ਸਰਦਾਰ ਬੂਟਾ ਸਿੰਘ ਇੱਕ ਸਨਮਾਨਯੋਗ ਸ਼ਖਸ਼ੀਅਤ ਸਨ, ਜਿਨ੍ਹਾਂ ਦਾ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਕਾਂਗਰਸ ਪ੍ਰਧਾਨ ਨੂੰ ਉਹਨਾਂ ਪ੍ਰਤੀ ਅਜਿਹੇ ਜ਼ਹਿਰੀ ਸ਼ਬਦ ਨਹੀਂ ਉਗਲਣੇ ਚਾਹੀਦੇ ਸਨ। ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਕਿਹਾ ਕਿ ਰਾਜਾ ਵੜਿੰਗ ਦੇ ਹੰਕਾਰੀ ਸ਼ਬਦ ਇਹ ਜ਼ਾਹਿਰ ਕਰਦੇ ਹਨ ਕਿ ਇਹ ਲੋਕ ਸਿਆਸਤ ਵਿੱਚ ਆ ਕੇ ਦਲਿਤ ਲੋਕਾਂ ਨੂੰ ਕੁਝ ਨਹੀਂ ਸਮਝਦੇ, ਜਦਕਿ ਸਰਦਾਰ ਬੂਟਾ ਸਿੰਘ ਸਾਡੇ ਲਈ ਸਤਿਕਾਰ ਅਤੇ ਸਨਮਾਨ ਦੇ ਪਾਤਰ ਹਨ।’ ਇਸੇ ਤਰ੍ਹਾਂ ਭਾਜਪਾ ਆਗੂ ਚੌਧਰੀ ਜੈਮਲ ਸਿੰਘ ਮਾਜਰੀ, ਸਾਬਕਾ ਸਰਪੰਚ ਜਗਤਾਰ ਸਿੰਘ ਟੱਪਰੀਆਂ, ਸਾਬਕਾ ਸਰਪੰਚ ਬਲਵੀਰ ਸਿੰਘ ਬਿੱਟੂ ਸੁਹਾਲੀ, ਕੁਲਦੀਪ ਸਿੰਘ ਮੂੰਗੀਆ ਸਿਆਲਬਾ, ਹਰਮੇਸ਼ ਸਿੰਘ ਬੜੌਦੀ, ਕਿਸਾਨ ਆਗੂ ਗੁਰਮੀਤ ਸਿੰਘ ਸਾਂਟੂ, ਬਲਕਾਰ ਸਿੰਘ ਬੱਬੂ, ਸਾਬਕਾ ਸਰਪੰਚ ਸੰਜੇ ਕੁਮਾਰ ਫਤਿਹਪੁਰ, ਮਾਸਟਰ ਅਜੇ ਕੁਮਾਰ ਮੁੱਲਾਂਪੁਰ ਸਮੇਤ ਹੋਰ ਆਗੂਆਂ ਨੇ ਵੀ ਕਾਂਗਰਸ ਪ੍ਰਧਾਨ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

