ਚੰਡੀਗੜ੍ਹ 7 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਅੱਜ ਹਰ ਇੱਕ ਪੰਜਾਬੀ ਚਿੰਤਤ ਹੈ। ਬੇਸ਼ੱਕ ਉਹ ਪੰਜਾਬ ਵਿੱਚ ਬੈਠਾ ਹੈ, ਭਾਵੇਂ ਕਿਸੇ ਵਿਦੇਸ਼ੀ ਧਰਤੀ ‘ਤੇ ਬੈਠਾ ਹੈ। ਉਸ ਨੂੰ ਪੰਜਾਬ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਦੀ ਫ਼ਿਕਰ ਜ਼ਰੂਰ ਹੋਵੇਗੀ। ਇਸ ਤਰ੍ਹਾਂ ਹੀ ਰਾਜਨੀਤਕ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਕੇ ਹੋਰਨਾਂ ਪਾਰਟੀਆਂ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਹਲਾਤਾਂ ਨੂੰ ਦੇਖਦਿਆਂ ਆਪ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਘੁੰਮ ਰਹੇ ਹਨ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਵੀ ਇਸ ਸੇਵਾ ਵਿੱਚ ਯੋਗਦਾਨ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਹਿਤ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਿਆਮ ਲਾਲ ਮਾਜਰੀਆਂ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਹੜ੍ਹ ਪੀੜਤਾਂ ਦੀ ਮੱਦਦ, ਪਸ਼ੂ ਫੀਡ ਲਈ 3,21,000 ਰੁਪਏ ਦੀ ਰਾਸ਼ੀ ਜ਼ਿਲ੍ਹਾ ਮੁਹਾਲੀ ਦੇ ਪਾਰਟੀ ਪ੍ਰਧਾਨ ਪ੍ਰਮਿੰਦਰ ਸਿੰਘ ਸੋਹਾਣਾ ਨੂੰ ਭੇਂਟ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਇਕਲੌਤੀ ਖ਼ੇਤਰੀ ਪਾਰਟੀ ਹੈ, ਇਸੇ ਕਰਕੇ ਅਸੀਂ ਆਪਣੇ ਭੈਣ ਭਰਾਵਾਂ ਦਾ ਦੁੱਖ ਤਕਲੀਫ਼ ਸਮਝਦੇ ਹਾਂ ਅਤੇ ਲੋੜ ਪੈਣ ਤੇ ਇਕ ਪਰਿਵਾਰ ਵਾਂਗ ਸਾਥ ਵੀ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਇਸ ਤੋਂ ਇਲਾਵਾ ਵੀ ਉਹ ਅਤੇ ਉਨ੍ਹਾਂ ਦੇ ਸਾਥੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ। ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ਤੇ ਤਨਜ਼ ਕੱਸਦਿਆਂ ਕਿਹਾ ਕਿ ਪਾਣੀ ਵਿੱਚ ਘਿਰੇ ਅਤੇ ਡੁੱਬਦੇ ਲੋਕਾਂ ਨੂੰ ਕਿਸ਼ਤੀਆਂ ਦੀ ਲੋੜ ਹੁੰਦੀ ਹੈ, ਜਹਾਜ਼ਾਂ ਨਾਲ ਰਾਹਤ ਕਾਰਜ ਸਿਰਫ ਉੱਥੇ ਕੰਮ ਆਉਂਦੇ ਹਨ, ਜਿੱਥੇ ਕਿਤੇ ਸਿਰਫ਼ ਤੂਫਾਨ ਨਾਲ ਤਬਾਹੀ ਹੋਈ ਹੋਵੇ। ਇਹ ਸਿਰਫ ਡਰਾਮਾ ਹੈ, ਤੁਹਾਡੇ ਵੱਲੋਂ ਸੁੱਟਿਆ ਰਾਸ਼ਨ ਵੀ ਲੋਕਾਂ ਨੂੰ ਕਈ ਕਈ ਦਿਨਾਂ ਬਾਅਦ ਮਿਲ ਰਿਹਾ ਹੈ। ਇਸ ਲਈ ਸੇਵਾ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਂਗੂੰ ਲੋਕਾਂ ਦੇ ਵਿੱਚ ਆ ਕੇ ਕਰੋ ਤੇ ਲੋਕਾਂ ਦੀਆਂ ਭਾਵਨਾਵਾਂ ਸਮਝੋ ਤੇ ਢੁਕਵਾਂ ਹੱਲ ਵੀ ਕਰੋ। ਉਨ੍ਹਾਂ ਸਮੂਹ ਮੁਹਾਲੀ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਆਓ, ਇਸ ਔਖੀ ਘੜੀ ਇੱਕ ਦੂਜੇ ਦਾ ਤਨਦੇਹੀ ਨਾਲ ਸਾਥ ਦੇਈਏ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਪ੍ਰਧਾਨ ਪ੍ਰਮਿੰਦਰ ਸਿੰਘ ਸੋਹਾਣਾ, ਪਾਰਟੀ ਦਾ ਬੁਲਾਰਾ ਸ਼ਮਸ਼ੇਰ ਪੁਰਖਾਲਵੀ, ਚੌਧਰੀ ਰੌਸ਼ਨ ਲਾਲ, ਚੌਧਰੀ ਤਰਸੇਮ ਲਾਲ, ਚੌਧਰੀ ਜਰਨੈਲ ਸਿੰਘ, ਇੰਦਰਜੀਤ ਸਿੰਘ ਖਰੜ ਅਤੇ ਚੌਧਰੀ ਬਲਵਿੰਦਰ ਸਿੰਘ ਵੀ ਹਾਜ਼ਰ ਸਨ।

