Breaking
www.sursaanjh.com > ਅੰਤਰਰਾਸ਼ਟਰੀ > ਗਰੇਵਾਲ ਆਈ ਇੰਸਟੀਚਿਊਟ ਵਿੱਚ ‘ਨਜ਼ਰ-ਏ-ਮੁਸ਼ਾਇਰਾ’;  ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਵਿਸ਼ੇਸ਼ ਪੇਸ਼ਕਾਰੀ -ਸੁਸ਼ੀਲ ਦੁਸਾਂਝ

ਗਰੇਵਾਲ ਆਈ ਇੰਸਟੀਚਿਊਟ ਵਿੱਚ ‘ਨਜ਼ਰ-ਏ-ਮੁਸ਼ਾਇਰਾ’;  ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਵਿਸ਼ੇਸ਼ ਪੇਸ਼ਕਾਰੀ -ਸੁਸ਼ੀਲ ਦੁਸਾਂਝ

ਤ੍ਰੈ-ਭਾਸ਼ੀ ਕਵੀਆਂ ਦੀ ਅਦਬੀ ਮਹਿਫ਼ਲ 27 ਫਰਵਰੀ ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ:
ਗਰੇਵਾਲ ਆਈ ਇੰਸਟੀਚਿਊਟ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਸਹਿਯੋਗ ਨਾਲ਼  27 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀਆਂ ’ਤੇ ਅਧਾਰਤ ‘ਨਜ਼ਰ-ਏ-ਮੁਸ਼ਾਇਰਾ’ ਕਰਵਾਇਆ ਜਾ ਰਿਹਾ ਹੈ। ਇਹ ਅਦਬੀ ਸਮਾਗਮ ਸ਼ੁੱਕਰਵਾਰ ਸ਼ਾਮ 3.30 ਤੋਂ 6.00 ਵਜੇ ਤੱਕ ਆਡੀਟੋਰੀਅਮ, ਗਰੇਵਾਲ ਆਈ ਇੰਸਟੀਚਿਊਟ, ਐੱਚ-6, ਮੈਡੀਸਿਟੀ, ਨਿਊ ਚੰਡੀਗੜ੍ਹ ਵਿਖੇ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਹੋਣਗੇ, ਜਦਕਿ ਪ੍ਰਸਿੱਧ ਕਵਿਤਰੀ ਸੁਖਵਿੰਦਰ ਅੰਮ੍ਰਿਤ ਅਤੇ ਡਾ. ਐੱਸ.ਪੀ.ਐੱਸ. ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਵਿੱਚ ਤ੍ਰੈ-ਭਾਸ਼ੀ  ਕਵਿਤਾ ਅਤੇ ਗ਼ਜ਼ਲ ਦੀ ਰੂਹਾਨੀ ਮਹਿਕ ਫ਼ੈਲੇਗੀ। ਮੁਸ਼ਾਇਰੇ ਵਿੱਚ ਦਰਸ਼ਨ ਬੁੱਟਰ, ਗੁਰਦੀਪ ਗੁੱਲ, ਸੁਸ਼ੀਲ ਦੁਸਾਂਝ, ਤ੍ਰੈਲੋਚਨ ਲੋਚੀ, ਮਹੇਂਦਰ ਕੁਮਾਰ ਸਾਨੀ, ਅਮਰਦੀਪ ਸਿੰਘ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ ਅਤੇ ਨੰਦ ਕਿਸ਼ੋਰ ਵਰਗੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਲੋਕ ਗਾਇਕਾ ਹਰਪ੍ਰੀਤ ਕੌਰ ਸੰਧੂ ਦੀ ਵਿਸ਼ੇਸ਼ ਪੇਸ਼ਕਾਰੀ ਸਮਾਗਮ ਨੂੰ ਰੰਗੀਨ ਬਣਾਏਗੀ।
ਸਮਾਗਮ ਦੇ ਕੁਆਰਡੀਨੇਟਰ ਕਮਲ ਦੁਸਾਂਝ ਨੇ ਸਾਹਿਤ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਇਸ ਅਦਬੀ ਸ਼ਾਮ ਦਾ ਹਿੱਸਾ ਬਣਨ। ਗਰੇਵਾਲ ਆਈ ਇੰਸਟੀਚਿਊਟ ਮੈਨੇਜਮੈਂਟ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੀ ਕਾਰਜਕਾਰਨੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਯੋਜਕਾਂ ਮੁਤਾਬਕ ‘ਨਜ਼ਰ-ਏ-ਮੁਸ਼ਾਇਰਾ’ ਦਾ ਮਕਸਦ ਸ਼ਾਇਰੀ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਅਦਬ ਦੀ ਇਹ ਰਵਾਇਤ ਲਗਾਤਾਰ ਅੱਗੇ ਵਧਦੀ ਰਹੇ।

Leave a Reply

Your email address will not be published. Required fields are marked *