ਜਲੰਧਰ ਪੱਛਮੀ ਚੋਣ – ਮਹਿੰਦਰ ਭਗਤ ਦੀ ਸ਼ਾਨਦਾਰ ਜਿੱਤ
ਪੰਜਾਬ ਵਾਸੀ ਸਾਡੇ ਕੰਮਾਂ ਤੋਂ ਖੁਸ਼ – ਭਗਵੰਤ ਮਾਨ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਵਿੱਚ ਹੁਕਮਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੇ ਫਰਕ ਨਾਲ਼ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਵਿਰੋਧੀ ਧਿਰਾਂ ਨੂੰ ਚਿੱਤ ਕਰ ਦਿੱਤਾ ਹੈ। ਭਾਜਪਾ ਦੇ ਸ਼ੀਤਲ ਅੰਗੂਰਾਲ਼ ਦੂਜੇ ਨੰਬਰ ਤੇ ਰਹੇ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜ਼ਿਮਨੀ ਚੋਣ ਦੌਰਾਨ ਆਪ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵੈਸਟ ਹਲਕੇ ਨੂੰ ਵੈੱਸਟ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਲੰਧਰ ਪੱਛਮੀ ਹਲਕੇ ਦੇ ਜ਼ਿਮਨੀ ਚੋਣ ਜਿੱਤ ਕੇ ਭਗਵੰਤ ਮਾਨ ਨੇ ਆਪਣੀ ਸਿਆਸੀ ਸਮਰਥਾ ਸਾਬਤ ਕਰਦਿਆਂ ਆਪਣਾ ਲੋਹਾ ਮਨਵਾਇਆ। ਇਸੇ ਦੌਰਾਨ ਉਨ੍ਹਾਂ ਸੰਕੇਤ ਦਿੱਤੇ ਕਿ ਚੰਗੇ ਪ੍ਰਦਰਸ਼ਨ ਵਾਲ਼ੇ ਵਿਧਾਇਕਾਂ ਨੂੰ ਆਉਣ ਵਾਲ਼ੇ ਸਮੇਂ ਵਿੱਚ ਤੋਹਫਾ ਮਿਲ਼ ਸਕਦਾ ਹੈ। ਆਪ ਦੇ ਤਾਜ਼ਾ ਚੁਣੇ ਗਏ ਵਿਧਾਨ ਸਭਾ ਮੈਂਬਰ ਮਹਿੰਦਰ ਭਗਤ ਨੂੰ ਝੰਡੀ ਵਾਲ਼ੀ ਕਾਰ ਦੀ ਆਸ ਬੱਝ ਗਈ ਹੈ। ਚੇਤੇ ਰਹੇ ਕਿ ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਵਜ਼ੀਰ ਰਹਿ ਚੁੱਕੇ ਹਨ।
ਓਧਰ ਆਪ ਆਗੂਆਂ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ‘ਤੇ ਢੋਲ ਵਜਾ ਕੇ ਜਸ਼ਨ ਮਨਾਇਆ ਗਿਆ। ਸਰਕਾਰ ਵਿੱਚ ਵਿੱਛ ਮੰਤਰੀ ਹਰਪਾਲ ਸਿੰਘ ਚੀਮਾ, ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਜਿੱਤ ਦੀ ਵੱਡੀ ਲੀਡ ਦਰਸਾਉਂਦੀ ਹੈ ਕਿ ਲੋਕਾਂ ਵੱਲੋਂ ਸਰਕਾਰ ਵਿੱਚ ਭਰੋਸਗੀ ਪ੍ਰਗਟਾਈ ਗਈ ਹੈ। ਉਨ੍ਹਾਂ ਮਹਿੰਦਰ ਭਗਤ ਅਤੇ ਹਲਕੇ ਦੇ ਲੋਕਾਂ ਨੁੰ ਵਧਾਈ ਦਿੱਤੀ।

