ਚਸ਼ਮ-ਏ-ਬਦ ਦੂਰ – ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ:
ਟੋਰੰਟੋ (ਕੈਨੇਡਾ) ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੇ ਨਾਮ ਹੇਠ 2008 ਤੋਂ ਬਹੁਤ ਸਰਗਰਮੀ ਹੈ। ਇਸ ਦਾ ਮੋਢੀ ਡਾਃ ਦਰਸ਼ਨ ਸਿੰਘ ਬੈਂਸ ਸੀ, ਸਪਤਾਹਿਕ ਅਜੀਤ ਦਾ ਮੁੱਖ ਸੰਪਾਦਕ। ਜ਼ਿੰਦਗੀ ਨੇ ਵਫ਼ਾ ਨਾ ਕੀਤੀ, ਜਲਦੀ ਚਲਾ ਗਿਆ ਵੀਰ। ਵੱਖ ਵੱਖ ਸਮਿਆਂ ਤੇ ਲਗਪਗ ਸਾਰੇ ਪ੍ਰਬੰਧਕਾਂ ਨੇ ਇਨ੍ਹਾਂ ਕਾਨਫਰੰਸਜ਼ ਦਾ ਹਿੱਸਾ ਬਣਨ ਲਈ ਆਦੇਸ਼ ਦਿੱਤਾ ਪਰ ਮੈਂ ਕਦੇ ਵੀ ਪ੍ਰਵਾਨ ਨਹੀਂ ਕਰ ਸਕਿਆ।


ਇਨ੍ਹਾਂ ਚੋਂ ਕਈ ਪ੍ਰਬੰਧਕ ਤਾਂ ਮੇਰੇ ਪਰਿਵਾਰਕ ਸਨੇਹ ਵਾਲੇ ਵੀ ਹਨ। ਮੈਨੂੰ ਖਿੱਚੋਤਾਣ ਤੋਂ ਡਰ ਆਉਂਦਾ ਹੈ। ਡਰਾਕਲ ਹੋਣ ਕਾਰਨ ਮੈ ਪਾਸੇ ਹੋ ਜਾਂਦਾ ਹਾਂ। ਮੇਰਾ ਮਿੱਤਰ ਦਲਬੀਰ ਸਿੰਘ ਕਥੂਰੀਆ ਵੱਡੇ ਵੀਰ ਇਕਬਾਲ ਮਾਹਲ ਤੇ ਇੰਦਰਜੀਤ ਸਿੰਘ ਬੱਲ ਨੇ ਮਿਲਾਇਆ ਸੀ 2003 ਵਿੱਚ। ਹੁਣ ਤੀਕ ਨਿਭ ਰਹੇ ਹਾਂ। ਉਸ ਵਿਸ਼ਵ ਪੰਜਾਬੀ ਸਭਾ ਗਠਿਤ ਕੀਤੀ ਤਾਂ ਸਹਿਯੋਗ ਮੰਗਿਆ। ਮੈ ਉਸ ਦੀ ਸਾਦਗੀ ਨੂੰ ਜਾਣਦਾ ਹਾਂ ਜੋ ਕਈ ਵਾਰ ਵਰਤੀ ਜਾਂਦੀ ਹੈ। ਮੈ ਉਸ ਦੀ ਸਾਦਗੀ ਦਾ ਕਾਇਲ ਹੋਣ ਕਾਰਨ ਉਸ ਦਾ ਸਮਰਥਕ ਹਾਂ।
ਉਹ ਜਿੰਨਾ ਵੀ ਹੈ, ਸ਼ੁੱਧ ਹੈ, ਖੋਟ ਨਹੀਂ ਭੋਰਾ ਵੀ। ਜਿੰਨਾ ਕੁ ਮੈਂ ਸਮਝਿਆਂ। ਕਾਰੋਬਾਰ ਚੋਂ ਧਨ ਖ਼ਰਚ ਕੇ ਬਿਨ ਉਗਰਾਹੀ, ਸ਼ੌਕ ਦੇ ਕਬੂਤਰ ਪਾਲਣੇ ਸੌਖੇ ਨਹੀਂ ਹੁੰਦੇ। ਜੰਡਿਆਲਾ ਗੁਰੂ (ਅੰਮ੍ਰਿਤਸਰ) ਦਾ ਜੰਮਪਲ ਦਲਬੀਰ ਨੇ ਹੁਣ ਲੁਧਿਆਣੇ ਵੀ ਘਰ ਬਣਾ ਲਿਐ, ਦੁੱਘਰੀ ਅਰਬਨ ਐਸਟੇਟ ਵਿੱਚ। ਵਿਸ਼ਵ ਪੰਜਾਬੀ ਕਾਨਫਰੰਸਜ਼ ਤੋਂ ਬਿਨਾ ਮੇਰੀ ਉਸ ਨਾਲ ਪੱਕੀ ਸਾਂਝ ਹੈ। ਉਹ ਕਹਿੰਦਾ ਵੀ ਨਹੀਂ ਕਿਉਂਕਿ ਉਸਨੂੰ ਮੇਰੇ ਡਰੂ ਸੁਭਾਅ ਦੀ ਸੂਹ ਹੈ।
ਵਿਸ਼ਵ ਪੰਜਾਬੀ ਸਭਾ ਵੱਲੋਂ ਦੋ ਕਿਤਾਬਾਂ ਸੁਖਿੰਦਰ ਤੇ ਬਲਬੀਰ ਕੌਰ ਰਾਏਕੋਟੀ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਪ੍ਰਕਾਸ਼ਤ ਕਰ ਚੁਕੈ। ਮੁਬਾਰਕ ਸ਼ਬਦ ਸੱਭਿਆਚਾਰ ਨੂੰ ਪਹਿਲ ਦੇਣ ਲਈ। ਕੈਨੇਡਾ ਤੋਂ ਬਿਨ ਅਮਰੀਕਾ, ਪਾਕਿਸਤਾਨ ਤੇ ਭਾਰਤ ਵਿੱਚ ਉਸ ਦੀਆਂ ਸੈਂਕੜੇ ਬਾਹਾਂ ਨੇ। ਇਸ ਸ਼ਕਤੀ ਨੂੰ ਉਸ ਕਦੇ ਨਹੀਂ ਸੀ ਪਰਖਿਆ। ਅਣਵਰਤੀ ਸ਼ਕਤੀ ਹੀ ਅਸਲ ਪੂੰਜੀ ਹੁੰਦੀ ਹੈ। ਮੈਂ ਉਸ ਦੀ ਅਣਵਰਤੀ ਪੂੰਜੀ ਦਾ ਕਿਣਕਾ ਮਾਤਰ ਹਾਂ। ਪਿਆਰੇ ਮਿੱਤਰ ਦਲਬੀਰ ਦੇ ਸੁਪਨੇ ਪਰਦੇਸ ਤੇ ਦੇਸ ਵਿੱਚ ਘਣਛਾਵੇ ਬਿਰਖ਼ ਬਣਨ, ਇਸ ਅਰਦਾਸ ਨਾਲ ਮੈ ਉਸ ਦੀ ਪੱਕੀ ਧਿਰ ਹੋਣ ਦਾ ਵਚਨ ਦੁਰਹਾਉਂਦਾ ਹਾਂ। ਸਾਡਾ ਸੱਜਣ ਜ਼ਿੰਦਾਬਾਦ!
ਸਾਦਗੀ ਤੇ ਸੁਹਿਰਦਤਾ ਜ਼ਿੰਦਾਬਾਦ।
ਚਸ਼ਮ ਏ ਬਦ ਦੂਰ।
ਗੁਰਭਜਨ ਗਿੱਲ
19.5.2023

