ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਾਰਚ:
ਕਿਤਾਬ ‘ਬਾਲ ਕਾਵਿ ਕਿਆਰੀ’ ਬਾਲ ਮਨਾਂ ਨੂੰ ਸਮਰਪਿਤ ਹੈ। ਬਾਲ ਸਾਹਿਤ ਰਚਨਾ ਆਪਣੇ ਆਪ ਦੇ ਵਿਚ ਕਾਬਲੇ-ਤਾਰੀਫ਼ ਉਪਰਾਲਾ ਹੈ। ਇਸ ਬਾਲ ਲਿਖਤ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਿਲ ਹਨ। ਬਹੁਤ ਅੱਛੀਆਂ ਰਚਨਾਵਾਂ ਵਿਦਿਆਰਥੀਆਂ ਵੱਲੋਂ ਤਿਆਰ ਕਰਕੇ ਇਸ ਕਿਤਾਬ ਦੇ ਪੰਨਿਆਂ ਦਾ ਸ਼ਿੰਗਾਰ ਬਣਾਈਆਂ ਗਈਆਂ ਹਨ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖੋ ਵੱਖਰੇ ਵਿਸ਼ਿਆਂ ਨੂੰ ਛੋਹਿਆ ਹੈ। ਕਿਤੇ ਵਿਦਿਆਰਥੀ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਹਨ, ਕਿਤੇ ਪਿਆਰੀ ਮਾਂ ‘ਤੇ, ਕਿਤੇ ਗੁਰੂ ਗੋਬਿੰਦ ਸਿੰਘ ‘ਤੇ ਕਿਤੇ ਸਬਜ਼ੀਆਂ ਦੇ ਉੱਪਰ ਕਿਤੇ ਤਿਤਲੀ ਕਿਤੇ ਪਿਤਾ, ਦਾਦਾ ਦਾਦੀ,ਮਾਂ ,ਗਿਆਨ ਵਿਗਿਆਨ ਆਦਿ ਵਿਸ਼ਿਆਂ ਉੱਪਰ ਵਿਦਿਆਰਥੀਆਂ ਨੇ ਬਹੁਤ ਰਚਨਾਵਾਂ ਰਚੀਆਂ ਹਨ ਜੋ ਬਾਖੂਬੀ ਨਿੱਕੇ-ਨਿੱਕੇ ਮਨਾਂ ਦਾ ਸੁਨੇਹਾ ਦਿੰਦੀਆਂ ਹਨ। ਇਹਨਾਂ ਦੀਆਂ ਕਾਵਿ ਸਤਰਾਂ ਬਾਲ ਨਿਆਣਿਆਂ ਦੀਆਂ ਤੜਾਗੀਆਂ ਵਰਗੀਆਂ ਹਨ। ਇਨ੍ਹਾਂ ਕਾਵਿ-ਸਤਰਾਂ ਵਿੱਚੋਂ ਬੱਚਿਆਂ ਦੇ ਤੋਤਲੇ ਅਲਫਾਜ਼ਾਂ ਦੇ ਤਰਾਸ਼ਣ ਦੀ ਮਹਿਕ ਆਉਂਦੀ ਹੈ। ਕਿਤਾਬ ਬਾਲ ਕਾਵਿ ਕਿਆਰੀ ਇਹ ਸੰਦੇਸ਼ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਮੋਬਾਇਲ ਫੋਨਾਂ ਦਾ ਬੋਲਬਾਲਾ ਹੈ, ਉੱਥੇ ਵਿਦਿਆਰਥੀਆਂ ਨੂੰ ਬਾਲ ਸਹਿਤ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਦੇ ਕੋਮਲ ਮਨ ਚੰਗੇ ਵਿਸ਼ਿਆਂ ਉੱਪਰ ਕਾਵਿ-ਲੜੀਆਂ ਜੋੜਨ ਅਤੇ ਨਵੇਂ ਸੁਨੇਹੇ ਸਾਡੇ ਸਮਾਜ ਨੂੰ ਦੇਣ ਦੇ ਸਮਰੱਥ ਹਨ।


