ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਫਰਵਰੀ:


ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਧੁਨਿਕ ਲਿਫ਼ਟ ਸੇਵਾ ਦਾ ਅਰਦਾਸ ਕਰਕੇ ਸ਼ੁਭ ਆਰੰਭ ਕੀਤਾ ਗਿਆ। ਇਹ ਪਵਿੱਤਰ ਸੇਵਾ ਸਤਿਕਾਰਯੋਗ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਪੂਰੀ ਹੋਈ ਹੈ। ਪ੍ਰਧਾਨ ਕਾਲਕਾ ਨੇ ਕਿਹਾ ਕਿ ਗੁਰੂ ਘਰ ਵਿੱਚ ਆਉਣ ਵਾਲੀਆਂ ਵੱਡੀ ਉਮਰ ਦੀਆਂ ਮਾਤਾਵਾਂ-ਭੈਣਾਂ, ਬਜ਼ੁਰਗ ਸੰਗਤ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਂਪੁਰਖਾਂ ਵੱਲੋਂ ਅਰਦਾਸ ਉਪਰੰਤ ਲਿਫ਼ਟ ਸੇਵਾ ਨੂੰ ਸੰਗਤਾਂ ਦੀ ਸੇਵਾ ਵਿੱਚ ਸਮਰਪਿਤ ਕੀਤਾ ਗਿਆ, ਜੋ ਕਿ ਗੁਰੂ ਘਰ ਦੀ ਨਿਸ਼ਕਾਮ ਸੇਵਾ ਦੀ ਪ੍ਰੰਪਰਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਸ ਪਵਿੱਤਰ ਮੌਕੇ ‘ਤੇ ਕਮੇਟੀ ਦੇ ਮੈਂਬਰ ਸਾਹਿਬਾਨਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀ ਇਸ ਨਵੀਂ ਸੇਵਾ ਲਈ ਆਪਣੀ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ। ਪ੍ਰਧਾਨ ਕਾਲਕਾ ਨੇ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਗੁਰੂ ਘਰਾਂ ਵਿੱਚ ਆਉਣ ਵਾਲੀ ਸੰਗਤ ਦੀ ਆਸਾਨੀ, ਆਰਾਮ ਅਤੇ ਆਦਰ ਨੂੰ ਹਮੇਸ਼ਾ ਵਿਸ਼ੇਸ਼ ਮਹੱਤਵ ਦਿੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖ ਪੰਥ ਦੀ ਸੇਵਾ-ਭਾਵਨਾ ਅਤੇ ਚੜ੍ਹਦੀ ਕਲਾ ਦੇ ਜੀਵੰਤ ਪ੍ਰਤੀਕ ਹਨ। ਗੁਰੂ ਘਰ ਦੀ ਇਹ ਨਵੀਂ ਸਹੂਲਤ ਨਿਸ਼ਚਿਤ ਤੌਰ ‘ਤੇ ਸੰਗਤਾਂ ਲਈ ਆਤਮਿਕ ਅਨੁਭਵ ਨੂੰ ਹੋਰ ਅਸਾਨ ਅਤੇ ਸੁਖਦਾਈ ਬਣਾਏਗੀ।

