ਖਿਜਰਾਬਾਦ ਤੋਂ ਫੜਿਆ ਚੋਰੀ ਦਾ ਸਰਕੜਾ
ਚੰਡੀਗੜ੍ਹ 3 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਬਲਾਕ ਮਾਜਰੀ ਦੇ ਕਸਬਾਨੁਮਾ ਪਿੰਡ ਖਿਜਰਾਬਾਦ ਤੋਂ ਬੀਡੀਪੀਓ ਮਾਜਰੀ ਦੀ ਅਗਵਾਈ ਵਿੱਚ ਮਾਜਰੀ ਪੁਲਿਸ ਦੇ ਸਹਿਯੋਗ ਨਾਲ ਪਿੰਡ ਖਿਜਰਾਬਾਦ ਦੀ ਉੱਪਰਲੀ ਪੱਤੀ ਦੇ ਪੰਚਾਇਤੀ ਰਕਬੇ ਵਿੱਚੋਂ ਕੁਝ ਲੋਕ ਪਿਛਲੇ ਲੰਮੇ ਸਮੇਂ ਤੋਂ ਰੇਤਾ, ਮਿੱਟੀ, ਸਮੇਤ ਦਰੱਖਤ ਅਤੇ ਸਰਕੜਾ ਚੋਰੀ ਕਰ ਰਹੇ ਸਨ। ਇਸ ਸਬੰਧੀ ਪੰਚਾਇਤ ਵੱਲੋਂ ਬੀਡੀਪੀਓ ਮਾਜਰੀ ਅਤੇ ਪੁਲਿਸ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ। ਅੱਜ ਫਿਰ ਪਿੰਡ ਤੇ ਪੰਚਾਇਤ ਦੀ ਸ਼ਿਕਾਇਤ ਤੇ ਬੀਡੀਪੀਓ ਮਾਜਰੀ ਦੀ ਹਾਜ਼ਰੀ ਵਿੱਚ ਸਰਕੜੇ ਦਾ ਭਰਿਆ ਟਰਾਲਾ ਫੜਾਇਆ ਗਿਆ ਹੈ।
ਦੱਸ ਦਈਏ ਕਿ ਖਿਜਰਾਬਾਦ ਦੀ ਇਸ ਪੰਚਾਇਤੀ ਜਮੀਨ ਵਿੱਚੋਂ ਚੋਰੀ ਦੀ ਮਨਸਾ ਨਾਲ ਰੋਜ਼ਾਨਾ ਹੀ ਨਾਜਾਇਜ਼ ਮਾਈਨਿੰਗ ਅਤੇ ਨਾਜਾਇਜ਼ ਲੱਕੜ ਕੱਟੀ ਜਾਂਦੀ ਹੈ। ਪਿੰਡ ਵਾਸੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿੱਚ ਦੱਸਿਆ ਕਿ ਪਿੰਡ ਦੇ ਹੀ ਕੁਝ ਲੋਕ ਕੁਝ ਅਧਿਕਾਰੀਆਂ ਨਾਲ ਮਿਲ ਕੇ ਉੱਪਰਰੋਕਤ ਚੋਰੀਆਂ ਨੂੰ ਅੰਜ਼ਾਮ ਦਿੰਦੇ ਹਨ। ਇਹਨਾਂ ਕਿਹਾ ਕਿ ਇਹ ਪਿੰਡ ਦੇ ਲੋਕ ਪਿੰਡ ਵਿੱਚੋਂ ਹੀ ਚੋਰੀ ਕਰਕੇ, ਜਿੱਥੇ ਆਪਣੀਆਂ ਜੇਬਾਂ ਭਰ ਰਹੇ ਹਨ, ਉਥੇ ਹੀ ਪੰਚਾਇਤੀ ਰਕਬੇ ਚੋਂ ਚੋਰੀ ਕਰਕੇ ਪੰਚਾਇਤ ਲਈ ਘਾਟੇ ਵਾਲੇ ਰਸਤੇ ਪੱਕੇ ਕਰ ਰਹੇ ਹਨ।
ਅੱਜ ਮਾਜਰੀ ਪੁਲਿਸ ਸਰਕੜੇ ਸਮੇਤ ਟਰੈਕਟਰ-ਟਰਾਲਾ ਮਾਜਰੀ ਥਾਣੇ ਲੈ ਆਈ ਹੈ। ਇਸ ਸਬੰਧੀ ਪੁਲਿਸ ਥਾਣਾ ਮਾਜਰੀ ਦੇ ਇੰਚਾਰਜ ਸ੍ਰੀ ਜੋਗੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਬੀਡੀਪੀਓ ਮਾਜਰੀ ਦੁਆਰਾ ਕਰਵਾਈ ਜਾਣੀ ਹੈ। ਖਬਰ ਲਿਖੇ ਜਾਣ ਤੱਕ ਬੀਡੀਪੀਓ ਦਫਤਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਲਈ ਪੁਲਿਸ ਥਾਣਾ ਮਾਜਰੀ ਨੂੰ ਜਾਣੂ ਨਹੀਂ ਕਰਵਾਇਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜਿਵੇਂ ਹੀ ਬੀਡੀਪੀਓ ਦਫਤਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਸਬੰਧੀ ਲਿਖਿਆ ਜਾਵੇਗਾ, ਉਸ ਤਰਾਂ ਦੀ ਕਾਰਵਾਈ ਸਰਕੜਾ ਚੋਰਾਂ ਖਿਲਾਫ ਕੀਤੀ ਜਾਵੇਗੀ ਅਤੇ ਅੱਗੇ ਤੋਂ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਮਲਾ ਸਾਹਮਣੇ ਨਾ ਆਵੇ, ਉਹ ਵੀ ਧਿਆਨ ਵਿੱਚ ਰੱਖਿਆ ਜਾਵੇਗਾ।

