(ਕਹਾਣੀਕਾਰ ਤੇ ਨਾਵਲਕਾਰ ਭਗਵੰਤ ਰਸੂਲਪੁਰੀ ਸਾਹਿਤਕ ਮੈਗਜ਼ੀਨ ਕਹਾਣੀ ਧਾਰਾ ਦੇ ਸੰਪਾਦਕ ਹਨ ਜੋ ਇਨ੍ਹੀਂ ਦਿਨੀਂ ਕੈਨੇਡਾ ਫੇਰੀ ਤੇ ਹਨ … ਉਨ੍ਹਾਂ ਉੱਥੇ ਰਹਿੰਦਿਆਂ ਉਥੋਂ ਦੀ ਕਿਸਾਨੀ ਤੇ ਪਰਿਵਾਸ ਨੂੰ ਸਮਝ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਅਨੁਭਵ ਉਨ੍ਹਾਂ “ਕੈਨੇਡਾ ਡਾਇਰੀ” ਚ ਲਿਖਣੇ ਸ਼ੁਰੂ ਕੀਤੇ ਹਨ … ਜੋ “ਨਵਾਂ ਜ਼ਮਾਨਾ” ਵਿੱਚ ਛਪ ਰਹੇ ਹਨ। ਭਗਵੰਤ ਰਸੂਲਪਰੀ ਦੀ ਕੈਨੇਡਾ ਡਾਇਰੀ ਪਾਠਕਾਂ ਲਈ ਸੁਰ ਸਾਂਝ ਡਾਟ ਕਾਮ ਦੇ ਪੰਨਿਆਂ ਦਾ ਸ਼ਿੰਗਰ ਵੀ ਬਣਦੀ ਰਹੇਗੀ … ਸੁਰਜੀਤ ਸੁਮਨ, ਸੰਪਾਦਕ, ਸੁਰ ਸਾਂਝ ਡਾਟ ਕਾਮ)।
ਕੈਨੇਡਾ ਡਾਇਰੀ/ ਭਗਵੰਤ ਰਸੂਲਪੁਰੀ
ਬਾਗਬਾਨਾਂ ਦੀਆਂ ਗੱਲਾਂ
ਪਿਛਲੀ ਵਾਰ 2019 ਦੀ ਜੂਨ ਨੂੰ ਕੈਨੇਡਾ ਆਇਆ ਸੀ। ਚਾਰ ਸਾਲ ਬਾਅਦ ਕੈਨੇਡਾ ਦੇ ਵੈਨਕੂਵਰ ਏਅਰ ਪੋਰਟ ‘ਤੇ ਉਤਰਿਆ ਸਾਂ। ਇਸ ਵਾਰ ਮੇਰੀ ਬੇਟੀ ਹਰਲੀਨ ਆਪਣੀ ਗੱਡੀ ਡਰਾਇਵ ਕਰਕੇ ਆਪਣੇ ਛੋਟੇ ਭਰਾ ਆਯੂਸ ਰਾਏ ਨਾਲ ਮੈਨੂੰ ਲੈਣ ਆ ਰਹੀ ਸੀ। ਦੋਵੇਂ ਬੱਚਿਆਂ ਨੂੰ ਵੇਖ ਕੇ ਮੇਰਾ ਸਫਰ ਦੌਰਾਨ ਹੋਇਆ ਥਕੇਵਾਂ ਲੱਥ ਗਿਆ। ਹਰਲੀਨ ਆਤਮ ਵਿਸ਼ਵਾਸ ਨਾਲ ਭਰੀ ਹੋਈ ਲੱਗੀ। ਅਸੀਂ ਤਿੰਨੇ ਲਹਿੰਗਲੀ ਇੱਕ ਪਾਰਟੀ ‘ਚ ਪਹੁੰਚਣਾ ਸੀ। ਇਹ ਸ਼ਹਿਰ ਫਾਰਮਿੰਗ ਏਰੀਆ ਹੈ। ਪਾਰਟੀ ‘ਚ ਫਰੂਟ ਦੀ ਖੇਤੀ ਕਰਨ ਵਾਲੇ ਪੰਜਾਬੀ ਕਿਸਾਨ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ‘ਚੋਂ ਮੈਂ ਉੱਥੋਂ ਦੀ ਖੇਤੀਬਾੜੀ ਨੂੰ ਸਮਝਣ ਲੱਗ ਪਿਆ।


ਇੱਕ ਸੱਜਣ ਸਿੱਧੂ ਸਾਹਿਬ ਬੋਲ ਰਹੇ ਸਨ, ‘‘ਬਾਈ ਕੈਨੇਡਾ ਦੀ ਖੇਤੀ ਪੰਜਾਬ ਨਾਲੋਂ ਬਹੁਤ ਵੱਖਰੀ ਐ। ਵਰਨਨ ਅਤੇ ਕਲੋਨਾ ਤੇ ਉਪਰਲੇ ਹੋਰ ਸ਼ਹਿਰਾਂ ‘ਚ ਐਪਲ ਤੇ ਚੈਰੀ ਦੀ ਖੇਤੀ ਹੁੰਦੀ ਐ। ਏਧਰ ਐਪਲ ਦੇ ਸੰਘਣੇ ਬਾਗ ਨੇ। ਹੁਣ ਵਧੇਰੇ ਬਾਗ ਪੰਜਾਬੀ ਲੋਕਾਂ ਕੋਲ ਹਨ। ਪਿਉਂਦ ਲਗਾ ਕੇ ਐਪਲ ਦੇ ਟ੍ਰੀ ਤਿਆਰ ਕੀਤੇ ਜਾਂਦੇ ਨੇ। ਟ੍ਰੀ ਦਾ ਫੈਲਾਅ 2 ਤੋਂ 3 ਫੁੱਟ ਹੁੰਦਾ ਏ।ਫਲ ਬਹੁਤ ਲੱਗਦਾ ਏ। 4-5 ਸਾਲਾਂ ਬਾਅਦ ਨਵਾਂ ਟ੍ਰੀ ਫ ਦੇਣ ਲੱਗ ਪੈਂਦਾ ਏ।ਪਾਣੀ ਫੁਆਰਾ ਤਕਨੀਕ ਰਾਹੀਂ ਲਗਾਇਆ ਜਾਂਦਾ ਏ। ਦੂਜਾ ਤਰੀਕਾ ਬੂਟਿਆਂ ਨਾਲ ਪਾਈਪ ਪਾਏ ਜਾਂਦੇ ਹਨ। ਧਰਤੀ ਤੋਂ ਫੁੱਟ ਕੁ ਉੱਚੇ। ਉਹਨਾ ‘ਚੋਂ ਤੁਪਕਾ-ਤੁਪਕਾ ਪਾਣੀ ਸਿੰਮਦਾ ਰਹਿੰਦਾ ਏ ਤੇ ਟ੍ਰੀ ਦੀਆਂ ਜੜ੍ਹਾਂ ‘ਚ ਪਾਣੀ ਜਾਂਦਾ ਰਹਿੰਦਾ ਏ। ਏਥੇ ਪੰਜਾਬ ਵਾਂਗੂੰ ਕਿਸਾਨਾਂ ਨੂੰ ਫ੍ਰੀ ਪਾਣੀ ਨਹੀਂ ਮਿਲਦਾ।
ਮੈਂ ਕਿਹਾ, ‘ਮੈਂ ਸੁਣਿਆ ਏਥੋਂ ਦੀ ਖੇਤੀਬਾੜੀ ‘ਚ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੀ ਵਰਤੋਂ ਨਾ-ਮਾਤਰ ਹੁੰਦੀ ਏ। ਦੂਜਾ ਫਾਰਮਰ ਇੱਕੋ ਘੁੱਟ ਨਾਲ ਗਲਾਸ ਖਾਲੀ ਕਰਦਾ ਬੋਲਿਆ, “ਬਾਈ ਜੀ! ਅਸੀਂ ਵੀ ਵਧੇਰੇ ਫਲ ਦਾ ਝਾੜ ਲੈਣ ਲਈ ਕੀਟਨਾਸ਼ਕ ਤੇ ਕੈਲਸ਼ੀਅਮ, ਫਾਸਫੋਰਸ ਤੇ ਹੋਰ ਬੂਸਟਰ ਸਪਰੇਆਂ ਕਰਦੇ ਹਾਂ। ਇਸ ਤੋਂ ਬਿਨਾਂ ਅਸੀਂ ਮਾਰਕਿਟ ‘ਚ ਖੜ੍ਹ ਨਹੀਂ ਸਕਦੇ। ਜਦੋਂ ਐਪਲ ਤੁਰ ਪੈਂਦੇ ਹਨ ਤਾਂ ਸਪਰੇਆਂ ਸ਼ੁਰੂ ਹੋ ਜਾਂਦੀਆਂ। ਚੈਰੀ ਦੀ ਫਸਲ `ਤੇ ਤਾਂ ਬਹੁਤ ਸਪਰੇਅ ਕਰਨੀ ਪੈਂਦੀ ਹੈ। ਇਹਦੇ ‘ਚ ਬੁਸਟਰ ਤੇ ਕੀਟਨਾਸ਼ਕ ਸਪਰੇਅ ਹੁੰਦੀਆਂ ਹਨ। ਇਹਨਾਂ ਦਿਨਾਂ ‘ਚ ਸਾਨੂੰ ਐਪਲ ਤੇ ਚੈਰੀ ਸਾਂਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਏ। ਚੈਰੀ ਜਦੋਂ ਪੱਕਦੀ ਏ ਤੇ ਮੀਂਹ ਵੀ ਪੈਂਦੇ ਹਨ, ਮੀਂਹ ਦਾ ਪਾਣੀ ਚੈਰੀ ਦੀਆਂ ਡੰਡੀਆਂ ਦੇ ਡੂੰਘ `ਚ ਪਾਣੀ ਭਰ ਜਾਂਦਾ ਏ। ਇਹ ਬਹੁਤ ਨਰਮ ਫਰੂਟ ਏ ਤੇ ਪਾਣੀ ਨਾਲ ਬਹੁਤ ਜਲਦੀ ਖਰਾਬ ਹੋ ਜਾਂਦਾ ਏ | ਫਿਰ ਪਾਣੀ ਸੁਕਾਉਣ ਲਈ ਫਾਰਮਰ ਹੈਲੀਕਾਪਟਰ ਫਾਰਮ ਦੇ ਉੱਪਰ ਘੁੰਮਾਉਂਦੇ ਹਨ ਤੇ ਉਹਦੀ ਹਵਾ ਨਾਲ ਪਾਣੀ ਸੁੱਕ ਜਾਂਦਾ ਏ।
ਤੇ ਭਾਜੀ ਲੇਬਰ ਮਿਲ ਜਾਂਦੀ ਏ ??
