ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:
ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਅਤੇ ਅਕਾਲੀ ਦਲ ਦੀਆਂ ਸਿਆਸੀ ਗੱਠਜੋੜ ਬਾਰੇ ਚੱਲ ਰਹੀਆਂ ਚਰਚਾਵਾਂ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਭਾਜਪਾ ਨਾਲ਼ ਫਿਰ ਤੋਂ ਗੱਠਜੋੜ ਕਰਨਾ ਚਾਹੁੰਦਾ ਹੈ ਤਾਂ ਹੁਣ ਭਾਜਪਾ ਸਰਕਾਰ ਸੱਤਾ ਵਿੱਚ ਹੈ, ਜਿਸ ਲਈ ਉਸ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਤੁਰੰਤ ਦੇ ਦੇਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ, ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਲੈ ਕੇ ਦਿੱਤੇ ਬਿਨਾਂ ਹੀ ਕਿਸੇ ਤਰ੍ਹਾਂ ਦਾ ਗੱਠਜੋੜ ਕਰਦਾ ਹੈ ਤਾਂ ਇਹ ਨਾਪਾਕ ਗੱਠਜੋੜ ਹੋਏਗਾ। ਇਹ ਸਿਰਫ ਸੱਤਾ ਹਾਸਿਲ ਕਰਨ ਵਾਲਾ ਗਠਜੋੜ ਹੀ ਸਾਬਤ ਹੋਵੇਗਾ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲਾ ਗਠਜੋੜ ਹੋਏਗਾ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕੇ ਦੋਨੋਂ ਧਿਰਾਂ ਭਾਜਪਾ ਅਤੇ ਬਾਦਲ ਦਲ ਪੰਜਾਬ ‘ਤੇ ਰਾਜ ਕਰਨ ਲਈ ਪੰਜਾਬੀਆਂ ਨੂੰ ਗੁਮਰਾਹ ਕਰਕੇ ਲੰਮਾ ਸਮਾਂ ਆਪਣੀਆਂ ਸਿਆਸੀ ਲਾਲਸਾਵਾਂ ਤੱਕ ਸੀਮਿਤ ਰਹੀਆਂ ਹਨ, ਜਦਕਿ ਪੰਜਾਬ ਦੀ ਕੋਈ ਵੀ ਮੁਸ਼ਕਿਲ ਹੱਲ ਨਹੀਂ ਕੀਤੀ ਗਈ। ਇਸ ਲਈ ਸਾਡੀ ਸਭ ਤੋਂ ਵੱਡੀ ਮੰਗ ਤਾਂ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ, ਕੇਂਦਰ ਤੋਂ ਵਾਪਸ ਲੈਣ ਵਾਲ਼ੀ ਹੈ। ਇਸ ਦੇ ਨਾਲ਼ ਹੀ ਸਿੱਖ ਬੰਦੀਆਂ ਦੀ ਰਿਹਾਈ ਵੀ ਪੁਰਾਣਾ ਮਸਲਾ ਹੈ, ਜਿਸ ਨੂੰ ਭਾਜਪਾ ਅਤੇ ਅਕਾਲੀ ਦਲ ਬਾਦਲ ਨੇ ਬਿਨਾ ਵਜ੍ਹਾ ਉਲਝਾਇਆ ਹੋਇਆ ਹੈ। ਇਸ ਮਸਲ ਨੂੰ ਵੀ ਪਹਿਲ ਦੇ ਅਧਾਰ ‘ਤੇ ਨਿਬੇੜਨਾ ਚਾਹੀਦਾ ਹੈ। ਇਸ ਲਈ ਇਨ੍ਹਾਂ ਦੋਵਾਂ ਧਿਰਾਂ ਨੂੰ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸੂਬੇ ਦੇ ਭਖਮੇ ਮਸਲੇ ਨਿਬੇੜੇ ਜਾਣੇ ਚਾਹੀਦੇ ਹਨ।

