ਚਿੜੀਆ ਘਰ/ ਮਨਮੋਹਨ
ਆਉਣ ਲੱਗ ਪਈ ਸਮਝ
ਪੰਛੀਆਂ ਦੀ ਭਾਸ਼ਾ
ਦੇਖ ਲਵਾਂ ਕੋਈ ਅਬਾਬੀਲ
ਤਾਂ ਜਾਪੇ ਕੁਝ ਬੁਰਾ ਵਾਪਰੂ
‘ਕੱਠੀਆਂ ਦੋ ਦੇਖ ਲਵਾਂ ਤਾਂ ਲੱਗੇ
ਦਿਨ ਚੰਗਾ ਲੰਘੂ
ਕਰਦੀਆਂ ਅਠਖੇਲੀਆਂ ਦਿੱਖ ਪੈਣ
ਜੇ ਤਿੰਨ ਚਾਰ ਅਬਾਬੀਲਾਂ
ਤਾਂ ਮਨ ਕਹੇ ਆਏਗਾ ਤੇਰਾ ਖ਼ਤ


ਇੱਛਾਪੂਰਤੀ ਲਈ ਤੱਦ ਤਾਰ ‘ਤੇ ਬੈਠੇ
ਗਰੁੜ ਭਗਵਾਨ ਦੇ ਚੱਕਰ ਲਾਵਾਂ ਸੱਤ…
ਸਭੌਂਕੀ ਦੇਖ ਲਵਾਂ ਜੇ
ਮਿੱਟੀ ‘ਚ ਨਹਾਉਂਦੀਆਂ ਚਿੜੀਆਂ ਤਾਂ
ਮਨ ਕਹੇ… ਅੱਜ ਮੌਸਮ ਰਹੇਗਾ ਖ਼ੁਸ਼ਗਵਾਰ
ਪਏਗਾ ਮੀਂਹ…ਭਿੱਜਾਂਗਾ ਤੇਰੀਆਂ
ਸਿਮਰਤੀਆਂ ਦੀਆਂ ਬੂੰਦਾਂ ‘ਚ
ਬੋਲਦਾ ਕਾਂ ਬਨੇਰੇ ‘ਤੇ
ਕਰ ਜਾਵੇ ਤੇਰੀ ਆਮਦ ਦੀ ਪੇਸ਼ੀਨਗੋਈ
ਤਾਂ ਪੈਲਾਂ ਪਾਂਉਦਾ ਮੋਰ ਲੱਗੇ ਜਿਵੇਂ
ਹੋਵੇ ਮਨ ਮੇਰਾ ਤੈਨੂੰ ਮਿਲਣ ਦੀ ਤਾਂਘ ‘ਚ
ਘੁੱਗੀ ਦੀ ਧੜਕਦੀ ਹਿੱਕ ਦੀ ਚਮਕ
ਯਾਦ ਕਰਾ ਜਾਵੇ ਤੇਰੇ ਬੁੱਲਾਂ ਦੀ ਲੂੰ
ਸਾੜੀ ‘ਚੋਂ ਦਿੱਸਦੀ ਵੱਖੀ ਦੀ ਲਿਸ਼ਕ
ਆਲ੍ਹਣਾ ਬੁਣਦਾ ਬਿਜੜਾ ਦੇਵੇ ਦਸਤਕ
ਤੇਰੇ ਮੇਰੇ ਸੁਪਨਿਆਂ ਦੇ ਘਰ ਦੇ ਦਰ ‘ਤੇ…
ਨਾਮ ਜੱਪਦਿਆਂ ਤੋਤੇ ਵਾਂਗ ਤੇਰਾ
ਜਦੋਂ ਦਿੱਸ ਪੈਣ ਰੌਸ਼ਨਦਾਨ ‘ਚ
ਕਲੋਲਾਂ ਕਰਦੇ ਕਬੂਤਰ ਕਬੂਤਰੀ
ਚੇਤੇ ਆ ਜਾਣ ‘ਕੱਠੇ ਬਿਤਾਏ ਪਲ
ਚਿੱਤ ਕਰਨ ਲੱਗ ਪਵੇ ਗੁਟਰਗੂੰ ਗੁਟਰਗੂੰ
ਆਪੇ ਸਿਰਜੇ ਚਿੜੀਆ ਘਰ ‘ਚ
ਭੁੱਲਦਿਆਂ ਬੰਦਿਆਂ ਦੀ ਭਾਸ਼ਾ
ਕਿੰਨਾ ਆ ਗਿਆ ਹਾਂ ਤੇਰੇ ਕੋਲ਼… ਆਪਣੇ ਵੀ…!

