www.sursaanjh.com > ਅੰਤਰਰਾਸ਼ਟਰੀ > ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ

ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ:
ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ
”ਖਿੜਦੇ ਫੁੱਲ ਗੁਲਾਬ ‘ਤੇ ਕੋਈ ਕਰ ਗਿਆ ਟੂਣਾ/ ਰੋਂਦੇ ਨੇ ਪੰਜ ਆਬ ‘ਤੇ ਕੋਈ ਕਰ ਗਿਆ ਟੂਣਾ/ ਕਿਸ ਚੰਦਰੇ ਨੇ ਏਸ ਨੂੰ ਨਜ਼ਰਾਂ ਲਾਈਆਂ, ਨਾਗਾਂ ਤੋਂ ਵੱਧ ਜ਼ਹਿਰੀਆਂ ਉਂਗਲਾਂ ਛੁਹਾਈਆਂ, ਹਾਏ ! ਸੁਨਹਿਰੀ ਖ਼ਾਬ ‘ਤੇ ਕੋਈ ਕਰ ਗਿਆ ਟੂਣਾ/ ਖਿੜਦੇ ਫੁੱਲ ਗੁਲਾਬ ‘ਤੇ ਕੋਈ ਕਰ ਗਿਆ ਟੂਣਾ” ਇਨ੍ਹਾਂ ਸਤਰਾਂ ਦਾ ਲਿਖਾਰੀ ਧਿਆਨ ਸਿੰਘ ਕਾਹਲੋਂ ਚੰਡੀਗੜ੍ਹ, ਮੁਹਾਲੀ ਅਤੇ ਖਰੜ ਖੇਤਰ ਦੀਆਂ ਸਮੂਹ ਸਾਹਿਤਕ ਕਾਵਿ ਮਹਿਫ਼ਲਾਂ ਦਾ ਸ਼ਿੰਗਾਰ ਹੈ। ਧਿਆਨ ਸਿੰਘ ਕਾਹਲੋਂ ਦੇ ਗੀਤ, ਜਿੱਥੇ ਧਿਆਨ ਖਿੱਚਦੇ ਹਨ, ਉੱਥੇ ਸੋਚਣ ਲਈ ਵੀ ਮਜਬੂਰ ਕਰਦੇ ਹਨ। ਇਸ ਗੱਲ ਦੀ ਗਵਾਹੀ ਉਸ ਦੀਆਂ ਪੰਜਾਬ ਨੂੰ ਲੈ ਕੇ ਫਿਕਰਮੰਦੀ ਵਾਲੀਆਂ ਇਕ ਗੀਤ ਦੀਆਂ ਉਪਰੋਕਤ ਸਤਰਾਂ ਵੀ ਭਰਦੀਆਂ ਹਨ। ਇਹੋ ਨਹੀਂ ਧਿਆਨ ਸਿੰਘ ਕਾਹਲੋਂ ਜਿੱਥੇ ਗੀਤਕਾਰ ਵਜੋਂ, ਲੇਖਕ ਵਜੋਂ, ਸਾਹਿਤਕ ਖੇਤਰ ਵਿਚ ਪਹਿਚਾਣਿਆ ਜਾਂਦਾ ਹੈ, ਉਥੇ ਕਾਵਿ ਮਹਿਫ਼ਲਾਂ ਵਿਚ ਉਹ ਆਪਣੀ ਕਲਮ ਵਿਚੋਂ ਨਿਕਲੇ ਗੀਤ ਗਾ ਕੇ ਸਰੋਤਿਆਂ ਤੋਂ ਵਾਹ-ਵਾਹ ਵੀ ਖੱਟ ਲੈਂਦਾ ਹੈ। ਕਾਹਲੋਂ ਦੇ ਗੀਤਾਂ ਵਿਚ ਸਿਆਸੀ ਚਾਲਾਂ, ਜਾਤ-ਪਾਤ ਦੇ ਨਾਮ ‘ਤੇ ਹੁੰਦੇ ਹਮਲੇ, ਫਿਰਕੂਵਾਦ ਦਾ ਮਾਹੌਲ, ਧਰਮਾਂ ਦੇ ਨਾਮ ‘ਤੇ ਹੁੰਦੀ ਵੰਡ ਪਾਊ ਰਾਜਨੀਤੀ ਦਾ ਵਰਤਾਰਾ ਆਮ ਹੀ ਨਜ਼ਰੀਂ ਪੈ ਜਾਂਦਾ ਹੈ । ਉਹ ਆਪਣੇ ਗੀਤਾਂ ਵਿਚ ਆਪਣੀ ਇਸ ਫਿਕਰਮੰਦੀ ਨੂੰ ਬੜੀ ਗੰਭੀਰਤਾ ਨਾਲ ਇੰਞ ਪ੍ਰਗਟਾਉਂਦਾ ਵੀ ਹੈ।
”ਮੱਚ ਰਹੀਆਂ ਅੱਗਾਂ ਨੂੰ ਬੁਝਾਉ ਮੇਰੇ ਦੋਸਤੋ/ ਲੈਣ ਨਾ ਲਪੇਟ ਪਾਣੀ ਪਾਉ ਮੇਰੇ ਦੋਸਤੋ/ ਲੜਨ ਨਈਉਂ ਦੇਣਾ ਆਪਾਂ ਕਿਰਤੀ ਕਿਸਾਨ ਨੂੰ, ਖੂਨ ਨਈਉਂ ਪੀਣ ਦੇਣਾ ਕਿਸੇ ਧਨਵਾਨ ਨੂੰ/ ਜ਼ੁਲਮਾਂ ਨੂੰ ਏਨਾਂ ਨਾ ਅਪਣਾਉ ਮੇਰੇ ਦੋਸਤੋ/ ਲੈਣ ਨਾ ਲਪੇਟ ਪਾਣੀ ਪਾਉ ਮੇਰੇ ਦੋਸਤੋ/ ਮਜ਼ਹਬਾਂ ਦੇ ਵੈਰ ਸਾਰੇ ਦਿਲਾਂ ਵਿਚੋਂ ਕੱਢਣੇ, ਵੈਰ ਤੇ ਵਿਰੋਧ ਵਾਲੇ ਬੀਜ ਨਈਉਂ ਛੱਡਣੇ/ ਭਰਮਾਂ ਨੂੰ ਏਡਾ ਨਾ ਵਧਾਉ ਮੇਰੇ ਦੋਸਤੋ/ ਲੈਣ ਨਾ ਲਪੇਟ ਪਾਣੀ ਪਾਉ ਮੇਰੇ ਦੋਸਤੋ।”
ਲੇਖਕ ਜਿੱਥੇ ਆਪਣੇ ਗੀਤਾਂ ਰਾਹੀਂ ਪੰਜਾਬ ਪ੍ਰਤੀ, ਪੰਜਾਬੀ ਪ੍ਰਤੀ, ਪੰਜਾਬ ਵਾਸੀਆਂ ਪ੍ਰਤੀ, ਕਿਰਤੀ ਕਿਸਾਨਾਂ-ਮਜ਼ਦੂਰਾਂ ਪ੍ਰਤੀ ਫਿਕਰਮੰਦ ਹੈ, ਉਥੇ ਹੀ ਉਸ ਦੀ ਕਲਮ ਇਸ਼ਕ ਦੇ ਗੀਤ, ਪਿਆਰ ਦੀਆਂ ਬਾਤਾਂ, ਪਤੀ-ਪਤਨੀ ਵਿਚਾਲੇ ਨੋਕ-ਝੋਕ, ਸ਼ਿੰਗਾਰ ਦੇ ਬੋਲ, ਹਿਜਰ ਦੀ ਪੀੜ, ਤੋੜ ਵਿਛੋੜੇ ਦਾ ਗ਼ਮ, ਮਿਲਣ ਦੀ ਆਸ ਤੇ ਪਿਆਰ ਦਾ ਅਹਿਸਾਸ ਜਤਾਉਂਦੇ ਗੀਤ ਵੀ ਲਿਖਦੀ ਹੈ।
”ਮਿਲਿਆ ਕੀ ਦਿਲਾਂ ਦੇ ਵਿਉਪਾਰ ਵਿਚ ਸੱਜਣਾ, ਜਿੱਤੀ ਬਾਜ਼ੀ ਹਾਰੀ ਅਸਾਂ ਪਿਆਰ ਵਿਚ ਸੱਜਣਾ/ ਅੱਲੇ ਅੱਲੇ ਜ਼ਖ਼ਮਾਂ ‘ਤੇ ਲੂਣ ਲਾਉਣ ਵਾਲਿਆ/ ਸਦਾ ਸੁਖੀ ਵਸੇਂ ਝੋਲੀ ਗ਼ਮ ਪਾਉਣ ਵਾਲਿਆ/ ਰਤਾ ਨਈਉਂ ਗਿਲਾ ਸਾਨੂੰ ਹਾਰ ਵਿਚ ਸੱਜਣਾ/ ਜਿੱਤੀ ਬਾਜ਼ੀ ਹਾਰੀ ਅਸਾਂ ਪਿਆਰ ਵਿਚ ਸੱਜਣਾ।”
ਲੇਖਕ ਆਪਣੇ ਗੀਤਾਂ ਵਿਚ ਇਸ਼ਕ ਹਕੀਕੀ ਤੋਂ ਲੈ ਕੇ ਇਸ਼ਕ ਮਿਜ਼ਾਜੀ ਤੱਕ ਦੀ ਜਿੱਥੇ ਬਾਤ ਖੁੱਲ੍ਹ ਕੇ ਪਾਉਂਦਾ ਹੈ, ਉਥੇ ਹੀ ਉਸ ਦੇ ਗੀਤਾਂ ਵਿਚ ਗਹਿਣੇ-ਗੱਟੇ, ਫੁੱਲ-ਪੱਤੀਆਂ, ਹਾਰ-ਸ਼ਿੰਗਾਰ, ਚੰਨ-ਤਾਰੇ, ਧਰਤ-ਆਕਾਸ਼, ਹਰਿਆਵਲ ਤੇ ਰੁੱਤਾਂ ਦੀ ਵੀ ਭਰਮਾਰ ਹੈ। ਇੰਝ ਲੇਖਕ ਕੁਦਰਤ ਦੇ ਵੀ ਨੇੜੇ ਹੈ ਅਤੇ ਮਨੁੱਖਤਾ ਦੇ ਵੀ ਨੇੜੇ ਹੈ। ਉਸ ਨੇ ਆਪਣੇ ਗੀਤਾਂ ਵਿਚ ਸਮਾਜਿਕ ਬੁਰਾਈਆਂ ਨੂੰ ਵੀ ਚੁਣੌਤੀ ਦਿੱਤੀ ਹੈ।