ਇਸ ਕਿਤਾਬ ਦੇ ਮੁੱਖ ਸੰਪਾਦਕ ਪ੍ਰਿੰਸੀਪਲ ਬਹਾਦਰ ਸਿੰਘ ਗੌਸਲ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ, ਕਿਉਂਕਿ ਇਹਨਾਂ ਦੁਆਰਾ ਸਾਹਿਤਿਕ ਖੇਤਰ ਵਿੱਚ 117 ਤੋਂ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਜੋ ਇੱਕ ਯੁੱਗ ਪੁਰਸ਼ ਹੋਣ ਦੀ ਹਾਮੀ ਭਰਦੀਆਂ ਹਨ। ਪ੍ਰਿੰਸੀਪਲ ਗੋਸਲ ਵਿਸ਼ਵ ਪੰਜਾਬੀ ਪ੍ਰਸਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਵੀ ਹਨ, ਜੋ ਸਮੇਂ-ਸਮੇਂ ਤੇ ਬੜੇ ਕਾਬਲੇ-ਤਾਰੀਫ ਕੰਮ ਸਮਾਜ ਭਲਾਈ ਨੂੰ ਲੈ ਕੇ ਕਰ ਰਹੇ ਹਨ। ਸਾਹਿਤ ਰਚਨਾ ਕਰਨਾ ਆਪਣੇ ਆਪ ਵਿੱਚ ਕਾਬਲੇ-ਤਾਰੀਫ ਉਪਰਾਲਾ ਹੈ ਜੋ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਕੋਈ ਖਾਸ ਰੱਬੀ ਰੂਹਾਂ ਹੁੰਦੀਆਂ ਹਨ, ਜਿਨ੍ਹਾਂ ਦੁਆਰਾ ਇਹ ਰਚਿਤ ਹੁੰਦਾ ਹੈ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਬਣਦਾ ਹੈ।
ਮੈਡਮ ਬਲਜਿੰਦਰ ਕੌਰ ਸ਼ੇਰਗਿੱਲ ਕਿਤਾਬ ‘ਬਾਲ ਕਾਵਿ ਕਿਆਰੀ’ ਦੇ ਸਹਿ ਸੰਪਾਦਕ ਹਨ। ਇਹਨਾਂ ਦੀਆਂ ਦੋ ਕਿਤਾਬਾਂ ਆਖਿਰ ਕਦੋਂ ਤੱਕ ਅਤੇ ਦੂਜੀ ਕਿਤਾਬ ਸੋਚ ਤੋਂ ਸੱਚ ਤੱਕ (ਬਾਲ ਕਾਵਿ ਸੰਗ੍ਰਹਿ) ਪ੍ਰਕਾਸ਼ਤ ਹੋ ਚੁੱਕੀਆਂਂ ਹਨ। ਮੈਡਮ ਬਲਜਿੰਦਰ ਕੌਰ ਵੱਲੋਂ ਕਈ ਸਾਂਝੀਆਂ ਪੁਸਤਕਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਮੈਡਮ ਬਹੁਤ ਮਿਹਨਤੀ, ਚੰਗੇ ਸੁਭਾਅ ਦੇ ਮਾਲਕ ਹਨ, ਜਿਨ੍ਹਾਂ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕਿਤਾਬ ਬਾਲ ਕਾਵਿ ਕਿਆਰੀ ਪ੍ਰਕਾਸ਼ਿਤ ਕਰਵਾਉਣ ਦਾ ਸੋਚਿਆ,ਸਮਝਿਆ ਅਤੇ ਅਮਲ ‘ਚ ਲਿਆਂਦਾ। ਇਸ ਵਿੱਚ ਇਹਨਾਂ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਬਾਲ ਰਚਨਾਵਾਂ ਇਕੱਠੀਆਂ ਕੀਤੀਆਂ ਜੋ ਇਸ ਕਿਤਾਬ ਬਾਲ ਕਾਵਿ ਕਿਆਰੀ ਦੇ ਪੰਨਿਆਂ ਦਾ ਸ਼ਿੰਗਾਰ ਬਣੀਆਂ। ਵਿਦਿਆਰਥੀਆਂ ਦੁਆਰਾ ਬੜੇ ਨਿੱਕੇ-ਨਿੱਕੇ ਵਿਸ਼ਿਆਂ ਉੱਪਰ ਕਾਬਲੇ-ਤਾਰੀਫ ਢੰਗ ਦੇ ਨਾਲ ਸਤਰਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਦਾ ਸਿਹਰਾ ਇਹਨਾਂ ਦੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਜਾਂਦਾ ਹੈ। ਇਹਨਾਂ ਦੇ ਗਾਈਡ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਨਾਲ ਇਹ ਬਾਲ ਮਨਾਂ ਨੂੰ ਪ੍ਰੇਰਿਆ। ਉਹਨਾਂ ਵਿੱਚ ਸ਼ਬਦਾਂ ਦਾ ਸੰਚਾਰ ਕੀਤਾ ਅਤੇ ਉਹਨਾਂ ਨੂੰ ਇਹ ਬਾਲ ਸਹਿਤ ਰਚਣ ਦੇ ਸਮਰੱਥ ਬਣਾਇਆ। ਆਉਣ ਵਾਲੇ ਸਮੇਂ ਵਿੱਚ ਇਹ ਵਿਦਿਆਰਥੀ ਚੰਗੇ ਸਾਹਿਤਕਾਰ ਵਜੋਂ ਸਮਾਜ ਦੀ ਸੇਵਾ ਕਰਦੇ ਨਜ਼ਰ ਆਉਣਗੇ, ਕਿਉਂਕਿ ਆਉਣ ਵਾਲੀ ਪੀੜ੍ਹੀ ਦੇ ਨਰਿੰਦਰ ਕਪੂਰ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਵਰਗੇ ਸਾਹਿਤਕਾਰ ਆਉਣ ਵਾਲੇ ਸਮੇਂ ਵਿੱਚ ਸਾਡੇ ਬਾਲ ਲਿਖਾਰੀਆਂ ਵਿੱਚੋਂ ਹੀ ਦੇਖੇ ਜਾ ਸਕਣਗੇ, ਜੋ ਸਮਾਜ ਨੂੰ ਸਮੇਂ ਸਮੇਂ ਤੇ ਬਣਦੀ ਸੇਧ ਦੇਣਗੇ। ਸੋ ਕਿਤਾਬ ਬਾਲ ਕਾਵਿ ਕਿਆਰੀ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਉਨੀ ਘੱਟ ਹੈ। ਕਿਉਂਕਿ ਜਿੱਥੇ ਕਿਤਾਬ ਅੰਦਰੋਂ ਇੰਨੀਆਂ ਸੁਹਜਮਈ ਰਚਨਾਵਾਂ ਦਾ ਸੁਨੇਹਾ ਦਿੰਦੀ ਹੈ, ਉੱਥੇ ਬਾਹਰੋਂ ਵੀ ਕਾਬਲੇ-ਤਾਰੀਫ, ਖਿੱਚ ਭਰਪੂਰ ਨਜ਼ਾਰਾ ਪੇਸ਼ ਕਰਦੀ ਹੈ, ਜਿਸ ਦਾ ਸਿਹਰਾ ਇਸ ਕਿਤਾਬ ਦੇ ਪਬਲਿਸ਼ਰਜ਼ ਨੂੰ ਜਾਂਦਾ ਹੈ। ਇਹ ਵੀ ਇਸ ਦੇ ਵਿੱਚ ਬਾਖੂਬੀ ਦੇਖਿਆ ਗਿਆ ਹੈ ਇਸ ਉੱਪਰ ਦਿੱਤੀ ਗਈ ਤਸਵੀਰ ਵਿਦਿਆਰਥੀਆਂ ਦੀ ਹੈ ਅਤੇ ਇਸ ਵਿੱਚ ਹੋਰ ਵੀ ਅੱਛੀ ਗੱਲ ਹੈ ਕਿ ਉਹ ਸਕੂਲ ਨੂੰ ਜਾਂਦੇ ਦਿਖਾਏ ਗਏ ਹਨ, ਜੋ ਇੱਕ ਐਜੂਕੇਸ਼ਨ ਦੇ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ। ਸੋ ਇਸ ਤਰ੍ਹਾਂ ਦੀ ਕਾਬਲ ਡਾਇਗ੍ਰਾਮ ਕਿਤਾਬ ਦੇ ਉੱਪਰਲੇ ਪੰਨੇ ਉੱਪਰ ਹੋਣਾ ਆਪਣੇ ਆਪ ਵਿੱਚ ਅੱਛੇ ਸੁਨੇਹੇ ਦਾ ਪ੍ਰਤੀਕ ਹੈ।
ਡਾਕਟਰ ਰਵਿੰਦਰ ਸਿੰਘ ਲੁਬਾਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਾ ਮਾਰਗ ਦਰਸ਼ਨ ਵੀ ਸਮੇਂ ਸਮੇਂ ‘ਤੇ ਕਿਤੇ ਨਾ ਕਿਤੇ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਹਨਾਂ ਦੁਆਰਾ ਕਹੇ ਬੋਲ, “ਬੱਚੇ ਦਾ ਚੰਚਲ ਮਨ ਜੋ ਵੀ ਮਹਿਸੂਸ ਕਰਦਾ ਹੈ, ਉਸੇ ਭਾਵਨਾ ਦਾ ਪ੍ਰਦਰਸ਼ਨ ਆਪਣੀ ਕਲਾ ਰਾਹੀਂ ਸਹਿਜੇ ਹੀ ਕਰ ਜਾਂਦਾ ਹੈ। ਬੇਸ਼ਕ ਉਸ ਵਿੱਚੋਂ ਵਿਵੇਕ ਘੱਟ ਹੋਵੇਗਾ ਪਰ ਸੁਭਾਵਿਕਤਾ ਅਤੇ ਆਪ ਮੁਹਾਰਾਪਣ ਸਹਿਜੇ ਹੀ ਝਲਕ ਜਾਵੇਗਾ” ਅਨੁਸਾਰ ਵੱਡੇ ਤੋਂ ਬੱਚੇ ਤੱਕ ਦਾ ਸਫਰ ਕਰਕੇ ਬੱਚੇ ਤੋਂ ਵੀ ਹੇਠਾਂ ਜਾ ਕੇ ਸੋਚਣ ਵਾਲੀ ਗੱਲ ਦੀ ਹਾਮੀ ਭਰਦਾ ਹੈ। ਜਿਸ ਤਰ੍ਹਾਂ ਦਾ ਸਾਡਾ ਕਾਰ ਵਿਹਾਰ ਹੋਏਗਾ, ਅਸੀਂ ਉਸੇ ਤਰ੍ਹਾਂ ਦੀ ਸੋਚ ਦੇ ਮਾਲਕ ਹੋਵਾਂਗੇ ਇਥੋਂ ਪਤਾ ਚਲਦਾ ਹੈ ਕਿ ਇਹਨਾਂ ਦਾ ਬੱਚਿਆਂ ਦੇ ਨਾਲ ਕਿੰਨਾ ਗਹਿਰਾ ਪਿਆਰ ਹੈ ਜੋ ਇਹਨਾਂ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਇਹਨਾਂ ਅਨੁਸਾਰ ਅੱਜ ਦੇ ਬਾਲ ਲਿਖਾਰੀ ਕੱਲ੍ਹ ਦੇ ਅੱਛੇ ਵਿਦਵਾਨ ਹੋ ਨਿਬੜਨਗੇ, ਜੋ ਸਮਾਜ ਨੂੰ ਅੱਛੀ ਸੇਧ ਦੇਣਗੇ ਸਮਾਜ ਨੂੰ ਤਰਾਸ਼ਣਗੇ ਅਤੇ ਕਿਤੇ ਨਾ ਕਿਤੇ ਇਹਨਾਂ ਵਿਦਿਆਰਥੀਆਂ ਨੂੰ ਤਰਾਸ਼ਨ ਵਾਲਿਆਂ ਦਾ ਨਾਮ ਵੀ ਆਏਗਾ। ਡਾਕਟਰ ਰਵਿੰਦਰ ਸਿੰਘ ਲੁਬਾਣਾ ਕਾਫੀ ਸੂਝਵਾਨ ਪੜ੍ਹੇ ਲਿਖੇ ਬੱਚਿਆਂ ਦੇ ਨਾਲ ਦਿਲੋਂ ਜੁੜੇ ਹੋਏ ਇਨਸਾਨ ਹਨ।ਕੋਮਲ ਮਨਾਂ ਦਾ ਪ੍ਰਤੀਕ ਇਹ ਕਿਤਾਬ ਬਾਲ ਕਾਵਿ ਕਿਆਰੀ ਜਿੱਥੇ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਵਿੱਚ ਸੰਜੋਈ ਬੈਠੀ ਹੈ। ਉਥੇ ਸਾਡੇ ਸੰਗਰੂਰ ਜਿਲ੍ਹੇ ਦੇ ਪਿੰਡ ਜਖੇਪਲਵਾਸ, ਜਖੇਪਲ ਦੇ ਛੇ ਵਿਦਿਆਰਥੀ (ਖੁਸ਼ਪ੍ਰੀਤ ਕੌਰ, ਪ੍ਰਭਜੋਤ ਕੌਰ, ਏਕਮਜੋਤ ਕੌਰ, ਜਸ਼ਨਦੀਪ ਕੌਰ, ਹਰਸਿਮਰਤ ਕੌਰ ਅਤੇ ਅਰਸ਼ਦੀਪ ਸਿੰਘ) ਵੀ ਇਸ ਵਿੱਚ ਆਪਣਾ ਹਿੱਸਾ ਪਾ ਚੁੱਕੇ ਹਨ, ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ ਉੱਪਰ ਆਪਣੀਆਂ ਨੰਨੀਆਂ ਰਚਨਾਵਾਂ ਲਿਖੀਆਂ ਹਨ। ਜੋ ਸਾਡੇ ਪੰਜਾਬ ਦੇ ਵਿਦਿਆਰਥੀਆਂ ਨੂੰ ਸੇਧ ਦੇਣ ਦੇ ਸਮਰੱਥ ਹਨ। ਇਹ ਵਿਦਿਆਰਥੀਆਂ ਦੀ ਇੱਕ ਸਾਂਝੀ ਕਿਤਾਬ ਹੈ, ਜਿਸ ਵਿੱਚ 35 ਬਾਲ ਲਿਖਾਰੀ ਸ਼ਾਮਿਲ ਹਨ। ਅਜਿਹੀਆਂ ਕਿਤਾਬਾਂ ਦੀ ਸਾਡੇ ਸਮਾਜ ਨੂੰ ਸਾਡੇ ਬਾਲ ਲਿਖਾਰੀਆਂ ਨੂੰ ਸਾਡੇ ਪੰਜਾਬ ਦੇ ਸਕੂਲਾਂ ਨੂੰ ਬੜੀ ਅਹਿਮ ਲੋੜ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਬਾਲ ਲਿਖਾਰੀਆਂ ਵਿੱਚ ਵਾਧਾ ਹੋ ਸਕਦਾ ਹੈ। ਕਿਤਾਬ ਬਾਲ ਕਾਵਿ ਕਿਆਰੀ ਪਿਛਲੇ ਦਿਨੀ ‘ਨਵਾਂ ਪੰਧ ਨਵੀਂ ਸੋਚ’ ਸੰਸਥਾ ਵੱਲੋਂ ਅਤੇ ਪੰਜਾਬੀ ਵਿਸ਼ਵ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਲੋਕ ਅਰਪਣ ਕੀਤੀ ਗਈ ਹੈ। ਇਸ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਮੈਡਮ ਬਲਜਿੰਦਰ ਕੌਰ ਸ਼ੇਰਗਿੱਲ, ਡਾ. ਰਵਿੰਦਰ ਸਿੰਘ ਲਬਾਣਾ, ਸ. ਸੁਰਜੀਤ ਸਿੰਘ ਧੀਰ, ਵਿੰਦਰ ਮਾਝੀ (ਨਵਾਂ ਪੰਧ ਨਵੀ ਸੋਚ) ਸੰਸਥਾ ਮੁਹਾਲੀ ਦੇ ਜਨਰਲ ਸਕੱਤਰ, ਮਲਕੀਤ ਸਿੰਘ ਸੈਣੀ ਡਾਇਰੈਕਟਰ ਚੰਡੀਗੜ੍ਹ ਅਤੇ ਜੋ ਵੀ ਮੈਂਬਰ ਹੋਰ ਇਸ ਕਿਤਾਬ ਲਈ ਉਪਰਾਲਿਆਂ ਵਿੱਚ ਜੁੱਟੇ, ਮੈਂ ਸਭ ਨੂੰ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਉਪਰਾਲੇ ਕਰਨ ਦੀ ਇਹਨਾਂ ਤੋਂ ਮੰਗ ਕਰਦਾ ਹਾਂ ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਇਹ ਕਾਰਵਾਂ ਹੈ ਦਿਨੋ-ਦਿਨ ਵਧੇ ਫੁੱਲੇ ਅਤੇ ਸਾਡੇ ਪੰਜਾਬ ਵਰਗੇ ਸੂਬੇ ਨੂੰ ਬੁਲੰਦੀਆਂ ਤੱਕ ਲੈ ਕੇ ਜਾਵੇ।
ਮਾ. ਪ੍ਰਗਟ ਸਿੰਘ ਮਹਿਤਾ, ਧਰਮਗੜ੍ਹ (ਸੰਗਰੂਰ)
ਮੋ. 9878488796

