ਜ਼ਮੀਨ ਖਾਣੇ ਬਗਿਆੜਾਂ ਦੀ ਪਹਿਲੀ ਪਸੰਦ ਬਣਿਆ ਘਾੜ ਦਾ ਇਲਾਕਾ
ਚੰਡੀਗੜ੍ਹ 12 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਕਿਸੇ ਟਾਈਮ ਘਾੜ ਦਾ ਇਲਾਕਾ ਅਤੀ-ਪਛੜਿਆ ਹੋਇਆ ਸੀ ਅਤੇ ਸਹੂਲਤਾਂ ਪੱਖੋਂ ਫਾਡੀ ਵੀ ਸੀ। ਕਿਉਂਕਿ ਕੁਦਰਤ ਦੀ ਬੇਰੁਖੀ ਨੇ ਫਸਲਾਂ ਨੂੰ ਵੀ ਕੋਈ ਵਰਦਾਨ ਨਹੀਂ ਦਿੱਤਾ ਸੀ। ਬੇਸ਼ੱਕ ਇਹ ਖੂਬਸੂਰਤ ਇਲਾਕਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ ਹੈ ਅਤੇ ਦੂਰ ਦੁਰਾਡੇ ਦੇ ਲੋਕ ਵੀ ਇਸ ਇਲਾਕੇ ਨੂੰ ਸ਼ੱਕੀ ਨਜ਼ਰ ਨਾਲ ਹੀ ਦੇਖਦੇ ਸਨ। ਇਸ ਇਲਾਕੇ ਦੇ ਜ਼ਿਆਦਾਤਰ ਪਿੰਡ ਜੰਗਲੀ ਖੇਤਰ ਵਿੱਚ ਹਨ। ਅੱਜ ਦਾ ਬਲਾਕ ਮਾਜਰੀ ਅਤੇ ਨਿਊ ਚੰਡੀਗੜ੍ਹ ਦੇ ਇਸ ਇਲਾਕੇ ਨੂੰ ਅੱਜ ਭਾਗ ਲੱਗੇ ਹਨ। ਕਿਉਂਕਿ ਰਹੀਸਜ਼ਾਦੇ ਅਤੇ ਲੀਡਰ ਲੋਕਾਂ ਦੀ ਇੱਥੇ ਸਵੱਲੀ ਨਜ਼ਰ ਪਈ ਤੇ ਜਿੱਥੇ ਕਦੇ ਢੰਗ ਤਰੀਕੇ ਦੀ ਫਸਲ ਨਹੀਂ ਸੀ ਹੁੰਦੀ, ਉਸ ਜ਼ਮੀਨ ਦੇ ਰੇਟ ਅੱਜ ਕਰੋੜਾਂ ਰੁਪਏ ਵਿੱਚ ਪਹੁੰਚ ਗਏ ਹਨ ਤੇ ਰੇਟਾਂ ਦੇ ਵਧੇ ਭਾਅ ਦੇ ਚਲਦਿਆਂ ਜ਼ਮੀਨ ਖਾਣੇ ਬਗਿਆੜਾਂ ਦੀ ਪਹਿਲੀ ਪਸੰਦ ਬਣ ਗਿਆ, ਇਹ ਘਾੜ ਦਾ ਇਲਾਕਾ।


‘ਵੱਡਾ ਦੁਖਾਤ ਤੇ ਇਹ ਵੀ ਰਿਹਾ ਕਿ ਘਾੜ ਦੇ ਇਲਾਕੇ ਵਿੱਚੋਂ ਕੋਈ ਬਹੁਤਾ ਚੰਗਾ ਲੀਡਰ ਨਹੀਂ ਉੱਠਿਆ ਜੋ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਸਰਕਾਰੇ-ਦਰਬਾਰੇ ਪੁੱਜਦੀ ਕਰਦਾ। ਅੱਜ ਕੌਡੀਆਂ ਦਾ ਇਲਾਕਾ ਹੀਰੇ ਮੋਤੀਆਂ ਬਰਾਬਰ ਪਹੁੰਚ ਗਿਆ ਹੈ। ਜੇਕਰ ਸੱਚੀ ਗੱਲ ਕਰੀਏ ਤਾਂ ਪੱਲਣਪੁਰ ਚ ਬਾਦਲ ਪਰਿਵਾਰ ਦੇ ਸੈਵਨ ਸਟਾਰ ਹੋਟਲ ਨੇ ਇਸ ਇਲਾਕੇ ਨੂੰ ਵੱਡਾ ਮਾਣ ਦਿੱਤਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਚ ਵਸਿਆ ਪਿੰਡ ਸਿਸਵਾਂ ਤੇ ਸਿਸਵਾਂ ਡੈਮ ਅਦੁਤੀ ਨਜ਼ਾਰਾ ਪੇਸ਼ ਕਰਦਾ ਹੈ। ਇਸ ਦੇ ਨਾਲ ਸਿਸਵਾਂ ਵਿਖੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਵੀ ਹੈ। ਜੇਕਰ ਖੂਬਸੂਰਤੀ ਪੱਖੋਂ ਗੱਲ ਕਰੀਏ ਤਾਂ ਪਿੰਡ ਮਿਰਜਾਪੁਰ, ਅਭੀਪੁਰ, ਗੋਚਰ, ਤਾਰਾਂ ਪੁਰ , ਮਾਜਰੀ, ਪੱਲਣਪੁਰ, ਦੁਲਵਾਂ ਖਤਰੀ, ਪੜ੍ਹੋਲ, ਛੋਟੀ ਬੜੀ ਨੱਗਲ, ਜੈਤੀ ਮਾਜਰੀ, ਗੁੜਾ, ਕਸੌਲੀ, ਕਾਨੇ ਕਾ ਵਾੜਾ, ਮਸੋਲ, ਟਾਂਡਾ, ਮਾਜਰੀਆ, ਨਵਾਂ ਗਰਾਓ, ਖੁੱਡਾ ਅਲੀ ਸ਼ੇਰ, ਨਾਡਾ, ਪੜਛ ਅਤੇ ਮੁੱਲਾਂਪੁਰ ਗਰੀਬਦਾਸ ਦੇ ਨਾਲ ਉਹ ਪਿੰਡ ਜੋ ਕਦੇ ਗਰੀਬੜੇ ਜਿਹੇ ਹੁੰਦੇ ਸਨ ਪਰ ਅੱਜ ਅਸਮਾਨ ਛੂੰਹਦੀਆਂ ਇਮਾਰਤਾਂ ਇਹਨਾਂ ਦੀ ਚਾਂਦੀ ਹੋਣ ਦੀਆਂ ਗਵਾਹੀ ਭਰਦੀਆਂ ਹਨ।
ਕਿੰਨੇ ਹੀ ਮੌਜੂਦਾ ਤੇ ਰਹਿ ਚੁੱਕੇ ਲੀਡਰਾਂ ਦੇ ਇਸ ਇਲਾਕੇ ਵਿੱਚ ਫਾਰਮ ਹਾਊਸ ਹਨ ਤੇ ਵੱਡੇ ਅਧਿਕਾਰੀਆਂ ਦੇ ਬੰਗਲਾਨੁਮਾਂ ਰਿਹਾਇਸ਼ਾਂ ਵੀ ਬੱਲੇ ਬੱਲੇ ਹੋਣ ਦੀ ਗਵਾਹੀ ਭਰਦੇ ਹਨ। ਜਿੱਥੇ ਕਦੇ ਇਸ ਇਲਾਕੇ ਵੱਲ ਕੋਈ ਆਉਣਾ ਪਸੰਦ ਨਹੀਂ ਸੀ ਕਰਦਾ, ਅੱਜ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਬਣ ਗਿਆ ਹੈ। ਬੇਸ਼ੱਕ ਇਲਾਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਕੌਡੀਆਂ ਤੇ ਭਾਵ ਵਾਲੀ ਜ਼ਮੀਨ ਅੱਜ ਛੇ ਕਰੋੜ ਤੋਂ ਏਕੜ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭੂ ਮਾਫੀਆ ਨੇ ਵੀ ਇਸ ਇਲਾਕੇ ਤੇ ਮੈਲੀ ਅੱਖ ਰੱਖੀ ਹੋਈ। ਪਿਛਲੇ ਬੀਤੇ ਵਰਿਆਂ ਚ ਜ਼ਮੀਨ ਫੇਰਾਫੇਰੀ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਸਮੇਂ ਸਮੇਂ ਤੇ ਅਫਸਰਾਂ ਤੇ ਪਟਵਾਰੀ ਡੀਲਰਾਂ ਤੇ ਕਾਰਵਾਈ ਵੀ ਹੋਈ ਸੀ। ਜੇਕਰ ਸੱਚੀ ਨੀਅਤ ਨਾਲ ਮਾਜਰੀ ਸਬ ਤਹਿਸੀਲ ਦੀਆਂ ਫਾਈਲਾਂ ਫਰੋਲੀਆਂ ਜਾਣ ਤਾਂ ਜ਼ਮੀਨ ਖਾਣੇ ਬਗਿਆੜ ਫੜੇ ਜਾ ਸਕਦੇ ਹਨ, ਕਿਉਂਕਿ ਡੀਲਰਾਂ ਤੇ ਦਫਤਰਾਂ ਦੇ ਅਧਿਕਾਰੀਆਂ ਨੇ ਮਲਾਈ ਖਾਣ ਦੇ ਚੱਕਰ ਚ ਬਹੁਤ ਕੁਝ ਗਲਤ ਕੀਤਾ ਹੈ। ਜੇਕਰ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਤਾਂ ਸਭ ਕੁਝ ਬੋਲਦੇ ਹਨ ਪਰ ਜਦੋਂ ਖੁੱਲ੍ਹ ਕੇ ਸਾਹਮਣੇ ਆਉਣ ਨੂੰ ਕਹਿੰਦੇ ਹਾਂ ਤਾਂ ਕਿਸੇ ਨਾ ਕਿਸੇ ਸਕੀਰੀ ਜਾਂ ਡਰਦੇ ਕਾਰਨ ਲੋਕ ਨਹੀਂ ਬੋਲਦੇ। ਜਿੱਥੇ ਅੱਜ ਨਿਊ ਚੰਡੀਗੜ੍ਹ ਵੱਸਿਆ ਹੈ, ਕਦੇ ਇਥੇ ਅਨੰਦਗੜ੍ਹ ਵਸਾਉਣ ਦੀ ਵੀ ਗੱਲ ਚੱਲੀ ਸੀ, ਜਿਸ ਦਾ ਵੱਡਾ ਵਿਰੋਧ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਰਵਿੰਦਰ ਸਿੰਘ ਨੇ ਕੀਤਾ ਸੀ। ਆਉਣ ਵਾਲੇ ਸਮੇਂ ਵਿੱਚ ਨਿਊ ਚੰਡੀਗੜ੍ਹ ਦੇ ਨਾਂ ਤੇ ਹੋਰ ਵਿਕਾਸ ਹੋਣ ਦੀਆਂ ਚਰਚਾਵਾਂ ਹਨ ਕਿਉਂਕਿ ਜਿੱਥੇ ਚੰਡੀਗੜ੍ਹ ਨੇੜੇ ਹੈ, ਉਥੇ ਹੀ ਅੱਜ ਦੇ ਸਮੇਂ ਹਿਮਾਚਲ ਦੀ ਹੱਬ ਬਣਿਆ ਬੱਦੀ ਸ਼ਹਿਰ ਵੀ ਹੈ ਤੇ ਚੌੜੀਆਂ ਸੜਕਾਂ ਵੱਡੇ ਵਿਕਾਸ ਦੀ ਹਾਮੀ ਭਰਦੀਆਂ ਹਨ ਤੇ ਵੱਡੇ ਵੱਡੇ ਬਿਲਡਰ ਇਥੇ ਆਪਣੇ ਪੈਰ ਜਮਾ ਚੁੱਕੇ ਹਨ।
