ਕੈਲੇਫੋਰਨੀਆਂ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜਨਵਰੀ:
ਚਿੰਤਨ ਲੇਖ
ਮੈਂ ਅਮਰੀਕਾ ਦੀ ਕੈਲੇਫੋਰਨੀਆਂ ਦੇ ਸ਼ਹਿਰ ਫਰਿਜਨੋ ਤੋਂ ਆਪਣੇ ਟਰੱਕ ਰਾਹੀਂ ਸਾਤਾਂ ਮੜੀਆਂ ਸ਼ਹਿਰ ਤੋਂ ਲੋਡ ਚੁੱਕਣ ਗਿਆ ਸੀ ਜੋ ਕਿ ਕਰੀਬ ਸਾਡੇ ਸ਼ਹਿਰ ਫਰਿਜਨੋ ਤੋਂ 170 ਮੀਲ ਦੀ ਦੂਰੀ ‘ਤੇ ਸਥਿਤ ਹੈ। ਜਦੋਂ ਮੈਂ ਸ਼ਾਮ ਨੂੰ ਲੋਡ ਚੁੱਕਣ ਤੋਂ ਬਾਅਦ ਵਾਪਸ ਮੁੜਨ ਲੱਗਿਆ ਤਾਂ ਮੇਰਾ ਜੀਪੀਐਸ ਟਰੱਕ ਤਕਨੀਕੀ ਨੁਕਸ ਕਾਰਨ ਖਰਾਬ ਹੋ ਗਿਆ ਤਾਂ ਮੈਂ ਬਦਲਵਾਂ ਪ੍ਰਬੰਧ ਕਰਕੇ ਆਪਣੇ ਸ਼ਹਿਰ ਦੀ ਲੋਕੇਸ਼ਨ ਆਪਣੇ ਮੋਬਾਈਲ ਵਿੱਚ ਪਾ ਲਈ ਤਾਂ ਕਿ ਸਹੀ ਰਾਸਤੇ ਉਤੇ ਜਾ ਸਕਾਂ। ਮੈਨੂੰ ਫੋਨ ਵਾਲੇ ਸਿਸਟਮ ਨੇ ਇੱਕ ਲਿੰਕ ਸੜਕ ‘ਤੇ ਪਾ ਦਿੱਤਾ ਕਿਉਂਕਿ ਮੈਂ ਡਰਾਈਵਰ ਵੀ ਨਵਾਂ ਸੀ ਅਤੇ ਦੂਜਾ ਸਾਤਾਂ ਮੜੀਆਂ ਵਿਖੇ ਗਿਆ ਵੀ ਪਹਿਲੀ ਵਾਰ ਸੀ, ਤੀਜਾ ਮੇਰੇ ਟਰੱਕ ਨੂੰ ਵੀ ਕੁਝ ਸਮੱਸਿਆ ਆ ਰਹੀ ਸੀ ਜੋ ਕਿ ਚੰਗੀ ਤਰ੍ਹਾਂ ਸਪੀਡ ਨਹੀਂ ਫੜ ਰਿਹਾ ਸੀ ਜਾ ਕਹਿ ਲਈਏ ਕਿ ਉਹ ਥੋੜ੍ਹਾ ਮੇਸ਼ਨ ਤੋੜ ਰਿਹਾ ਸੀ। ਜਿਵੇਂ ਅਕਸਰ ਆਪਣੀ ਪੰਜਾਬੀ ਦੀ ਕਹਾਵਤ ਹੈ ਇੱਕ ਕਮਲੀ ਦੂਜਾ ਸਿਵਿਆਂ ਦੇ ਰਾਹ ਪੈ ਗਈ, ਇਸ ਤਰ੍ਹਾਂ ਹੀ ਮੈਂ ਜਦੋਂ ਮੈਂ ਲਿੰਕ ਸੜਕ ਉਤੇ ਜਾ ਰਿਹਾ ਸੀ ਤਾਂ ਉਹ ਰਸਤਾ ਕਾਫ਼ੀ ਉੱਚੀ ਪਹਾੜੀ ਵਾਲਾ ਸੀ ਅਤੇ ਕਰੀਬ 2022 ਮੀਲ ਜਾਣ ਤੋਂ ਬਾਅਦ ਹੀ ਵਧੀਆ ਤੇ ਪੱਧਰਾ ਰਸਤਾ ਆਉਣਾ ਸੀ, ਪਰ ਮੇਰੇ ਟਰੱਕ ਦੀ ਪਿਕਅੱਪ ਠੀਕ ਨਾ ਹੋਣ ਕਰਕੇ ਅਤੇ ਮੇਰੀ ਨਵੀਂ ਡਰਾਈਵਰੀ ਕਰਕੇ ਮੇਰਾ ਅਜਿਹੇ ਰਸਤੇ ‘ਤੇ ਜਾਣ ਦਾ ਹੌਸਲਾ ਨਾ ਬਣੇ। ਉਸ ਰਸਤੇ ਤੋਂ ਯੂ-ਟਰਨ ਮਾਰਨਾ ਵੀ ਸੰਭਵ ਨਹੀਂ ਸੀ।


ਅਜਿਹੇ ਵਿੱਚ ਮੈਂ ਫ਼ੈਸਲਾ ਕੀਤਾ ਕਿ ਕਿਉਂ ਨਾ ਪੁਲੀਸ ਦੀ ਮਦਦ ਲਈ ਜਾਵੇ ਕਿਉਂਕਿ ਪੰਜਾਬ ਵਿੱਚ ਰਹਿੰਦਿਆ ਕਈ ਵਾਰ ਸੁਣਿਆ ਸੀ ਕਿ ਅਮਰੀਕਾ ਦੀ ਪੁਲੀਸ ਬਹੁਤ ਵਧੀਆ ਹੈ। ਜਦੋਂ ਮੈਂ ਪੁਲੀਸ ਮਦਦ ਲਈ ਕਾਲ ਕੀਤੀ ਤਾਂ ਕੁਝ ਮਿੰਟਾਂ ਵਿੱਚ ਹੀ ਪੁਲੀਸ ਦੀਆਂ ਦੋ ਗੱਡੀਆਂ ਆ ਗਈਆਂ। ਪੁਲੀਸ ਵਾਲਿਆਂ ਨੇ ਬਹੁਤ ਹੀ ਹਲੀਮੀ ਨਾਲ ਮੇਰੀ ਸਮੱਸਿਆ ਜਾਣੀ ਅਤੇ ਕਿਹਾ ਕਿ ਸਿੰਘਾ ਤੂੰ ਇਸ ਸੜਕ ਉੱਤੇ ਜਾ ਸਕਦਾ ਹੈ, ਪਰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਜਰੂਰਤ ਹੈ। ਮੈਂ ਪੁਲੀਸ ਵਾਲਿਆ ਨੂੰ ਟਰੱਕ ਦਾ ਮੇਸ਼ਨ ਟੁੱਟਣ ਬਾਰੇ ਪਹਿਲਾਂ ਹੀ ਦੱਸ ਚੁੱਕਾ ਸੀ ਅਤੇ ਬੇਨਤੀ ਕੀਤੀ ਕਿ ਕੀ ਉਹ ਮੈਨੂੰ ਮੇਰੇ ਟਰੱਕ ਸਮੇਤ ਐਸਕੋਰਟ ਅਤੇ ਪਾਇਲਟ ਗੱਡੀ ਲਗਾ ਕੇ 20 ਮੀਲਾਂ ਤੱਕ ਛੱਡ ਸਕਦੇ ਹਨ ਤਾਂ ਉਨ੍ਹਾਂ ਦੋਵੇਂ ਪੁਲੀਸ ਵਾਲਿਆਂ ਨੇ ਹਾਂ ਕਰ ਦਿੱਤੀ। ਫਿਰ ਉਹ ਜੋ ਆਪਣੀਆਂ ਅੱਡ-ਅੱਡ ਗੱਡੀਆ ਵਿੱਚ ਆਏ ਸਨ ਤਾਂ ਇੱਕ ਪੁਲੀਸ ਵਾਲੇ ਨੇ ਗੱਡੀ ਮੇਰੇ ਟਰੱਕ ਦੇ ਅੱਗੇ ਲਗਾ ਲਈ ਅਤੇ ਦੂਜੇ ਨੇ ਪਿੱਛੇ ਲਗਾ ਲਈ ਅਤੇ ਮੈਨੂੰ ਚੱਲਣ ਲਈ ਕਹਿ ਦਿੱਤਾ। ਚੜ੍ਹਾਈ ਭਾਵੇਂ ਜਿਆਦਾ ਸੀ, ਪਰ ਟਰੱਕ ਹੌਲੀ-ਹੌਲੀ ਚੜ੍ਹਾਈ ਚੜ੍ਹ ਰਿਹਾ ਸੀ। ਹੁਣ ਮੈਨੂੰ ਕਾਫ਼ੀ ਹੌਸਲਾ ਹੋ ਗਿਆ ਸੀ ਕਿ ਦੋ ਪ੍ਰਲੀਸ ਦੀਆਂ ਗੱਡੀਆ ਮੇਰੇ ਨਾਲ ਹਨ। ਜੇਕਰ ਕੋਈ ਸਮੱਸਿਆ ਆ ਵੀ ਗਈ ਤਾਂ ਪੁਲੀਸ ਵਾਲੇ ਆਪੇ ਹੱਲ ਕੱਢਣਗੇ। ਇਹ ਸੋਚ ਕੇ ਮੈਨੂੰ ਮਨ ਹੀ ਮਨ ਵਿੱਚ ਥੋੜ੍ਹਾ ਸਕੂਨ ਵੀ ਆ ਰਿਹਾ ਸੀ ਕਿ ਜਿਵੇਂ ਪੰਜਾਬ ਵਿੱਚ ਇੱਕ ਮੰਤਰੀ ਦੇ ਅੱਗ ਪਿੱਛੇ ਪੁਲੀਸ ਦੀਆਂ ਦੋ-ਦੋ ਗੱਡੀਆ ਚੱਲਦੀਆਂ ਹਨ. ਅੱਜ ਮੇਰੇ ਨਾਲ ਦੀ ਇਵੇਂ ਹੀ ਦੇ ਗੱਡੀਆ ਚੱਲ ਰਹੀਆਂ ਹਨ।
ਕੁਝ ਮੀਲ ਬਾਅਦ ਜਦੋਂ ਰਸਤਾ ਪੱਧਰਾ ਆ ਗਿਆ ਤਾਂ ਮੈਂ ਪੁਲੀਸ ਦੀ ਗੱਡੀ ਜੋ ਕਿ ਮੇਰੇ ਅੱਗੇ ਹੌਲੀ-ਹੌਲੀ ਜਾ ਰਹੀ ਸੀ, ਉਸ ਨੂੰ ਹਾਰਨ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਮੈਂ ਟਰੱਕ ਸੜਕ ਦੇ ਇੱਕ ਪਾਸੇ ਲਗਾ ਕੇ ਦੋਵੇਂ ਪੁਲੀਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਹੁਣ ਵਾਪਸ ਜਾ ਸਕਦੇ ਹੋ। ਹੁਣ ਮੈਂ ਸੁਰੱਖਿਅਤ ਸੜਕ ਉਤੇ ਆ ਗਿਆ ਹਾਂ। ਮੈਂ ਪੁਲੀਸ ਵਾਲਿਆ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਪਰ ਮੈਨੂੰ ਉਨ੍ਹਾਂ ਪੁਲੀਸ ਵਾਲਿਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਲੱਭ ਰਿਹਾ ਸੀ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਨਾਲ ਕੌਫ਼ੀ ਦਾ ਕੱਪ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਬਹੁਤ ਹੀ ਹਲੀਮੀ ਅਤੇ ਨਿਮਰਤਾ ਨਾਲ ਸਮਾਂ ਘੱਟ ਹੋਣ ਦੀ ਮਜਬੂਰੀ ਦੱਸੀ ਅਤੇ ਦੁਬਾਰਾ ਮਿਲਣ ਦੀ ਆਸ ਨਾਲ ਚੰਗੇ ਸਫ਼ਰ ਦੀਆਂ ਸ਼ੁੱਭ-ਕਾਮਨਾਵਾਂ ਦੇ ਕੇ ਉਹ ਪੁਲੀਸ ਮੁਲਾਜ਼ਮ ਵਾਪਸ ਚਲੇ ਗਏ। ਮੇਰਾ ਭਾਵੇਂ ਮਸਲਾ ਹੱਲ ਹੋ ਗਿਆ ਸੀ, ਪਰ ਇੱਕ ਮਸਲਾ ਰਹਿ ਗਿਆ। ਉਹ ਇਹ ਸੀ ਕਿ ਕਾਸ਼ ! ਭਾਰਤ ਦੀ ਪੁਲੀਸ ਵੀ ਇਹੋ ਜਿਹੀ ਹੋਵੇ। ਇਹ ਸਵਾਲ ਮੈਨੂੰ ਵਾਰ-ਵਾਰ ਉਦੋਂ ਤੱਕ ਤੰਗ ਕਰਦਾ ਰਿਹਾ, ਜਦੋਂ ਤੱਕ ਮੈਂ ਵਾਪਸ ਫਰਿਜਨੋ ਨਹੀਂ ਪਹੁੰਚ ਗਿਆ। ਜੇਕਰ ਉਹ ਪੁਲਿਸ ਵਾਲੇ ਮੇਰੀ ਇਸ ਤਰ੍ਹਾਂ ਮਦਦ ਨਾ ਕਰਦੇ ਤਾਂ ਮੈਂ ਬਹੁਤ ਪਰੇਸ਼ਾਨ ਹੋਣਾ ਸੀ। ਦੂਜਾ ਜੇ ਮੈਂ ਅਜਿਹੀ ਸਥਿਤੀ ਵਿੱਚ ਕਿਤੇ ਭਾਰਤ ਵਿੱਚ ਫਸ ਜਾਂਦਾ ਤਾਂ ਤੁਸੀ ਸੋਚ ਹੀ ਸਕਦੇ ਹੋ ਕੀ ਹੋਣਾ ਸੀ। ਉਸ ਮੁਸ਼ਕਿਲ ਦੌਰਾਨ ਅਮਰੀਕੀ ਪੁਲੀਸ ਮੇਰੇ ਲਈ ਵੱਡਾ ਸਹਾਰਾ ਬਣ ਕੇ ਬਹੁੜੀ। ਮੈਂ ਅਕਸਰ ਸੋਚਦਾ ਹਾਂ ਕਿ ਜੇਕਰ ਹਰ ਦੇਸ਼ ਦੀ ਪੁਲੀਸ ਨਾਗਰਿਕਾ ਨੂੰ ਮੁਸੀਬਤ ਪੈਣ ‘ਤੇ ਉਨ੍ਹਾਂ ਨਾਲ ਇਸ ਤਰ੍ਹਾਂ ਖੜ੍ਹੇ ਤਾਂ ਦੁਨੀਆ ਵਿੱਚ ਕਿੰਨੀਆ ਹੀ ਸਮੱਸਿਆਵਾਂ ਆਪ ਹੀ ਖਤਮ ਹੋ ਜਾਣਗੀਆਂ। ਬਸ ਪੁਲੀਸ ਦੇ ਰਵੱਈਏ ਨੂੰ ਬਦਲਣ ਦੀ ਲੋੜ ਹੈ।
ਜਸਵੀਰ ਸਿੰਘ ਜੱਸੀ, ਕੈਲੀਫੋਰਨੀਆ
ਮੋਬਾਈਲ 0015597705624

