ਖ਼ਾਮੋਸ਼ ਹੋਈ ਬੁਲੰਦ ਆਵਾਜ਼ ਵਾਲ਼ੀ ਲੋਕ ਗਾਇਕਾ ਭੁਪਿੰਦਰ ਕੌਰ ਮੋਹਾਲ਼ੀ – ਕਰਮਜੀਤ ਸਿੰਘ ਬੱਗਾ
ਭੁਪਿੰਦਰ ਕੌਰ ਮੋਹਾਲ਼ੀ ਵੱਲੋਂ ਸਾਲ 1989-90 ਦੌਰਾਨ ਆਪਣੇ ਗਾਇਕੀ ਸਫ਼ਰ ਦੀ ਕੀਤੀ ਸੀ ਸ਼ੁਰੂਆਤ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:


ਪੰਜਾਬੀ ਲੋਕ ਗਾਇਕੀ ਦੀ ਬੁਲੰਦ ਆਵਾਜ਼ ਭੁਪਿੰਦਰ ਕੌਰ ਮੋਹਾਲ਼ੀ ਦਾ ਮੋਹਾਲ਼ੀ ਵਿਖੇ ਸੰਖੇਪ ਜਿਹੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਕੱਲ੍ਹ ਬਲੌਂਗੀ (ਮੋਹਾਲ਼ੀ) ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਹੂਮ ਲੋਕ ਗਾਇਕਾ ਭੁਪਿੰਦਰ ਕੌਰ ਮੋਹਾਲ਼ੀ ਦੀ ਅੰਤਿਮ ਅਰਦਾਸ 5 ਨਵੰਬਰ 2023 ਨੂੰ 12.00 ਤੋਂ 1.00 ਵਜੇ ਤੱਕ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਵੇਗੀ।
ਕਰਮਜੀਤ ਬੱਗਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਭੁਪਿੰਦਰ ਕੌਰ ਮੋਹਾਲ਼ੀ ਨੇ ਪੰਜਾਬੀ ਲੋਕ ਗਾਇਕੀ ਦਾ ਸਫ਼ਰ ਸਾਲ 1989-90 ਦੌਰਾਨ ਮਾਲਵਾ ਸਭਿਆਚਾਰਕ ਮੰਚ ਮੋਹਾਲੀ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਅਲਗੋਜ਼ੇ, ਢੋਲ, ਚਿਮਟੇ ਆਦਿ ਲੋਕ ਸਾਜ਼ਾਂ ਨਾਲ਼ ਲੋਕ ਗੀਤ ਜੁਗਨੀ ਗਾ ਕੇ ਆਰੰਭ ਕੀਤਾ ਸੀ। ਉਨ੍ਹਾਂ ਆਪਣੀ ਗਾਇਕੀ ਦੇ ਦਾ ਸਫ਼ਰ ਦਾ ਵਿਸਥਾਰ ਦੇਸ਼ਾਂ-ਵਿਦੇਸ਼ਾਂ ਤੱਕ ਜਾਰੀ ਰੱਖਿਆ।
ਯੂਨੀਵਰਸਿਲ ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਫਿਲਮੀ ਕਲਾਕਾਰ ਨਰਿੰਦਰ ਪਾਲ ਨੀਨਾ ਦੀ ਪ੍ਰਧਾਨਗੀ ਹੇਠ ਲੋਕ ਗਾਇਕੀ ਦੀ ਏਸ ਬੁਲੰਦ ਆਵਾਜ਼ ਨੂੰ ਸਨਮਾਨਿਤ ਕੀਤਾ ਗਿਆ ਸੀ। ਸੋਸਾਇਟੀ ਦੇ ਮੈਂਬਰਾਂ ਅਤੇ ਮੋਹਾਲ਼ੀ ਦੇ ਕਲਾਕਾਰਾਂ ਵੱਲੋਂ ਇਸ ਲੋਕ ਗਾਇਕਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

