Breaking
www.sursaanjh.com > ਅੰਤਰਰਾਸ਼ਟਰੀ > ਕਾਵਿ ਸੰਗ੍ਰਹਿ “ਗੀਤਾਂ ਦੀ ਖੁਸ਼ਬੋ” ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਕਾਵਿ ਸੰਗ੍ਰਹਿ “ਗੀਤਾਂ ਦੀ ਖੁਸ਼ਬੋ” ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਾਰਚ:
ਭਿੰਦਰ ਭਾਗੋਮਾਜਰਾ ਦੇ ਕਾਵਿ ਸੰਗ੍ਰਹਿ “ਗੀਤਾਂ ਦੀ ਖੁਸ਼ਬੋ” ਰਚਨਾਵਾਂ ਵਿੱਚ ਜਿੱਥੇ ਲੋਹੜੇ ਦੀ ਰਵਾਨੀ ਹੈ, ਉੱਥੇ ਸੁਨੇਹੇ ਪੱਖੋਂ ਵੀ ਇਹ ਰਚਨਾਵਾਂ ਪਾਠਕਾਂ ਦੇ ਦਿਲਾਂ ਤੇ ਚਿਰ ਸਥਾਈ ਪ੍ਰਭਾਵ ਛੱਡਣ ਵਾਲੀਆਂ ਹਨ। ਇਹ ਮਨੋਰੰਜਨ ਵੀ ਕਰਦੀਆਂ ਹਨ ਤੇ ਸਮਾਜਿਕ ਕੁਰੀਤੀਆਂ ਤੇ ਚੋਟ ਵੀ ਕਰਦੀਆਂ ਹਨ। ਇਹਨਾਂ ਰਚਨਾਵਾਂ ਦੀ ਪੁਖਤਗੀ, ਕਵੀ ਦੀ ਸੁੱਘੜ-ਸਿਆਣੀ ਸੋਚ ਦੀ ਤਰਜ਼ਮਾਨੀ ਤਾਂ ਕਰਦੀਆਂ ਹੀ ਹਨ, ਸਗੋਂ ਉਸਦਾ ਪੰਜਾਬੀ ਮਾਂ ਬੋਲ਼ੀ ਪ੍ਰਤੀ ਮੋਹ ਤੇ ਪਿਆਰ ਵੀ ਬਾਖੂਬੀ ਪ੍ਰਗਟਾਉਂਦੀਆਂ ਹਨ। ਮਾਇਆਵਾਦੀ ਸੰਸਾਰੀ ਦੌਰ ਵਿੱਚ ਵੀ ਨਿਰਸਵਾਰਥ ਮਾਂ ਬੋਲ਼ੀ ਦੀ ਸੇਵਾ ਕਰਨਾ ਬਹੁਤ ਹੀ ਵਿਰਲੇ ਮਨੁੱਖਾਂ ਹਿੱਸੇ ਆਇਆ ਹੈ ਤੇ ਇਹਨਾਂ ਵਿਰਲਿਆਂ ਵਿੱਚੋਂ ਹੀ ਭਿੰਦਰ ਭਾਗੋ ਮਾਜਰਾ ਵੀ ਇੱਕ ਹੈ। ਲੰਬਾ ਸਮਾਂ ਸ਼ਾਇਰਾਂ ਤੇ ਸਾਹਿਤ ਚਿੰਤਕਾਂ ਦੀ ਕੀਤੀ ਸੰਗਤ ਤੇ ਗ੍ਰਹਿਣ ਕੀਤੇ ਤਜ਼ਰਬੇ ਦਾ ਅਸਰ ਇਸਦੀ
ਸ਼ਾਇਰੀ ਤੇ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦਾ ਹੈ। ਇਹ ਰਚਨਾਵਾਂ ਸਰਲਤਾ ਨਾਲ ਗਾਈਆਂ ਵੀ ਜਾ ਸਕਦੀਆਂ। ਉਹ ਜਿੱਥੇ ਸਾਹਿਤ ਰਚਨਾ ਕਰਨਾ ਆਪਣਾ ਪਰਮ- ਧਰਮ ਸਮਝਦਾ ਹੈ, ਉੱਥੇ ਉਹ ਇਹਨਾਂ ਰਚਨਾਵਾਂ ਨੂੰ ਆਪਣੀ ਹੀ ਤਰਜ਼ ਤੇ ਆਪਣੀ ਹੀ ਬੁਲੰਦ ਆਵਾਜ਼ ਵਿੱਚ ਗਾ ਕੇ ਮਹਿਫ਼ਿਲਾਂ ਦੀ ਰੌਣਕ ਲੁੱਟਣ ਦਾ ਦਮਖਮ ਵੀ ਰੱਖਦਾ ਹੈ। ਇਸ ਲੇਖਕ ਦਾ ਸੁਭਾਅ ਵੀ ਇਸਦੀਆਂ ਰਚਨਾਵਾਂ ਵਰਗਾ ਹੀ ਸਰਲ ਤੇ ਸਪੱਸ਼ਟ ਹੈ।
