ਗੀਤਕਾਰ ਰਣਜੋਧ ਰਾਣਾ ਦੀਆਂ ਦੋ ਪੁਸਤਕਾਂ ‘ਮਹਿਕਾਂ’ ਅਤੇ ‘ਯਾਦਾਂ ਪਿੰਡ ਦੀਆਂ’ ਤੇ ਕਰਵਾਈ ਗਈ ਚਰਚਾ
ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ
ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਬਤੌਰ ਮੁੱਖ ਮਹਿਮਾਨ, ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਬਤੌਰ ਵਿਸ਼ੇਸ਼ ਮਹਿਮਾਨ ਹੋਏ ਸ਼ਾਮਿਲ
ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਅਤੇ ਚਰਚਿਤ ਲੇਖਕ ਮਲਕੀਅਤ ਸਿੰਘ ਔਜਲਾ ਨੂੰ ਕਵੀ ਮੰਚ ਦਾ ਸਲਾਹਕਾਰ ਅਤੇ ਹਰਪ੍ਰੀਤ ਸਿੰਘ ਬਲੱਗਣ ਨੂੰ ਕਾਰਜਕਾਰੀ ਮੈਂਬਰ ਘੋਸ਼ਿਤ ਕੀਤਾ ਗਿਆ
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਮਲਕੀਤ ਸਿੰਘ ਔਜਲਾ ਵੱਲੋਂ ਗੀਤਕਾਰ ਰਣਜੀਤ ਸਿੰਘ ਰਾਣਾ ਦੀਆਂ ਪੁਸਤਕਾਂ ਬਾਰੇ ਕੀਤੀ ਗਈ ਚਰਚਾ
ਮੁਹਾਲੀ ( ਸੁਰ ਸਾਂਝ ਡਾਟ ਕਾਮ ਬਿਊਰੋ), 7 ਜੁਲਾਈ:


ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਨਵੇਲੀਆਂ ਪੁਸਤਕਾਂ ‘ਮਹਿਕਾਂ’ ਅਤੇ ‘ਯਾਦਾਂ ਪਿੰਡ ਦੀਆਂ’ ਤੇ ਚਰਚਾ ਕਰਨ ਅਤੇ ਕਵੀ ਦਰਬਾਰ ਦਾ ਆਯੋਜਨ ਆਰੀਆ ਸਮਾਜ ਮੰਦਿਰ ਫੇਜ਼-6 ਮੁਹਾਲੀ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ ਮੁਹਾਲੀ ਨੇ ਕੀਤੀ ਜਦੋਂ ਕਿ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਭਰੀ।
ਪ੍ਰੋਗਰਾਮ ਦੇ ਆਰੰਭ ਵਿੱਚ ਮਰਹੂਮ ਸ਼ਾਇਰ ਸੁਰਜੀਤ ਪਾਤਰ, ਅਜਮੇਰ ਸਾਗਰ, ਗੁਰਨਾਮ ਕੌਰ ਅਤੇ ਗੁਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਮੰਚ ਦੇ ਪ੍ਰਧਾਨ ਵੱਲੋਂ ਭਾਵ-ਭਿੰਨੇ ਸ਼ਬਦਾਂ ਨਾਲ ਸਰੋਤਿਆਂ ਤੇ ਸ਼ਾਇਰਾਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਮਲਕੀਅਤ ਸਿੰਘ ਔਜਲਾ ਨੂੰ ਮੰਚ ਦਾ ਸਲਾਹਕਾਰ ਅਤੇ ਹਰਪ੍ਰੀਤ ਸਿੰਘ ਬਲੱਗਣ ਨੂੰ ਕਾਰਜਕਾਰੀ ਮੈਂਬਰ ਘੋਸ਼ਿਤ ਕਰਨ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਔਰਤ ਦੀ ਸਖਸ਼ੀਅਤ ਤੇ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਦੋ ਸਾਂਝੀਆਂ ਪੁਸਤਕਾਂ ਸੰਪਾਦਿਤ ਕਰਨ ਦਾ ਅਹਿਦ ਵੀ ਕੀਤਾ।
ਇਸ ਮੌਕੇ ਤੇ ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਮਲਕੀਤ ਸਿੰਘ ਔਜਲਾ ਵੱਲੋਂ ਬੜੇ ਵਿਸਥਾਰ ਵਿੱਚ ਪੁਸਤਕਾਂ ਤੇ ਪਰਚੇ ਪੜ੍ਹੇ ਗਏ ਜਦੋਕਿ ਧਿਆਨ ਸਿੰਘ ਕਾਹਲੋਂ, ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਦੇਸੂਵੀ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸਿਰੀ ਰਾਮ ਅਰਸ਼ ਅਤੇ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਨਿੱਠ ਕੇ ਵਿਚਾਰ ਚਰਚਾ ਵਿੱਚ ਭਾਗ ਲਿਆ ਗਿਆ। ਇਸ ਉਪਰੰਤ ਪੁਸਤਕਾਂ ਦੇ ਰਚੇਤਾ ਰਣਜੋਧ ਸਿੰਘ ਰਾਣਾ ਵੱਲੋਂ ਆਪਣੀਆਂ ਪੁਸਤਕਾਂ ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਕਵੀ ਮੰਚ ਮੁਹਾਲੀ ਵੱਲੋਂ ਨਵੀਂ ਪਿਰਤ ਪਾਉਂਦਿਆਂ ਰਣਜੋਧ ਸਿੰਘ ਰਾਣਾ ਅਤੇ ਜਸਪਾਲ ਸਿੰਘ ਦੇਸੂਵੀ ਨੂੰ ਮਾਣ ਵਜੋਂ ਦਸਤਾਰਾਂ ਭੇਂਟ ਕੀਤੀਆਂ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕਾਂ ਨੂੰ ਮਿਆਰੀ ਅਤੇ ਪੰਜਾਬੀ ਮਾਂ ਬੋਲੀ ਦੇ ਪਾਠਕਾਂ ਲਈ ਇੱਕ ਵਰਦਾਨ ਦੱਸਿਆ।
ਇਸ ਮੌਕੇ ਤੇ ਕਰਵਾਏ ਗਏ ਕਵੀ ਦਰਬਾਰ ਵਿੱਚ ਭੁਪਿੰਦਰ ਮਟੌਰੀਆ, ਦਰਸ਼ਨ ਤਿਊਣਾ, ਮਲਕੀਤ ਔਜਲਾ, ਹਰਪ੍ਰੀਤ ਸਿੰਘ ਬਲੱਗਣ, ਜਗਤਾਰ ਸਿੰਘ ਜੋਗ, ਤਰਸੇਮ ਰਾਜ ਤੇ ਗੁਰਜੋਧ ਕੌਰ ਨੇ ਚਰਚਿਤ ਗੀਤਾਂ ਨਾਲ ਹਾਜ਼ਰੀ ਲਵਾਈ। ਨਰਿੰਦਰ ਕੌਰ ਲੌਂਗੀਆ ਵੱਲੋਂ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਜਸਪਾਲ ਸਿੰਘ ਕੰਵਲ, ਬਾਬੂ ਰਾਮ ਦੀਵਾਨਾ, ਮਹਿੰਗਾ ਸਿੰਘ ਕਲਸੀ, ਮੰਦਰ ਗਿੱਲ ਸਾਹਿਬਚੰਦੀਆ, ਗੁਰਮੀਤ ਸਿੰਗਲ, ਪਿਆਰਾ ਸਿੰਘ ਰਾਹੀ ਨੇ ਵੀ ਆਪੋ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਦੀ ਫ਼ਿਜ਼ਾ ਵਿੱਚ ਰੰਗੀਨੀ ਭਰੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਾਇਰ ਬਾਬੂ ਰਾਮ ਦੀਵਾਨਾ ਨੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੂੰ ‘ਜਾਪੁ ਸਾਹਿਬ ਵਿਚਾਰ’ ਧਾਰਮਿਕ ਪੁਸਤਕ ਭੇਟ ਕੀਤੀ ਅਤੇ ਨਾਲ ਹੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਡਾ. ਏ.ਕੇ. ਸ਼ਰਮਾ ਅਤੇ ਡਾ. ਵੀ.ਕੇ. ਸ਼ਰਮਾ ਹੁਰਾਂ ਦੇ ਪਿਤਾ ਜੀ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ: ਏ.ਕੇ. ਸ਼ਰਮਾ, ਡਾ: ਵੀ.ਕੇ. ਸ਼ਰਮਾ, ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਦਵਿੰਦਰ ਸਿੰਘ, ਅਮਰਜੀਤ ਕੋਰੀ, ਈਸ਼ਵਰ ਚੰਦਰ ਟਰਾਈਸਿਟੀ ਪ੍ਰਾਪਰਟੀ ਕੰਸਲਟੈਂਟ ਆਦਿ ਵੱਲੋਂ ਲੰਬਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਬਲਵਿੰਦਰ ਸਿੰਘ ਵੱਲੋਂ ਇੱਕ ਧਾਰਮਿਕ ਮਿੰਨੀ ਕਹਾਣੀ ਪੇਸ਼ ਕੀਤੀ ਗਈ। ਦੇਰ ਤੱਕ ਚੱਲੇ ਇਸ ਭਾਵਪੂਰਤ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਆਏ ਸਾਰਿਆਂ ਸ਼ਾਇਰਾਂ/ਚਿੰਤਕਾਂ ਅਤੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਤਰ੍ਹਾਂ ਇਹ ਪ੍ਰੋਗਰਾਮ ਆਪਣੀਆਂ ਨਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ।

