www.sursaanjh.com > ਚੰਡੀਗੜ੍ਹ/ਹਰਿਆਣਾ > ਕੇਂਦਰ ਕੰਪਲੈਕਸਾਂ ਵਿੱਚ ਮਾਪਿਆਂ ਦੇ ਬੈਠਣ ਦਾ ਪ੍ਰਬੰਧ ਹੋਵੇ: ਰਾਜਨ ਸ਼ਰਮਾ

ਕੇਂਦਰ ਕੰਪਲੈਕਸਾਂ ਵਿੱਚ ਮਾਪਿਆਂ ਦੇ ਬੈਠਣ ਦਾ ਪ੍ਰਬੰਧ ਹੋਵੇ: ਰਾਜਨ ਸ਼ਰਮਾ

ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਹਰ ਸਾਲ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਯੂ.ਪੀ.ਐਸ.ਸੀ., ਐਸ.ਐਸ.ਸੀ, ਰੇਲਵੇ ਆਦਿ ਵਿੱਚ ਨੌਕਰੀ ਵਾਸਤੇ ਪ੍ਰਕਾਸ਼ਿਤ ਆਸਾਮੀਆਂ ਨੂੰ ਭਰਨ ਵਾਸਤੇ ਟੈੱਸਟ ਲੈਣ, ਨੀਟ, ਜੇ.ਈ.ਈ.ਆਦਿ ਦਾਖਲਾ ਪ੍ਰੀਖਿਆਵਾਂ ਅਤੇ ਪੰਜਾਬ ਸਰਕਾਰ ਵੱਲੋਂ ਪੀ.ਪੀ.ਐਸ.ਸੀ, ਐਸ.ਐਸ. ਬੋਰਡ, ਸਿੱਖਿਆ ਵਿਭਾਗ ਦੀ ਪੁਲਿਸ, ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਆਦਿ ਦੀ ਭਰਤੀ ਲਈ ਅਤੇ ਬੀ.ਐਡ.-ਈ.ਟੀ.ਟੀ, ਐਮ.ਬੀ.ਬੀ.ਐਸ.ਆਦਿ ਦੇ ਦਾਖਲੇ ਲਈ ਦਾਖਲਾ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ, ਜਿਨ੍ਹਾਂ ਲਈ ਪੰਜਾਬ ਅਤੇ ਚੰਡੀਗੜ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪ੍ਰੀਖਿਆ ਕੇਂਦਰ ਬਣਾਇਆ ਜਾਂਦਾ ਹੈ। ਇਨ੍ਹਾਂ ਵਿੱਚ ਲਗਭਗ ਸਾਰੇ ਪ੍ਰੀਖਿਆਰਥੀ ਕਾਫ਼ੀ ਦੂਰ-ਦਰਾਡੇ ਤੋਂ ਆਉਂਦੇ ਹਨ, ਜਿਸ ਕਰਕੇ ਇਨ੍ਹਾਂ ਦੇ ਨਾਲ ਖਾਸ ਕਰਕੇ ਲੜਕੀਆਂ ਅਤੇ ਦਿਵਿਆਂਗ ਪ੍ਰੀਖਿਆਰਥੀਆਂ ਨਾਲ ਕੋਈ ਨਾ ਕੋਈ ਪਰਿਵਾਰਕ ਮੈਂਬਰ ਵੀ ਨਾਲ ਆਉਂਦੇ ਹਨ ਪਰ ਕੁਝ ਕੁ ਪ੍ਰੀਖਿਆ ਕੇਂਦਰ ਵਾਲਿਆਂ ਵੱਲੋਂ ਹੀ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਬੈਠਣ ਲਈ ਪ੍ਰੀਖਿਆ ਕੇਂਦਰ ਕੰਪਲੈਕਸ ਅੰਦਰ ਇੰਤਜ਼ਾਮ ਕੀਤਾ ਹੁੰਦਾ ਹੈ।
