www.sursaanjh.com > ਅੰਤਰਰਾਸ਼ਟਰੀ > ਕੈਨੇਡਾ ਡਾਇਰੀ-ਬੀ ਸੀ ਦੀਆਂ ਬੇਰੀਆਂ/ ਭਗਵੰਤ ਰਸੂਲਪੁਰੀ

ਕੈਨੇਡਾ ਡਾਇਰੀ-ਬੀ ਸੀ ਦੀਆਂ ਬੇਰੀਆਂ/ ਭਗਵੰਤ ਰਸੂਲਪੁਰੀ

ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਅਗਸਤ:
ਕੈਨੇਡਾ ਡਾਇਰੀ-ਬੀ ਸੀ ਦੀਆਂ ਬੇਰੀਆਂ/ ਭਗਵੰਤ ਰਸੂਲਪੁਰੀ
ਬ੍ਰਿਟਿਸ਼ ਕੋਲੰਬੀਆ ਦੀ ਫਰੇਜਰ ਵਾਦੀ ‘ਚ ਪੈਂਦੇ ਸ਼ਹਿਰ ਸਰੀ, ਲੈਹਿੰਗਲੀ, ਐਬਸਫੋਰਡ ਆਦਿ ਇਲਾਕਿਆਂ ‘ਚ ‘ਬੇਰੀ’ ਫਰੂਟ ਦੀ ਖੇਤੀ ਕੀਤੀ ਜਾਂਦੀ ਹੈ। ਇੱਥੋਂ ਦਾ ਪੌਣ-ਪਾਣੀ ‘ਬੇਰੀ’ ਫਰੂਟ ਲਈ ਲਾਹੇਵੰਦ ਹੈ। ਇਹਨਾਂ ਦਿਨਾਂ ‘ਚ ਬਲਿਉ ਦੀ ਅਗੇਤੀ ਕਿਸਮ ‘ਡਿਊਕ’ ਦੀ ਤੋੜਾਈ ਕੀਤੀ ਜਾ ਰਹੀ ਹੈ। ਬਲਿਊ ਬੇਰੀ ਦੀਆਂ ਪੰਜ ਕੁ ਕਿਸਮਾਂ ਦੀ ਖੇਤੀ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ। ‘ਕਲਿਪਸੋ’ ਨਵੀਂ ਕਿਸਮ ‘ਬਲਿਊ ਕਰੋਪ’ ‘ਰੀਕਾ’ ਤੇ ‘ਈਲੀਅਟ’ ਪ੍ਰਮੁੱਖ ਕਿਸਮਾਂ ਨੇ ਤੇ ਕਰੇਨ ਬਲੈਕ ਬੇਰੀ ਦੋ ਹੋਰ ਕਿਸਮਾਂ ਨੇ। ਕੈਨੇਡਾ ਦੀ ਕਿਸਾਨੀ ਏਥੋਂ ਨਾਵਲ-ਕਹਾਣੀ ’ਚ ਬਹੁਤ ਘੱਟ ਪੜ੍ਹਨ ਨੂੰ ਮਿਲਦੀ ਹੈ। ਬਹੁਤੇ ਪਾਠਕਾਂ ਨੇ ਸਰੀ ਰਹਿੰਦੇ ਨਾਵਲਕਾਰ ਜਰਨੈਲ ਸੇਖਾ ਦਾ ਨਾਵਲ ‘ਦੁਨੀਆ ਕੈਸੀ ਹੋਈ’ ਜ਼ਰੂਰ ਪੜ੍ਹਿਆ ਹੋਵੇਗਾ। ਇਸ ਨਾਵਲ ‘ਚ ਸੇਖਾ ਨੇ ਬੇਰੀ ਤੋੜਦੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਦੇ ਵੇਰਵੇ ਤੇ ਦ੍ਰਿਸ਼ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੇ ਹਨ। ਨਾਵਲ ਦੇ ਸਰਵਰਕ ’ਤੇ ਵੀ ਬੇਰੀ ਤੋੜਦੇ ਪੰਜਾਬੀ ਮਜ਼ਦੂਰਾਂ ਦੀ ਤਸਵੀਰ ਵੀ ਏਹੀ ਕਹਿੰਦੀ ਹੈ। ਸੋ ਪੰਜਾਬ ਦੇ ਪਾਠਕਾਂ/ ਲੋਕਾਂ ਦੇ ਮਨ ‘ਚ ਵੀ ਇਹੀ ਬਿੰਬ ਬਣਿਆ ਹੋਇਆ ਹੈ ਕਿ ਬੇਰੀ ਹੱਥਾਂ ਨਾਲ ਤੋੜੀ ਜਾਂਦੀ ਹੈ।
ਹਰੀ ਕ੍ਰਾਂਤੀ ਦਾ ਫੈਲਾਅ ਪੂਰੇ ਸੰਸਾਰ ‘ਚ ਵੇਖਣ ਨੂੰ ਮਿਲਦਾ ਹੈ, ਜਿਸ ਨਾਲ ਫਸਲਾਂ ਦਾ ਵੱਧ ਝਾੜ ਪ੍ਰਾਪਤ ਕਰਨ ਲਈ ਖਾਦਾਂ ਤੇ ਕੀਟਨਾਸ਼ਕ ਅਤੇ ਮਸ਼ੀਨਾਂ ਦੇ ਯੁੱਗ ਦਾ ਆਰੰਭ ਹੋਇਆ। ਪਿਛਲੇ 5-7 ਸਾਲਾਂ ਤੋਂ ਬੇਰੀ ਤੋੜਨ ਲਈ ਮਸ਼ੀਨਾਂ ਦੀ ਵਰਤੋਂ ਵੱਡੀ ਪੱਧਰ ‘ਤੇ ਹੋਣ ਲੱਗ ਪਈ। ਏਥੋਂ ਦੇ ਇੱਕ ਫਾਰਮਰ ਸ਼ੀਤਲ ਸਿੰਘ ਪੂੰਨੀ ਨੇ ਦੱਸਿਆ ਕਿ ‘ਹੱਥਾਂ ਨਾਲ ਪਿੱਕਰਾਂ ਵੱਲੋਂ ਤੁੜਾਈ ਬੇਰੀ ਬਹੁਤ ਮਹਿੰਦੀ ਪੈਂਦੀ ਹੈ, ਪਿੱਕਰ ਹੱਥ ਨਾਲ ਤੋੜੀ ਬੇਰੀ ਦੀ ਮਜ਼ਦੂਰੀ 50 ਤੋਂ 60 ਸੈਂਟ ਲੈਂਦੇ ਹਨ ਤੇ ਮਸ਼ੀਨ ਨਾਲ ਤੁੜਾਈ ਬੇਰੀ ਦੀ ਮਜ਼ਦੂਰੀ 15-20 ਸੈਂਟ ਪਰ ਪੌਂਡ ਅਸੀਂ ਦਿੰਦੇ ਹਾਂ। ਦੂਜਾ ਜੇ ਮਸ਼ੀਨ 10 ਤੋਂ 12 ਘੰਟੇ ਚੱਲੇ ਤਾਂ ਉਹ ਦੋ ਏਕੜ ਬੇਰੀ ਤੋੜ ਦਿੰਦੀ ਹੈ। ਦੂਜੇ ਪਾਸੇ 2 ਏਕੜ ਨੂੰ 50 ਮਜ਼ਦੂਰ 3-4 ਦਿਨਾਂ ‘ਚ ਤੋੜਦੇ ਨੇ। ਐਨੀ ਲੇਬਰ ਦਾ ਪ੍ਰਬੰਧ ਕਰਨਾ ਤੇ ਉਹਨਾਂ ਨੂੰ ਸਾਂਭਣਾ ਸਿਰ ਦਰਦੀ ਵਾਲਾ ਕੰਮ ਹੈ। ਮਸ਼ੀਨ ‘ਤੇ ਚਾਰ ਬੰਦਿਆਂ ਦੀ ਜ਼ਰੂਰਤ ਪੈਂਦੀ ਹੈ। ਮਸ਼ੀਨ ਵਾਲਾ ਇੱਕ ਘੰਟੇ ਦਾ 200 ਡਾਲਰ ਲੈਂਦਾ ਹੈ। ਕੈਨਰੀ ਵਾਲੇ ਕਿਸਾਨਾਂ ਕੋਲੋਂ ਹੱਥ ਨਾਲ ਤੋੜੀ ਬੇਰੀ ਪਰ ਪੌਂਡ 1.20 ਸੈਂਟ ਤੇ ਮਸ਼ੀਨ ਨਾਲ ਤੋੜੀ ਬੇਰੀ ਪਰ ਪੌਂਡ 1.05 ਸੈਂਟ ਲੈਂਦੇ ਹਨ। ਕਿਸਾਨ ਨੂੰ ਇੱਕ ਪੌਂਡ ਬੇਰੀ ਮਗਰ 20 ਤੋਂ 30 ਸੈਂਟ ਬਚਦੇ ਹਨ। ਇਹਦੇ ਵਿੱਚੋਂ ਹੀ ਆਸੇ-ਪਾਸੇ ਬੇਰੀ ਦੇ ਫਾਰਮਾਂ ਵਿੱਚ ਮੈਂ ਮਸ਼ੀਨਾਂ ਨੂੰ ਬੇਰੀ ਤੋੜਦਿਆਂ ਵੇਖਿਆ।
ਇਹ ਮਸ਼ੀਨ ਪੰਜਾਬ ਦੀ ਕਣਕ-ਝੋਨਾ ਕੱਟਣ ਵਾਲੀ ਕੰਬਾਇਨ ਦੇ ਅਕਾਰ ਦੀ ਹੁੰਦੀ ਹੈ ਜੋ ਬੇਰੀ ਦੀਆਂ ਕਤਾਰਾਂ ‘ਚੋਂ ਕੀੜੇ ਦੀ ਚਾਲੇ ਚੱਲਦੀ ਹੈ। ਮਸ਼ੀਨ ਦੇ ਅੱਗੇ ਬੋਟਲ ਬੁਰਸ਼ ਦੀ ਸ਼ਕਲ ਦੇ ਦੋ ਬੁਰਸ਼ ਲੱਗੇ ਹੁੰਦੇ ਹਨ ਜੋ ਇਕ ਨਿਰਧਾਰਤ ਸਪੀਡ ਨਾਲ ਉਪਰ-ਥੱਲੇ ਹੁੰਦੇ ਹਨ। ਮਸ਼ੀਨ ਦਾ ਡਰਾਇਵਰ ਇਸ ਦੀ ਸਪੀਡ ਉੱਪਰ-ਥੱਲੇ/ ਤੇਜ਼-ਹੌਲੀ ਕਰਦਾ ਰਹਿੰਦਾ ਹੈ। ਬੋਟਲ ਬੁਰਸ਼ ਅਕਾਰ ਦੇ ਆਲੇ-ਦੁਆਲੇ ਪਲਾਸਟਿਕ ਸਟਿਕਾਂ ਬੇਰੀ ਦੇ ਪੌਦੇ ਨਾਲੋਂ ਬੇਰੀ ਝਾੜ ਕੇ ਬੇਰੀ ਨੂੰ ਬੈਲਟਾਂ ਉੱਤੇ ਸੁੱਟਦੀ ਰਹਿੰਦੀ ਹੈ। ਦੂਜੀ ਬੈਲਟ ਬੇਰੀ ਨੂੰ ਉੱਪਰ ਲੈ ਕੇ ਜਾਂਦੀ ਹੈ। ਇਸ ਦੇ ਰਾਹ ‘ਚ ਪੱਖੇ ਲੱਗੇ ਹੁੰਦੇ ਹਨ, ਜੋ ਬੇਰੀ ਨਾਲ ਝੜੇ ਪੱਤੇ ਤੇ ਬਰੀਕ ਟਾਹਣੀਆਂ ਨੂੰ ਖਿੱਚ ਕੇ ਥੱਲੇ ਸੱਟਦੇ ਰਹਿੰਦੇ ਹਨ। ਬੇਰੀ ਕਰੇਟਾਂ ‘ਚ ਡਿੱਗਦੀ ਰਹਿੰਦੀ ਹੈ ਤੇ ਦੋ ਬੰਦੇ ਕਰੇਟ ਚੁੱਕ ਕੇ ਮਸ਼ੀਨ ‘ਤੇ ਬਣੀ ਥਾਂ ‘ਤੇ ਟਿਕਾਈ ਜਾਂਦੇ ਹਨ। ਜਦੋਂ 80 ਦੇ ਕਰੀਬ ਕਰੇਟ ਭਰ ਜਾਂਦੇ ਹਨ ਤੇ ਇਹਨਾਂ ਨੂੰ ਟਰੱਕ ਵਿੱਚ ਲੱਦ ਲਿਆ ਜਾਂਦਾ ਹੈ। ਟਰੱਕ ਭਰਨ ‘ਤੇ ਬੇਰੀ ਨੂੰ ਕੈਨਰੀ ‘ਚ ਪਹੁੰਚਾ ਦਿੱਤਾ ਜਾਂਦਾ ਹੈ। ਅੱਗੋਂ ਹੌਲੀ-ਹੌਲੀ ਸਾਰਾ ਸਾਲ ਕੈਨਰੀਅਨਾਂ ਵਾਲੇ ਗਰੇਡਿੰਗ ਕਰਕੇ ਮੰਗ ਅਨੁਸਾਰ ਸਟੋਰਾਂ ‘ਚ ਭੇਜਦੇ ਰਹਿੰਦੇ ਹਨ। ਬੇਰੀ ਦੀ ਖੇਤੀ ਕਰਨ ਵਾਲੇ ਫਾਰਮਰ ਸ਼ੀਤਲ ਪੂੰਨੀ ਨੇ ਅੱਗੇ ਦੱਸਿਆ ਕਿ ਇਸ ਵਾਰ ਬੇਰੀ ਦੇ ਅਨੁਕੂਲ ਮੌਸਮ ਨਹੀਂ ਰਿਹਾ, ਜਦੋਂ ਫੁੱਲ ਨਿਕਲੇ ਸਨ ਤਾਂ ਇਕਦਮ ਗਰਮੀ ਪੈਣ ਲੱਗ ਪਈ, ਜਿਸ ਨਾਲ ਡਿਊਕ ਬੇਰੀ ਦਾ ਝਾੜ ਪਿਛਲੇ ਸਾਲ ਨਾਲੋਂ 30 ਤੋਂ 40% ਘਟ ਗਿਆ। ਕੈਨਰੀਆਂ ‘ਚ ਬੇਰੀ ਘੱਟ ਪਹੁੰਚ ਰਹੀ ਹੈ, ਪਰ ਰੇਟ ਵਧਾਉਣ ਦੀ ਬਜਾਏ ਖਰੀਦ ਰੇਟ ਪੁਰਾਣਾ ਹੀ ਰੱਖਿਆ ਗਿਆ ਹੈ। ਸੋ ਇਸ ਵਾਰ ਪ੍ਰਤੀ ਏਕੜ ਡਿਊਕ ਬੇਰੀ ਦਾ ਝਾੜ 1000 ਪੌਂਡ ਤੋਂ 12000 ਪੌਂਡ ਰਹਿ ਗਿਆ ਹੈ, ਜਦ ਕਿ ਪਿਛਲੇ ਸਾਲ 1700 ਤੋਂ 18000 ਪੌਂਡ ਪ੍ਰਤੀ ਏਕੜ ਸੀ।
ਰੇਹਾਂ (ਖਾਦਾਂ) ਤੇ ਸਪਰੇਆਂ (ਕੀਟ ਨਾਸ਼ਕ) ਤੇ ਮਸ਼ੀਨਰੀ। ਲੇਬਰ ਦੇ ਖਰਚੇ ਕੱਢਣੇ ਪੈਂਦੇ ਨੇ। ਲਾ-ਪਾ ਕੇ ਕਿਸਾਨ (ਫਾਰਮਰ) ਪੱਲੇ ਬੱਸ ਦਿਹਾੜੀ ਹੀ ਪੈਂਦੀ ਹੈ।
ਬੇਰੀ ਦੀ ਖਰੀਦ ਸਰਕਾਰੀ ਪੱਧਰ ‘ਤੇ ਨਹੀਂ ਹੁੰਦੀ। ਸਿੱਧੇ ਆੜਤੀਏ ਕੈਨਰੀਆਂ ਵਾਲੇ ਬੇਰੀ ਦੀ ਖਰੀਦ ਕਰਦੇ ਹਨ ਅਤੇ ਪ੍ਰਤੀ ਪੌਂਡ 30% ਕਾਟ ਕੱਟਦੇ ਹਨ ਜੋ ਨਸ਼ਟ ਹੋਣ ਵਾਲ ਕਚਰਾ ਹੁੰਦਾ ਹੈ। ਵਧੇਰੇ ਕਰਕੇ ਬੇਰੀ ਦੇ ਫਾਰਮ ਪੰਜਾਬੀ ਲੋਕਾਂ ਕੋਲ ਹਨ। ਵਧੇਰੇ ਕਿਸਾਨ ਉਹ ਹਨ, ਜੋ ਪੰਜਾਬ ‘ਚ ਵੀ ਖੇਤੀ ਕਰਕੇ ਆਏ ਹਨ ਜੋ ਬੈਂਕਾਂ ਤੋਂ ਕਰਜ਼ੇ ਲੈ ਕੇ ਫਾਰਮ ਲੈਂਦੇ ਹਨ ਅਤੇ ਵਿਆਜ ਸਮੇਤ ਕਿਸ਼ਤਾਂ ਰਾਹੀਂ ਕਰਜ਼ਾ ਮੋੜਦੇ ਰਹਿੰਦੇ ਹਨ। ਕਿਸਮਤ ਵਾਲਾ ਕਿਸਾਨ ਹੋਵੇਗਾ, ਜਿਹਦਾ ਆਪਣਾ ਫਾਰਮ ਹੈ। ਫਿਰ ਵੀ ਏਥੇ ਪੰਜਾਬੀਆਂ ਨੇ ਖੇਤਾਂ ‘ਚ ਮਿੱਟੀ ਨਾਲ ਮਿੱਟੀ ਹੋ ਕੇ ‘ਸੋਨਾ’ ਪੈਦਾ ਕੀਤਾ ਹੈ। ਉਹ ਆਪਣੀ ਹੋਂਦ ਤੇ ਅਸਤਿਤਵ ਲਈ ਸੰਘਰਸ਼ ਕਰ ਰਹੇ ਹਨ। ਸਾਰੇ ਫਾਰਮਰਾਂ ਦੀ ਇਹੋ ਧਾਰਨਾ ਹੈ ਕਿ ‘ਮਸਾਂ ਗੁਜ਼ਾਰਾ ਹੀ ਹੁੰਦਾ ਏ। ਪਰ ਮੈਂ ਵੇਖਿਆ ਹੈ ਕਿ ਹਰ ਫਾਰਮ ‘ਚ ਦੋ-ਤਿੰਨ ਘਰ ਹੁੰਦੇ ਹਨ ਅਤੇ ਤਿੰਨ ਤੋਂ ਚਾਰ ਤੱਕ ਮਹਿੰਗੀਆਂ ਗੱਡੀਆਂ ਹੁੰਦੀਆਂ ਹਨ। ਉਹ ਫਾਰਮਰ ਦੇ ਨਾਲ-ਨਾਲ ਹੋਰ ਕੰਮ-ਧੰਦੇ ਵੀ ਕਰਦੇ ਹਨ। ਉਹਨਾਂ ਦੇ ਬਜ਼ੁਰਗਾਂ ਦਾ ਰਹਿਣ ਤੇ ਕੱਪੜੇ ਪਾਉਣ ਦਾ ਢੰਗ-ਤਰੀਕਾ ਪੰਜਾਬ ਦੇ ਕਿਸਾਨਾਂ ਵਾਲਾ ਹੈ। ਲੱਗਦਾ ਹੀ ਨਹੀਂ ਕਿ ਇਹ ਕੈਨੇਡਾ ਬੈਠੇ ਹਨ, ਜਿਵੇਂ ਪੰਜਾਬ ਦੇ ਖੇਤਾਂ, ਮਿੱਟੀ ਨਾਲ ਮਿੱਟੀ ਹੋ ਰਹੇ ਹੋਣ। 4-5 ਸੌ ਏਕੜਾਂ ਦੇ ਮਾਲਕਾਂ ਦੇ ਆਪਣੇ ਪੈਕਿੰਗ ਹਾਊਸ ਹਨ, ਉਹ ਚਾਰ ਡਾਲਰ ਕਮਾ ਰਹੇ ਹਨ। 15-20 ਏਕੜ ਵਾਲੇ ਕਿਸਾਨਾਂ ਦੀ ਹਾਲਤ ਬਹੁਤ ਪਤਲੀ ਹੈ, ਪਰ ਉਹਨਾਂ ਦਾ ਰਹਿਣ-ਸਹਿਣ ਉੱਚ ਪੱਧਰ ਦਾ ਹੈ।

Leave a Reply

Your email address will not be published. Required fields are marked *