ਕੁੱਟ ਕੁੱਟ ਮਾਰਤਾ ਕੁੱਤਾ, ਮਾਮਲਾ ਦਰਜ
ਚੰਡੀਗੜ੍ਹ 22 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਵਿਖੇ ਇੱਕ ਰੱਬ ਦੇ ਜੀਵ, ਇੱਕ ਬੇਜ਼ੁਬਾਨ ਜਾਨਵਰ ਕੁੱਤੇ ਨੂੰ ਸੋਟੀਆਂ ਨਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਤੇ ਇਸ ਸਬੰਧੀ ਇੱਕ ਐੱਨ ਜੀ ਓ ‘ਰੱਬ ਦੇ ਜੀਵ ਜ਼ਿਲ੍ਹਾ ਮੋਹਾਲੀ’ ਵੱਲੋਂ ਇਸ ਬੇਜ਼ੁਬਾਨ ਕੁੱਤੇ ਨੂੰ ਸੁੱਤੇ ਪਏ ਨੂੰ ਸੋਟੀਆਂ ਨਾਲ ਮਾਰਨ ਵਾਲੇ ਖ਼ਿਲਾਫ਼ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਅਫਸਰ ਥਾਣਾ ਮੁੱਲਾਂਪੁਰ ਗਰੀਬਦਾਸ ਸਿਮਰਨਜੀਤ ਸਿੰਘ ਨੇ ਦੱਸਿਆ ਹੈ ਕਿ ਐੱਫ ਆਰ ਆਈ ਨੰ 0067 ਮਿਤੀ 21 ਮਈ ਨੂੰ ਦਰਜ ਕੀਤੀ ਗਈ ਹੈ, ਜਿਸ ਵਿੱਚ ਮੋਹਾਲੀ ਤੋਂ ਇੱਕ ਐੱਨ ਜੀ ਓ ‘ਰੱਬ ਦੇ ਜੀਵ’ ਤੋਂ ਮੀਨਾਕਸ਼ੀ ਮਲਿਕ ਵੱਲੋਂ 20 ਮਈ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ, ਜਿਸ ਵਿੱਚ ਇੱਕ ਸੁੱਤੇ ਪਏ ਕੁੱਤੇ ਨੂੰ ਕਿਸੇ ਅਣਜਾਣ ਵਿਅਕਤੀ ਵੱਲੋਂ ਸੋਟੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਸੀ।
ਇਹ ਵੀਡੀਓ ਸਤਿਕਾਰ ਕਲੀਨਿਕ ਮੁੱਲਾਂਪੁਰ ਗਰੀਬਦਾਸ ਦੇ ਨੇੜੇ ਦੀ ਦੱਸੀ ਜਾ ਰਹੀ ਹੈ, ਜਿਸ ਤਹਿਤ 428, 429, 11 ਐਨੀਮਲ ਐਕਟ 1960 ਤਹਿਤ ਅਜਿਹਾ ਕਰਨਾ ਜੁਰਮ ਹੈ। ਇਸ ਸਬੰਧੀ ਇਸ ਵਾਰਦਾਤ ਵਾਲੀ ਥਾਂ ਜਾ ਕੇ ਕੁਝ ਲੋਕਾਂ ਤੋਂ ਵੀ ਪੁਛਗਿੱਛ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਵਿੱਚ ਦੋਸ਼ੀ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੁੱਲਾਂਪੁਰ ਗਰੀਬਦਾਸ ਵਜੋਂ ਹੋਈ ਹੈ।
ਇਸ ਸਬੰਧੀ ਦੋਸ਼ੀ ਖਿਲਾਫ ਮਾਮਲੇ ਸਬੰਧੀ ਕੇਸ ਨਕਲਾਂ ਮਾਣਯੋਗ ਮਜਿਸਟਰੇਟ ਖਰੜ ਅਤੇ ਉੱਚ ਅਫਸਰਾਂ ਨੂੰ ਡਾਕ ਰਾਹੀਂ ਭੇਜੀਆਂ ਗਈਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਇਕੱਤਰ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਮੁੱਖ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