ਇਸ ਸੰਬੰਧੀ ਲੈਕਚਰਾਰ ਰਾਜਨ ਸ਼ਰਮਾ ਨੇ ਕਿਹਾ ਕਿ ਬਹੁਤੇ ਪ੍ਰੀਖਿਆ ਕੇਂਦਰਾਂ ਵੱਲੋਂ ਮਾਪਿਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਇਨ੍ਹਾਂ ਨਾਲ ਆਏ ਪਰਿਵਾਰਕ ਮੈਬਰਾਂ ਨੂੰ ਪੋਹ-ਮਾਘ ਦੀਆਂ ਧੁੰਦ ਵਾਲੀਆਂ ਠੰਡਾਂ, ਜੇਠ-ਹਾੜ ਦੇ ਤਪਦੇ ਸੂਰਜ ਦੀ ਤਪਸ਼ ਵਾਲੇ ਮੌਸਮ ਵਿੱਚ ਅਤੇ ਸਾਉਣ-ਭਾਦੋਂ ਦੀਆਂ ਬਰਸਾਤਾਂ ਵਿੱਚ ਹੀ ਕਈ-ਕਈ ਘੰਟੇ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਨੇ ਪੈਂਦੇ ਹਨ। ਵੱਖ-ਵੱਖ ਦਾਖਲਾ ਪ੍ਰੀਖਿਆ ਦਾ ਆਯੋਜਨ ਕਰਨ ਵਾਲੀਆਂ ਏਜੰਸੀਆਂ ਅਤੇ ਵਿਭਾਗਾਂ ਦੀਆਂ ਭਰਤੀ ਕਰਨ ਵਾਲੇ ਆਯੋਗ ਮੁਖੀਆਂ ਨੂੰ ਚਾਹੀਦਾ ਹੈ ਕਿ ਪ੍ਰੀਖਿਆ ਕੇਂਦਰ ਕੰਪਲੈਕਸ ਵਿੱਚ ਪ੍ਰੀਖਿਆ ਸਮੇਂ ਦੌਰਾਨ  ਪ੍ਰਖਿਆਰਥੀਆਂ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਬੈਠਣ ਦਾ ਇੰਤਜ਼ਾਮ ਕਰਵਾਉਣ ਲਈ ਉਚਿਤ ਕਦਮ ਚੁੱਕਣ। ਲੈਕਚਰਾਰ ਰਾਜਨ ਸ਼ਰਮਾ ਨੇ ਦੱਸਿਆ ਕਿ ਕਈ ਪ੍ਰੀਖਿਆ ਕੇਂਦਰ ਤਾਂ  ਰਾਸ਼ਟਰੀ ਮੁੱਖ ਮਾਰਗਾਂ, ਰਾਜ ਮਾਰਗਾਂ ਜਾਂ ਦੂਜੀਆਂ ਸੜਕਾਂ ਦੇ ਕਿਨਾਰਿਆਂ ਨੇੜੇ ਹੀ ਹੁੰਦੇ ਹਨ। ਪ੍ਰੀਖਿਆਰਥੀਆਂ ਨੂੰ ਆਪਣੇ ਵਾਹਨ ਬਾਹਰ ਹੀ ਸੜਕਾਂ ਦੇ ਨਜ਼ਦੀਕ ਹੀ ਪਾਰਕ ਕਰਨੇ ਪੈਂਦੇ ਹਨ। ਰਾਜਨ ਸ਼ਰਮਾ ਨੇ ਕਿਹਾ ਕਿ  ਪ੍ਰੀਖਿਆਰਥੀਆਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਸੜਕਾਂ ਦੇ ਨੇੜੇ ਹੀ ਜਾਂ ਸੜਕਾਂ ਦੇ ਨੇੜੇ ਖੜ੍ਹੇ ਵਾਹਨਾਂ ਉੱਪਰ / ਵਿੱਚ ਹੀ ਬੈਠਣਾ ਪੈਂਦਾ ਹੈ, ਜਿਸ ਨਾਲ ਸੜਕ ਦੁਰਘਟਨਾ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਰਾਜਨ ਸ਼ਰਮਾ ਨੇ ਪ੍ਰੀਖਿਆਵਾਂ ਆਯੋਜਿਤ ਕਰਨ ਵਾਲੀਆਂ ਏਜੰਸੀਆਂ ਅਤੇ ਸੰਬੰਧਤ ਵਿਭਾਗਾਂ ਤੋਂ ਇਹ ਵੀ ਮੰਗ ਕੀਤੀ ਕਿ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਹੋਮ ਟਾਊਨ ਤੋਂ ਜ਼ਿਆਦਾ ਦੂਰ ਨਾ ਬਣਾਏ ਜਾਣ।

Leave a Reply

Your email address will not be published. Required fields are marked *