ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ:
ਕਿਸ ਨੂੰ ਦਰਦ ਸੁਣਾਵਾਂ/ ਜਸਪਾਲ ਸਿੰਘ ਦੇਸੂਵੀ
ਧਰਤ ਮੇਰੇ ਪੰਜਾਬ ਦੀ ਰੋਵੇ,
ਕਿਸ ਨੂੰ ਦਰਦ ਸੁਣਾਵਾਂ।
ਮੈਂ ਵੰਡੀ ਮੇਰੀ ਬੋਲੀ ਵੰਡੀ,
ਕਾਹਦੀਆਂ ਮਿਲਣ ਸਜ਼ਾਵਾਂ।
ਧਰਮਾਂ ਦੀ ਪਾ ਵੰਡੀ ਤੇ ਫਿਰ
ਪੰਜ ਦਰਿਆ ਵੀ ਵੰਡੇ,
ਟੁੱਟ ਚੁੱਕੇ ਪੰਜਾਬ ਦੀਆਂ ਹੁਣ,


ਚਾਹੁੰਣ ਤੋੜਨੀਆਂ ਬਾਹਵਾਂ।
ਆਲ੍ਹਣੇ ਛੱਡ ਪੰਖੇਰੂਆਂ ਕੀਤਾ,
ਕੰਦਰਾਂ ਦੇ ਵਿਚ ਵਾਸਾ,
ਜਦ ਤੋਂ ਪੁਰੇ ਦੀ ਨ੍ਹੇਰੀ ਆਈ
ਲ਼ੈ ਘਨਘੋਰ ਘਟਾਵਾਂ।
ਰੁੱਕਾ ਘੱਲਿਆ ਏ ਹਰਜਾਈ
ਜਦ ਦਿਲ ਚਾਹੇ ਆ-ਜਾ,
ਪਰ ਰੁੱਕੇ ਵਿੱਚ ਲਿਖਣਾ ਭੁੱਲਿਆ,
ਆਪਣਾ ਉਹ ਸਿਰਨਾਵਾਂ।
ਉਂਝ ਬੇਪਰਵਾਹੀ ਤੇਰੀ ਸੱਜਣਾ
ਸੱਚਮੁੱਚ ਮੈਨੂੰ ਮੋਹਿਆ,
ਪਰ ਲਾਪ੍ਰਵਾਹੀ ਤੇਰੀ ਨੂੰ ਕਿੰਝ
ਜਰ ਲਵਾਂ ਸਮਝ ਅਦਾਵਾਂ।
ਜਿਹੜੇ ਘਰ ਦੇ ਬਾਲ ਨਿਆਣੇ,
ਟੁੱਕਰ ਬਿਨ ਕੁਰਲਾਉਂਦੇ,
ਉਸ ਘਰ ਕਿਸ ਨੇ ਪੋਲ਼ੀ ਪਾਉਣੀ,
ਉੱਠ ਸਵੇਰੇ ਕਾਵਾਂ।
ਧੀਆਂ ਆਪਣੇ ਸਹੁਰੀਂ ਗਈਆਂ,
ਪੁੱਤ ਪ੍ਰਦੇਸੀ ਹੋਏ,
ਚਾਵਾਂ ਦੇ ਨਾਲ ਤੋਰ ਰੋਂਦੀਆਂ,
ਬੈਠ ਬੁਢੜੀਆਂ ਮਾਵਾਂ।
ਯਾਰ ‘ਦੇਸੂਵੀ’ ਨਿੱਤ ਕੁਰਲਾਵੇ,
ਬੈਠਾ ਵਿੱਚ ਪ੍ਰਦੇਸਾਂ,
ਸੁਣਦਾ ਨਹੀਂ ਕੋਈ ਲੋਕੋ,
ਮੇਰੀ ਕੂੰਜ ਘਿਰੀ ਵਿੱਚ ਕਾਵਾਂ।।
ਜਸਪਾਲ ਸਿੰਘ ਦੇਸੂਵੀ
9888581426