ਮਿਲਾਪੜਾਪਨ ਤੇ ਸਾਦਗੀ ਵੀ ਇਸ ਲੇਖਕ ਦੀ ਵੱਖਰੀ ਪਹਿਚਾਣ ਬਣਾ ਕੇ ਇਸਨੂੰ ਹੋਰਾਂ ਤੋਂ ਨਿਖੇੜ੍ਹਦੀ ਹੈ। ਪੁਸਤਕ ਵਿੱਚ ਸ਼ੁਮਾਰ ਰਚਨਾਵਾਂ  ਵਿਦਿਆਰਥੀ ਵਰਗ ਲਈ ਵੀ ਚੇਤਨਤਾ ਦਾ ਪ੍ਰਸਾਰ ਕਰਦੀਆਂ, ਉਸਾਰੂ ਸੇਧ ਦੇਣ ਵਾਲੀ ਸੋਚ ਨੂੰ ਉਭਾਰਦੀਆਂ ਹਨ। ਪਾਖੰਡਵਾਦ ਨੂੰ ਨੰਗਾ ਕਰਕੇ, ਮਨੁੱਖ ਨੂੰ ਸੁਚੇਰੇ ਰਾਹ ਤੇ ਤੁਰਨ ਦਾ ਵਲ ਸਿਖਾਉਂਦੀਆਂ ਇਹ ਰਚਨਾਵਾਂ ਵਾਕਿਆ ਹੀ ਸਮਾਜ ਨੂੰ ਨਰੋਆ ਤੇ ਸਮੇਂ ਦੇ ਹਾਣ ਦਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਵਿਖਾਈ ਦਿੱਤੀਆਂ ਹਨ। ਸੱਜਣ ਦੇ ਵਿਛੋੜੇ ਤੇ ਮਿਲਾਪ ਦੇ ਨਾਲ ਨਾਲ ਔਰਤ ਦੇ ਸ਼ਿੰਗਾਰ ਦੀ ਗੱਲ ਵੀ ਕੀਤੀ ਹੈ ਤੇ ਰਚਨਾਵਾਂ ਵਿੱਚੋਂ ਦੇਸ਼ ਭਗਤੀ ਦਾ ਰੰਗ ਵੀ ਉੱਭਰਦਾ ਦਿਸਿਆ ਹੈ। ਪੰਜਾਬ ਦੀ ਮਿੱਟੀ ਨਾਲ ਮੋਹ ਤੇ ਅਬਲਾ ਨੂੰ ਸਬਲਾ ਵੇਖਣ ਦਾ ਚਾਅ ਵੀ ਉਬਾਲੇ ਖਾਂਦਾ ਵੇਖਿਆ ਜਾ ਸਕਦਾ ਹੈ। ਇਹ ਕਾਵਿ ਸੰਗ੍ਰਹਿ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਸੋਹਣੀ ਦਿੱਖ ਦੇ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸਦੇ 88 ਪੰਨੇ ਹਨ। ਇਹਨਾਂ ਵਿੱਚੋਂ 20 ਪੰਨੇ ਤੱਤਕਰਾ ਤੇ ਭੂਮਿਕਾ ਲਈ ਖਰਚ ਕਰਕੇ ਬਾਕੀ ਪੰਨਿਆਂ ਤੇ ਚਰਚਿਤ ਲਿਖਾਰੀ ਭਿੰਦਰ ਭਾਗੋਮਾਜਰਾ ਦੀ ਕਲਮ ਵਿੱਚੋਂ ਨਿਕਲੀਆਂ 57 ਰਚਨਾਵਾਂ ਜੋ ਵੰਨ-ਸੁਵੰਨਿਆਂ ਵਿਸ਼ਿਆਂ ਨੂੰ ਕਲਾਵੇ ਵਿੱਚ ਲੈਂਦੀਆਂ ਹਨ, ਦਰਜ ਕੀਤੀਆਂ ਗਈਆਂ ਹਨ। ਮੈਂ ਇਹਨਾਂ ਸੋਹਣੀਆਂ ਰਚਨਾਵਾਂ ਦੇ ਭਰਵੇਂ ਪਰਾਗੇ ਦਾ ਪੰਜਾਬੀ ਸਾਹਿਤ ਦੇ ਵਿਹੜੇ ਧਮਾਲ ਪਾਉਣ ਤੇ ਆਪਣਾ ਰੰਗ ਵਿਖੇਰਣ ਲਈ ਜੀ ਆਇਆ ਨੂੰ ਕਹਿੰਦਾ ਹਾਂ ਤੇ ਆਸ ਕਰਦਾ ਹਾਂ ਕੇ ਇਹ ਅੱਖਰ ਮਾਂ ਬੋਲ਼ੀ ਦੇ ਪਿਆਰਿਆਂ ਨੂੰ ਸੁਹੰਢਣੇ ਹੋਣਗੇ। ਇਸ ਸੁਚੱਜੇ ਕਾਰਜ ਲਈ ਲੇਖਕ ਨੂੰ ਵਧਾਈ ਦਿੰਦਾ ਹੋਇਆ ਭਵਿੱਖ ਵਿੱਚ ਉਸ ਤੋਂ ਹੋਰ ਵਧੀਆ ਸਾਹਿਤ ਦੀ ਤਵੱਕੋਂ ਵੀ ਕਰਦਾ ਹਾਂ।
ਰਾਜ ਕੁਮਾਰ ਸਾਹੋਵਾਲੀਆ

Leave a Reply

Your email address will not be published. Required fields are marked *