ਨਸ਼ੇ, ਲਾਲਸਾਵਾਂ, ਰਿਸ਼ਤਿਆਂ ਦੀ ਟੁੱਟ-ਭੱਜ ਵਰਗੇ ਵਿਸ਼ਿਆਂ ਨੂੰ ਛੂਹਦਿਆਂ ਗੀਤਕਾਰ ਫ਼ਿਕਰਮੰਦ ਨਜ਼ਰ ਆਇਆ ਹੈ। ਇਸ ਕਿਤਾਬ ਵਿਚ ਦਰਜ ਲੇਖਕ ਕਾਹਲੋਂ ਦੀ ਕਲਮ ‘ਚੋਂ ਨਿਕਲੇ ਗੀਤ ‘ਮਾਂ ਗੁੱਜਰੀ’ ਤੇ ‘ਸੀਸ ‘ਤੇ ਆਰਾ’ ਵਰਗੇ ਗੀਤ ਕੁਰਬਾਨੀ ਦੀ ਇਬਾਰਤ ਸੁਣਾਉਂਦੇ ਵੀ ਨਜ਼ਰ ਆਉਂਦੇ ਹਨ। ‘ਦੁਨੀਆ ਬਦਲ ਗਈ’ ਵਰਗਾ ਗੀਤ ਤੇ ‘ਗੱਲ ਸੁਣ ਮਨਾ ਮੂਰਖਾ’ ਵਰਗੇ ਦਰਜਨਾਂ ਗੀਤ ਪਾਠਕਾਂ ਤੇ ਸਰੋਤਿਆਂ ਨੂੰ ਕਾਫ਼ੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੇ ਹਨ।
ਗੀਤਕਾਰ, ਲੇਖਕ ਤੇ ਗਾਇਕ ਧਿਆਨ ਸਿੰਘ ਕਾਹਲੋਂ ਦੇ ਲਿਖੇ ਗੀਤਾਂ ਦੀ ਇਹ ”ਬੋਲ ਰਸੀਲੇ” ਸਿਰਲੇਖ ਹੇਠ ਪਲੇਠੀ ਕਿਤਾਬ ਹੈ। ਉਸ ਦਾ ਹਰ ਗੀਤ ਕੋਈ ਨਾ ਕੋਈ ਸੁਨੇਹਾ, ਸੇਧ, ਸਮਝ, ਸਿਆਣਪ, ਸਾਂਝ ਤੇ ਸੁਹੱਪਣ ਵੰਡਦਾ ਨਜ਼ਰ ਆਉਂਦਾ ਹੈ। ਉਸ ਦੇ ਪਲੇਠੇ ਗੀਤਾਂ ਦੇ ਸੰਗ੍ਰਹਿ ਦੀ ਇਸ ਕਿਤਾਬ ਨੂੰ ਸਾਹਿਤ ਦੇ ਵਿਹੜੇ ਵਿਚ ਜੀ ਆਇਆਂ ਆਖਦਿਆਂ ਮੈਂ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅਰਜੋਈ ਕਰਦਾ ਹਾਂ ਕਿ ਸਾਡੇ ਇਸ ਲੇਖਕ ਨੂੰ ਹੋਰ ਵੀ ਸ਼ਬਦਾਂ ਦਾ ਭੰਡਾਰ ਬਖਸ਼ਣ, ਉਸ ਦੀ ਕਲਮ ਨੂੰ ਹੋਰ ਤਾਕਤ ਬਖ਼ਸ਼ਣ ਤੇ ਉਹ ਸਾਹਿਤ ਦੀ ਸੇਵਾ ਇਵ ਹੀ ਕਰਦਾ ਰਹੇ। ਧਿਆਨ ਸਿੰਘ ਕਾਹਲੋਂ ਨੂੰ ਮੁਬਾਰਕ।
ਦੀਪਕ ਸ਼ਰਮਾ ਚਨਾਰਥਲ

Leave a Reply

Your email address will not be published. Required fields are marked *