‘ਹੁਣ ਪੰਜਾਬੀ ਲੇਬਰ ਬਹੁਤ ਘਟ ਗਈ ਏ।’ ਪੰਜਾਬ ਤੋਂ ਜੋ ਪਰਵਾਰਾਂ ਨਾਲ ਬਜ਼ੁਰਗ ਆਉਂਦੇ ਸਨ, ਉਹ ਵੀ ਖੇਤਾਂ ‘ਚ ਕੰਮ ਕਰਦੇ ਸਨ। ਹੁਣ ਜੋ ਵਿਦਿਆਰਥੀ ਪੰਜਾਬ ‘ਚੋਂ ਆਉਂਦੇ ਹਨ, ਉਹ ਖੇਤਾਂ ‘ਚ ਕੰਮ ਨਹੀਂ ਕਰਦੇ। ਐਪਲ ਦੀ ਖੇਤੀ ਕਰਨ ਵਾਲੇ ਕਿਸਾਨ ਮੈਕਸੀਕੋ ਤੇ ਜਮਾਇਕਾ ਤੋਂ ਲੇਬਰ, ਲੇਬਰ ਕਾਨੂੰਨ ਤਹਿਤ ਮੰਗਵਾਉਂਦੇ ਹਨ, ਜੋ ਕੰਮ ਕਰਕੇ ਮੁੜ ਜਾਂਦੇ ਹਨ। ਇਹ ਲੇਬਰ ਪੱਕੇ ਤੌਰ ‘ਤੇ ਕੈਨੇਡਾ ਨਹੀਂ ਰਹਿੰਦੀ। ਇਹ ਯੂ ਪੀ, ਬਿਹਾਰ ਦੇ ਪਰਵਾਸੀ ਮਜ਼ਦੂਰਾਂ ਵਾਂਗ ਕੰਮ ਕਰਦੇ ਹਨ।
ਉਹਨਾ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਹੁਣ ਅੰਬਰੋਸ਼ੀਆ (ਐਪਲ ਦੀ ਇੱਕ ਕਿਸਮ) ਦੀ ਖੇਤੀ ਵਧੇਰੇ ਹੁੰਦੀ ਹੈ। ਐਪਲ ਦੀ ਕਿਸਮ ਰਾਇਲ ਗੈਲਾ ਦਾ ਮਾਰਕਿਟ ‘ਚ ਰੇਟ ਚੰਗਾ ਨਾ ਮਿਲਣ ਕਾਰਨ ਕਿਸਾਨਾਂ ਨੇ ਪੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਨੀ ਕਰੇਪਸ ਸੰਨਰਾਈਜ਼, ਅਰਲੀ ਗੋਲਡ ਤੇ ਸਪਾਟਨ ਕਿਸਮਾਂ ਦੇ ਐਪਲ ਵੀ ਵਧੇਰੇ ਹੁੰਦੇ ਹਨ। ਛੋਟੇ ਫਾਰਮਰਾਂ ਦੀ ਸਥਿਤੀ ਕਾਫੀ ਪਤਲੀ ਏ। ਖਰਚੇ ਵਧ ਜਾਂਦੇ ਹਨ ਅਤੇ ਮਾਰਕਿਟ ‘ਚ ਐਪਲਾਂ ਦਾ ਮੁੱਲ ਘੱਟ ਮਿਲਦਾ ਏ। ਇਸ ਫਰੂਟ ਨੂੰ ਸਰਕਾਰੀ ਤੌਰ ‘ਤੇ ਖਰੀਦਿਆ ਨਹੀਂ ਜਾਂਦਾ। ਵਰਨਨ ਕਲੋਨਾ ‘ਚ ਕਿਸਾਨਾਂ ਨੇ ਆਪਣੇ ਪੱਧਰ ‘ਤੇ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਹੋਈਆਂ ਹਨ।‘ਬੀ ਸੀ ਟ੍ਰੀ ਫਰੂਟ ਕੋਆਪਰੇਟਿਵ ਸੁਸਾਇਟੀ’ ਮੁੱਖ ਏ।
ਇਸ ਇਲਾਕੇ ਦਾ ਸਾਰਾ ਫਰੂਟ ਇਹੋ ਕੋਅਪ ਖਰੀਦਦੀ ਹੈ। ਇਸ ਦੇ ਵੱਡੇ-ਵੱਡੇ ਸਟੋਰ ਹਨ, ਜਿਨ੍ਹਾਂ ‘ਚ ਕਿਸਾਨਾਂ ਦੇ ਸੇਬਾਂ ਦੇ ਬੈੱਨ ਰੱਖੇ ਜਾਂਦੇ ਹਨ। ਹਰ ਫਾਰਮਰ ਦਾ ਕੋਡ ਹਰ ਬੈੱਨ ’ਤੇ ਲੱਗਦਾ ਹੈ। ਇੱਕ ਕੋਅਪ ਮੰਗ ਦੇ ਹਿਸਾਬ ਨਾਲ ਸੇਬ ਤੇ ਹੋਰ ਫਲ ਮਾਰਕਿਟ ਵਿੱਚ ਭੇਜਦੀ ਰਹਿੰਦੀ ਏ। ਤੇ ਕਿਸਾਨਾਂ ਨੂੰ ਉਹਨਾਂ ਦੇ ਘਰ ’ਚ ਚੈੱਕ ਆਉਂਦੇ ਰਹਿੰਦੇ ਹਨ। ਕਿਸਾਨ ਆਪਣੇ ਵਿੱਚੋਂ ਹੀ ਸੁਸਾਇਟੀ ਦੇ ਮੁੱਖ ਅਹੁਦੇਦਾਰ ਚੁਣਦੀ ਏ। ਚੁਣੇ ਹੋਏ ਅਹੁਦੇਦਾਰ ਹੀ ਕੰਮ ਕਰਨ ਲਈ ਵਰਕਰ ਰੱਖਦੀ ਏ।
ਮੈਨੂੰ ਇਹ ਵੀ ਪਤਾ ਲੱਗਾ ਕਿ ਇਸ ਵੈਲੀ ‘ਚ ਅੰਗੂਰ ਦੀ ਖੇਤੀ ਵੀ ਵੱਡੀ ਪੱਧਰ ‘ਤੇ ਹੁੰਦੀ ਹੈ। ਇੱਥੇ ਅਨੇਕਾਂ ਵਾਇਨਰੀਆਂ ਹਨ, ਜੋ ਤਰ੍ਹਾਂਤਰ੍ਹਾਂ ਦੀ ਵਾਇਨ ਤਿਆਰ ਕਰਦੀਆਂ ਹਨ।‘ਗੈਰੀ ਮੋਕ ਵਾਇਨਰੀ’ ਨੂੰ ਵੇਖਣ ਸੈਲਾਨੀ ਦੂਰੋਂ-ਦੂਰੋਂ ਆਉਂਦੇ ਹਨ।
ਏਥੋਂ ਦੇ ਐਪਲ ਖਾਣ ਦਾ ਆਪਣਾ ਵੱਖਰਾ ਸਵਾਦ ਏ। ਪੰਜਾਬ ‘ਚ ਮਿਲਦੇ ਐਪਲ ਤਾਂ ਰਸ-ਹੀਣ ਨੇ। ਅੱਜਕੱਲ੍ਹ ਐਪਲ ਆਪਣਾ ਰੰਗ ਫੜ ਰਿਹਾ ਏ। ਤਿੰਨਗ ਖਤਮ ਹੋ ਗਈ ਏ। ਪਰਨਿੰਗ ਚੱਲਦੀ ਏ। ਅਕਤੂਬਰ ‘ਚ ਐਪਲ ਟੁੱਟਣ ਲੱਗ ਪੈਂਦੇ ਹਨ। ਚੈਰੀ ਤੋੜਨ ਲਈ ਲੇਬਰ ਭੱਜੀ ਫਿਰਦੀ ਏ| ਕੈਨੇਡਾ ਦੇ ਪੰਜਾਬੀ ਫਾਰਮਰ ਇਹਨਾਂ ਦਿਨਾਂ ’ਚ ਬਹੁਤ ਰੁੱਝੇ ਹੋਏ ਹਨ। ਅੱਗੇ ਮੈਂ ਸਰੀ ਦੀ ਬੇਰੀ ਬਾਰੇ ਵੀ ਗੱਲਾਂ ਨੋਟ ਕਰਨੀਆਂ ਏ।

