ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 9, ਮੁਹਾਲ਼ੀ ਦੇ ਆਡੀਟੋਰੀਅਮ ਵਿਖੇ ਸਵੇਰੇ 10.30 ਵਜੇ ਹੋਵੇਗਾ ਉਦਘਾਟਨੀ ਸੈਸ਼ਨ – ਸੁਸ਼ੀਲ ਦੁਸਾਂਝ
ਕਾਨਫਰੰਸ ਦਾ ਵਿਸ਼ਾ ਹੋਵੇਗਾ ਸਾਹਿਤ, ਸਭਿਆਚਾਰ, ਸਿੱਖਿਆ, ਸਮਾਜ, ਸੱਤਾ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਾਰਚ:


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਤੀਜੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ 7, 8, 9 ਮਾਰਚ, 2025 ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 9, ਮੁਹਾਲ਼ੀ ਦੇ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਾਨਫਰੰਸ ਦੇ ਕਰਤਾ ਦਰਸ਼ਨ ਬੁੱਟਰ ਅਤੇ ਸੁਸ਼ਲ ਦੁਸਾਂਝ ਨੇ ਦੱਸਿਆ ਕਿ ਇਹ ਕਾਨਫਰੰਸ ਸਾਹਿਤ, ਸਭਿਆਚਾਰ, ਸਿੱਖਿਆ, ਸਮਾਜ, ਸੱਤਾ ਦੇ ਵਿਸ਼ੇ ਨੂੰ ਆਪਣੇ ਕਲ਼ਾਵੇ ਵਿੱਚ ਲਵੇਗੀ। ਇਸ ਦਾ ਪਲੇਠਾ ਸੈਸ਼ਨ ਸਵੇਰੇ 10.30 ਵਜੇ ਸ਼ੁਰੂ ਹੋਵੇਗਾ, ਜਿਸ ਦੀ ਸਰਪ੍ਰਸਤੀ ਸਤਿਗੁਰੂ ਉਦੈ ਸਿੰਘ ਜੀ ਕਰਨਗੇ। ਇਸ ਪਲੇਠੇ ਸੈਸ਼ਨ ਦਾ ਵਿਸ਼ਾ ਦੇਸ਼ ਅਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ, ਹੋਵੇਗਾ। ਇਸ ਸੈਸ਼ਨ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਕਰ ਰਹੇ ਹਨ।
ਦੂਜੇ ਸੈਸ਼ਨ ਦਾ ਵਿਸ਼ਾ ਮੈਂ ਪੰਜਾਬ ਬੋਲਦਾਂ, ਹੈ ਜਿਸ ਵਿੱਚ ਸਤਨਾਮ ਮਾਣਕ, ਜੰਗ ਬਹਾਦਰ ਗੋਇਲ, ਡਾ. ਦੇਵਿੰਦਰ ਸੈਫੀ, ਪ੍ਰੋ. ਜੈਪਾਲ ਸਿੰਘ, ਹਮੀਰ ਸਿੰਘ, ਜਗੀਰ ਸਿੰਘ ਕਾਹਲ਼ੋਂ, ਬਲਵਿੰਦਰ ਸੰਧੂ ਸੰਵਾਦ ਰਚਾਉਣਗੇ। ਵਿਸ਼ੇਸ਼ ਮਹਿਮਾਨ ਵਜੋਂ ਕਰਨੈਲ ਸਿੰਘ ਸ਼ੇਰਗਿੱਲ (ਬਰਤਾਨੀਆਂ), ਗੁਰਮੀਤ ਹਯਾਤਪੁਰੀ (ਅਮਰੀਕਾ) ਹੋਣਗੇ ਅਤੇ ਸੂਤਰਧਾਰ ਵਜੋਂ ਦੀਪਕ ਸ਼ਰਮਾ ਚਨਾਰਥਲ ਹਾਜ਼ਰ ਰਹਿਣਗੇ।
ਤੀਜੇ ਸੈਸ਼ਨ ਸੂਫੀਆਨਾ ਸ਼ਾਮ ਨਾਲ਼ ਸੁਖਦੇਵ ਸਾਹਿਲ (ਅਮਰੀਕਾ) ਦੀ ਗਾਇਨ ਕਲਾ ਨਾਲ਼ ਸਿਖਰ ਵੱਲ ਵਧੇਗਾ। ਇਸ ਸੈਸ਼ਨ ਦੌਰਾਨ ਮੁੱਖ ਮਹਿਮਾਨ ਦਲਜੀਤ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਬਲਬੀਰ ਸਿੰਘ ਸੋਹੀ, ਸਹਿਜਪ੍ਰੀਤ ਮਾਂਗਟ ਹੋਣਗੇ।

