ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 1 ਸਤੰਬਰ:


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅੱਜ ਸ਼ਾਮ ਖਰੜ-ਲਾਂਡਰਾਂ ਰੋਡ ‘ਤੇ ਨਿਯਮਿਤ ਰੂਪ ਵਿੱਚ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕ ਦੀ ਤੁਰੰਤ ਮੁਰੰਮਤ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ। ਉਹਨਾਂ ਇਸ ਮੌਕੇ ਮੌਜੂਦ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਥਾਵਾਂ ‘ਤੇ ਨਗਰ ਕੌਂਸਲ ਖਰੜ ਵੱਲੋਂ ਲਗਾਏ ਪੰਪ, ਖੜ੍ਹੇ ਪਾਣੀ ਨੂੰ ਖਾਲੀ ਕਰ ਰਹੇ ਹਨ, ਉਨ੍ਹਾਂ ਥਾਵਾਂ ‘ਤੇ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜ੍ਹਕ ‘ਤੇ ਸ਼ਿਵਾਲਿਕ ਸਿਟੀ ਤੇ ਹੋਰ ਸੋਸਾਇਟੀਆਂ ਦੇ ਸੀਵਰੇਜ ਅਤੇ ਦੂਸਰੇ ਪਾਣੀ ਦਾ ਨਿਕਾਸ ਨੈਸ਼ਨਲ ਹਾਈਵੇ ਦੀ ਡਰੇਨ ਵਿੱਚ ਹੁੰਦਾ ਹੈ ਪਰ ਲਗਾਤਾਰ ਬਾਰਿਸ਼ ਕਾਰਨ ਇਹ ਡਰੇਨ ਵੀ ਭਰ ਗਈ ਹੈ, ਜਿਸ ਕਾਰਨ ਹੁਣ ਇਹ ਪਾਣੀ ਸੜ੍ਹਕ ਤੇ ਖੜ੍ਹਨਾ ਸ਼ੁਰੂ ਹੋ ਗਿਆ ਹੈ, ਜਿਸ ਦੇ ਤੁਰੰਤ ਨਿਪਟਾਰੇ ਲਈ ਨਗਰ ਕੌਂਸਲ ਦੇ ਪੰਪ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਹੁੰਦੇ ਹੀ ਨੈਸ਼ਨਲ ਹਾਈਵੇ ਵਲੋਂ ਸੜ੍ਹਕ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਿਵਾਲਿਕ ਸਿਟੀ ਅਤੇ ਨਾਲ ਲੱਗਦੀਆਂ ਹੋਰ ਕਲੋਨੀਆਂ ਦੇ ਸੀਵਰੇਜ ਦੇ ਨਿਕਾਸੀ ਪਾਣੀ ਨੂੰ ਨਵੇਂ ਬਣ ਰਹੇ ਸ਼ਿਵਾਲਿਕ ਨੇੜਲੇ ਐਸਟੀਪੀ ਨਾਲ ਜੋੜਿਆ ਜਾਵੇਗਾ, ਜਿਸ ਸਬੰਧੀ ਸੀਵਰੇਜ ਬੋਰਡ ਦੁਆਰਾ ਪਾਈਪ-ਲਾਈਨ ਪਾਉਣ ਦੇ ਲੋੜੀਂਦੇ ਟੈਂਡਰ ਹੋ ਚੁੱਕੇ ਹਨ ਅਤੇ ਮੌਸਮ ਸਾਫ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਖਤਮ ਹੁੰਦੇ ਹੀ ਇਹ ਕੁਨੈਕਸ਼ਨ ਨਵੇਂ ਬਣਨ ਵਾਲੇ ਐਸਟੀਪੀ ਨਾਲ ਜੋੜ ਦਿੱਤਾ ਜਾਵੇਗਾ, ਜਿਸ ਨਾਲ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਖਰੜ ਦੇ ਐਸ ਡੀਐਮ ਸ੍ਰੀਮਤੀ ਦਿਵਿਆ ਪੀ ਵੀ ਮੌਜੂਦ ਸਨ।