ਗਮਾਂਡਾ ਤੇ ਪੁੱਡਾ ਨੇ ਵੀ ਇਥੇ ਕਲੋਨੀਆਂ ਕੱਟੀਆਂ ਹੋਈਆਂ ਹਨ। ਕੈਂਸਰ ਦਾ ਵੱਡਾ ਹਸਪਤਾਲ ਵੀ ਇਥੇ ਹੈ। ਇਸ ਇਲਾਕੇ ਵਿੱਚ ਹੋਰ ਵੀ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ 47 ਦੀ ਵੰਡ ਸਮੇਂ ਬਹੁਤ ਪਿੰਡ ਆਬਾਦੀ ਪੱਖੋਂ ਬਿਲਕੁਲ ਖਾਲੀ ਹੋ ਗਏ ਸਨ ਤੇ ਉਹ ਅੱਜ ਵੀ ਬੇ ਚਿਰਾਗ ਮੌਜਾ ਗਿਣਿਆ ਜਾਂਦਾ ਹੈ। ਇਥੇ ਵੀ ਜਮੀਨਾਂ ਦੇ ਘਪਲੇ ਹੋਏ ਹਨ ਤੇ ਚੱਲ ਰਹੇ ਹਨ ਬਲਾਕ ਮਾਜਰੀ ਅਧੀਨ ਪੈਂਦਾ ਨਵਾਂ ਗਰਾਂਓ ਦਾ ਪ੍ਰਬੰਧ ਨਗਰ ਕੌਂਸਲ ਚਲਾਉਂਦੀ ਹੈ। ਖੁੰਬਾਂ ਵਾਂਗ ਉੱਗੀਆਂ ਕਲੋਨੀਆਂ ਐਵੇਂ ਹੀ ਨਹੀਂ ਬਣ ਗਈਆਂ ਹੈ। ਜਿਵੇਂ ਡੇਰਾ ਬੱਸੀ ਤਹਿਸੀਲ ਦਾ ਘਪਲਾ ਸਾਹਮਣੇ ਆਇਆ ਹੈ, ਉਸੇ ਤਰ੍ਹਾਂ ਮਾਜਰੀ ਤਹਿਸੀਲ ਚ ਵੀ ਝਾਤੀ ਮਾਰਨ ਦੀ ਲੋੜ ਹੈ ਅਤੇ ਪਤਾ ਲੱਗੇਗਾ ਕਿ ਨਵਾਂ ਗਰਾਓ ਸਮੇਤ ਕਿੰਨੇ ਜ਼ਮੀਨੀ ਘਪਲੇ ਹੋਏ ਹਨ। ਇੱਥੇ ਇਹ ਵੀ ਦੱਸ ਦਈਏ ਕਿ ਜਿਵੇਂ ਉਪਰੋਕਤ ਦੱਸਿਆ ਗਿਆ ਕਿ ਇਹ ਇਲਾਕਾ ਅੱਜ ਜੀਰਕਪੁਰ ਵਾਂਗ ਵੱਡਾ ਕਲੋਨੀ ਵਾਲਾ ਖੇਤਰ ਬਣੇਗਾ, ਉੱਥੇ ਹੀ ਮਾਜਰੀ ਸਬ ਤਹਿਸੀਲ ਪੰਜਾਬ ਦੀ ਸਭ ਤੋਂ ਅਮੀਰ ਤਹਿਸੀਲ ਹੈ ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਅਮੀਰਜ਼ਾਦੇ ਲੋਕਾਂ ਦੇ ਫਾਰਮ ਹਾਊਸ-ਬੰਗਲੇ ਹਨ ਜੋ ਅਕਸਰ ਹੀ ਗਲਾਸੀ ਖੜਕਾਉਣ ਅਤੇ ਮੌਜ ਮਸਤੀ ਕਰਨ ਲਈ ਇੱਥੇ ਆਉਂਦੇ ਰਹਿੰਦੇ ਹਨ। ਨਾਲ ਹੀ ਆਜ਼ਾਦੀ ਘੁਲਾਟੀਏ ਦੀਵਾਨ ਸਿੰਘ ਕਾਲੇਪਾਣੀ ਦਾ ਮਿਊਜ਼ਅਮ ਵੀ ਸਿਸਵਾਂ ਵਿਖੇ ਹੀ ਸਥਿਤ ਹੈ। ਸਿਸਵਾਂ ਚ ਵੱਡੇ ਵੱਡੇ ਹੋਟਲ ਦੇਹ-ਵਪਾਰ ਦੇ ਧੰਦੇ ