www.sursaanjh.com > ਅੰਤਰਰਾਸ਼ਟਰੀ > ‘ਗੁਰਦਾਸ ਰਾਮ ਆਲਮ’ ਐਵਾਰਡ ਡਾ. ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਪ੍ਰਦਾਨ

‘ਗੁਰਦਾਸ ਰਾਮ ਆਲਮ’ ਐਵਾਰਡ ਡਾ. ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਪ੍ਰਦਾਨ

‘ਗੁਰਦਾਸ ਰਾਮ ਆਲਮ’ ਐਵਾਰਡ ਡਾ. ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਪ੍ਰਦਾਨ
‘ਭਾਰਤੀ ਸੰਵਿਧਾਨ, ਮਨੁੱਖੀ ਅਧਿਕਾਰ ਅਤੇ ਫ਼ੌਜਦਾਰੀ ਕਾਨੂੰਨ’ ਤੇ ਭਾਸ਼ਣ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ:
ਮਾਨਵਵਾਦੀ ਰਚਨਾ ਮੰਚ ਪੰਜਾਬ (ਰਜਿ.) ਵੱਲੋਂ ਅੱਜ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਕਰਵਾਏ 22ਵੇਂ ਸਲਾਨਾ ਸਮਾਗਮ ਵਿਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਜੱਜ ਤੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੂੰ  ਕ੍ਰਮਵਾਰ 24 ਵਾਂ ਅਤੇ 25 ਵਾਂ ਗੁਰਦਾਸ ਰਾਮ ਆਲਮ ਐਵਾਰਡ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਾਜ ਕੁਮਾਰ ਹੰਸ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਪਰਮਿੰਦਰ ਸਿੰਘ, ਮੰਚ ਦੇ ਪ੍ਰਧਾਨ ਕੇਵਲ ਸਿੰਘ ਪਰਵਾਨਾ, ਸੁਰਜੀਤ ਜੱਜ, ਸੁਰਿੰਦਰ ਰਾਮਪੁਰੀ ਬੈਠੇ। ਮੰਚ ਸੰਚਾਲਨ, ਮੰਚ ਦੇ ਜਰਨਲ ਸਕੱਤਰ ਮੱਖਣ ਮਾਨ ਨੇ ਕੀਤਾ |
ਸਮਾਗਮ ਦੇ ਮੁੱਢ ਵਿੱਚ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਨੇ ਮੰਚ ਦੀਆਂ ਹੁਣ ਤੱਕ ਦੀ ਸਰਗਰਮੀਆਂ ਬਾਰੇ ਸੰਖੇਪ ਵਿੱਚ ਦੱਸਿਆ। ਉਪਰੰਤ ਡਾ. ਜਸਵੰਤ ਰਾਏ ਨੇ ਆਲਮ ਦੇ ਸਮੁੱਚੇ ਕਾਵਿ-ਸਫ਼ਰ ਬਾਰੇ ਆਪਣਾ ਭਾਸ਼ਣ ਦਿੰਦਿਆਂ ਆਲਮ ਦੀ ਰਚਨਾਕਾਰੀ ਦੇ ਵਿਭਿੰਨ ਪਸਾਰਾਂ ਦੀ ਗੱਲ ਕੀਤੀ। ਉਨ੍ਹਾਂ ਉਸ ਦੀ ਕਵਿਤਾ ਦੇ ਹਰਮਨ ਪਿਆਰੇ ਹੋਣ ਦੇ ਨੁਕਤੇ, ਤੱਥ ਤੇ ਅੰਕੜਿਆਂ ਨਾਲ ਉਭਾਰੇ ਕਿ ਕਿਵੇਂ ਆਲਮ ਉਸ ਵੇਲੇ ਆਦਿ ਧਰਮ ਲਹਿਰ ਅਤੇ ਅੰਬੇਡਕਰ ਚੇਤਨਾ ਲਹਿਰ ਦੇ ਨਾਲ ਨਾਲ ਤੁਰਦਿਆਂ ਗ਼ਦਰ ਲਹਿਰ ਵਿੱਚ ਆਪਣਾ ਹਿੱਸਾ ਪਾਉਂਦਾ, ਲੋਕ ਪੱਖੀ ਕਵਿਤਾ ਰਾਹੀਂ ਆਪਣੀ ਗੱਲ ਕਰਦਾ ਰਿਹਾ।
ਉਪਰੰਤ ਸਨਮਾਨਤ ਸ਼ਖ਼ਸੀਅਤ ਸੁਰਜੀਤ ਜੱਜ ਬਾਰੇ ਹਰਵਿੰਦਰ ਭੰਡਾਲ ਨੇ ਜੱਜ ਦੀ ਗ਼ਜ਼ਲਕਾਰੀ ਦੇ ਸਮਾਜਿਕ ਸਰੋਕਾਰਾਂ ਬਾਰੇ ਗੱਲ ਕਰਦਿਆਂ ਕੁਝ ਠੋਸ ਨੁਕਤੇ ਪੇਸ਼ ਕੀਤੇ।  ਜੱਜ ਦਾ ਸਨਮਾਨ ਪੱਤਰ ਰਕੇਸ਼ ਆਨੰਦ ਨੇ ਪੜ੍ਹਿਆ | ਦੂਜੀ ਸਨਮਾਨਤ ਸ਼ਖ਼ਸੀਅਤ ਸੁਰਿੰਦਰ ਰਾਮਪੁਰੀ ਦੀ ਕਹਾਣੀ ਤੇ ਕਾਵਿਕਾਰੀ ਬਾਰੇ ਗੁਰਦਿਆਲ ਦਿਆਲ ਨੇ ਭਾਸ਼ਣ ਦਿੱਤਾ | ਮੰਚ ਵਲੋਂ ਤਿਆਰ ਕੀਤਾ ਗਿਆ ਰਾਮਪੁਰੀ ਦਾ ਸਨਮਾਨ ਪੱਤਰ, ਭਗਵੰਤ ਰਸੂਲਪੁਰੀ ਨੇ ਪੜ੍ਹਿਆ। ਦੋਹਾਂ ਸਾਹਿਤਕਾਰਾਂ ਨੂੰ ਪ੍ਰਧਾਨਗੀ ਮੰਡਲ ਨੇ ‘ਆਲਮ ਐਵਾਰਡ’ ਦੇ ਕੇ ਸਨਮਾਨਤ ਕੀਤਾ |
ਸਮਾਗਮ ਦੇ ਦੂਜੇ ਭਾਗ ਵਿੱਚ ਡਾ. ਪਰਮਿੰਦਰ ਸਿੰਘ ਨੇ ‘ਭਾਰਤੀ ਸੰਵਿਧਾਨ, ਮਨੁੱਖੀ ਅਧਿਕਾਰ ਅਤੇ ਫ਼ੌਜਦਾਰੀ ਕਾਨੂੰਨ’ ਉੱਤ ਲੰਮਾ ਲੈਕਚਰ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੀ ਨਿਰਮਾਣਕਾਰੀ ਉੱਤੇ ਕੁਝ ਸਵਾਲ ਖੜ੍ਹੇ ਕਰਦਿਆਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਨੁਕਤਿਆ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਤਕਰੀਬਨ ਤਿੰਨ ਚੁਥਾਈ ਹਿੱਸਾ, ਜਿਹਦੇ ਵਿੱਚ 295 ਆਰਟੀਕਲ ਹਨ। ਉਨ੍ਹਾਂ ਵਿੱਚ ਅੰਗਰੇਜ਼ਾਂ ਵੱਲੋਂ ਬਣਾਇਆ 1935 ਦੇ ਐਕਟ ਦੇ 250 ਆਰਟੀਕਲ ਚੁੱਕ ਕੇ ਨਵੇਂ ਸੰਵਿਧਾਨ ਵਿੱਚ ਪਾਏ। ਉਨ੍ਹਾਂ ਅੰਬੇਡਕਰ ਨੂੰ ਸੰਵਿਧਾਨ ਲਿਖਣ ਵਾਲੀ ਕਮੇਟੀ ਦਾ ਰਚਨਾਕਾਰ ਨਾ ਕਹਿ ਕੇ ਕਮੇਟੀ ਦਾ ਚੇਅਰਮੈਨ ਕਿਹਾ। ਡਾ. ਰਾਜ ਕੁਮਾਰ ਹੰਸ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਡਾ. ਪਰਮਿੰਦਰ ਦੇ ਭਾਸ਼ਣ ਨੂੰ  ਵਾਦ ਵਿਵਾਦ ਵਾਲਾ ਭਾਸ਼ਣ ਕਹਿ ਕੇ ਕੁਝ ਸਵਾਲ ਖੜੇ ਕੀਤੇ ਤੇ ਕਿਹਾ ਕਿ ਅਸੀਂ ਅੰਬੇਡਕਰ ਬਾਰੇ ਇਸ ਤਰ੍ਹਾਂ ਦੇ ਪੇਤਲੇ ਵਿਚਾਰ ਦੇ ਕੇ ਪਾਸੇ ਨਹੀਂ ਹੋ ਸਕਦੇ। ਇਹ ਡੂੰਘਾਈ ਵਾਲੀਆਂ ਗੱਲਾਂ ਨੇ ਜਿਹੜੀਆਂ ਪਰਮਿੰਦਰ ਹੋਰਾਂ ਨੇ ਨਹੀਂ ਕੀਤੀਆਂ। ਅੱਗੇ ਉਨ੍ਹਾਂ ਸਾਧੂ ਦਾਇਆ ਸਿੰਘ ਆਰਿਫ਼ ਤੇ ਬ੍ਰਹਮ ਗਿਆਨੀ ਸੰਤ ਵਜ਼ੀਦ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਜਾਣਬੁੱਝ ਕੇ ਪਾਏ ਖੱਪਿਆ ਉੱਤੇ ਸਵਾਲ ਖੜੇ ਕੀਤੇ, ਜਿਨ੍ਹਾਂ ਨੂੰ ਦਲਿਤ ਹੋਣ ਕਰਕੇ ਅਣਗੌਲਿਆ ਕਰ ਦਿੱਤਾ ਗਿਆ। ਇਕ ਮੌਕੇ ਰਾਜਨੀਰ ਦਾ ਕਾਵਿ ਸੰਗ੍ਰਹਿ ‘ਸੂਦਕ’ ਪ੍ਰਧਾਨਗੀ ਮੰਡਲ ਨੇ ਰਿਲੀਜ਼ ਕੀਤਾ | ਅੰਤ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਦਵਾਰਕੀ ਭਾਰਤੀ ਨੇ ਭਰਵੀ ਗਿਣਤੀ ਵਿੱਚ ਪੁੱਜੇ ਸਾਹਿਤਕਾਰਾਂ ਅਤੇ ਅਦੀਬਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਦੇਸ਼ ਕਲਿਆਣ, ਸਰੋਜ, ਸਰੂਪ ਸਿਆਲਵੀ, ਮੋਹਨ ਲਾਲ ਫਿਲੌਰੀਆਂ, ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਸੁਰਜੀਤ ਸੁਮਨ, ਮਨਜਿੰਦਰ ਕਮਲ, ਬਲਦੇਵ ਬੱਲੀ, ਜਸਪਾਲ ਜੀਰਵੀ, ਰੌਸ਼ਨ ਭਾਰਤੀ, ਹਰਮੇਸ਼ ਮਾਲੜੀ, ਕਾਮਰੇਡ ਗੁਰਮੀਤ, ਕੇਸਰ ਸਿੰਘ, ਸੁਖਪਾਲ ਕੌਰ ਸਮਰਾਲਾ, ਕੌਮਲ ਰਾਜਵੰਸ਼, ਬੂਟਾ ਸਿੰਘ ਪੰਡੋਰੀ, ਧਰਮ ਪਾਲ ਪੈਂਥਰ, ਜੋਗਿੰਦਰਪਾਲ ਮਾਨ, ਬਿੰਦਰ ਬਸਰਾ, ਤਲਵਿੰਦਰ, ਮਨਜਿੰਦਰ ਕਮਲ, ਅਨਿਲ ਫਤਿਹਗੜ੍ਹ ਜੱਟਾਂ, ਸ਼ੇਰਗਿੱਲ, ਮਨਜਿੰਦਰ ਕਮਲ, ਦੇਵ ਰਾਜ ਦਾਦਰ, ਹਰਮੇਸ਼ ਮਾਨਵ, ਮੰਗਤ ਰਾਮ, ਸੰਗਤ ਰਾਮ ਅਤੇ ਹੋਰ ਬਹੁਤ ਸਾਰੇ ਲੇਖਕ ਸਰੋਤੇ ਵੀ ਪਹੁੰਚੇ।

Leave a Reply

Your email address will not be published. Required fields are marked *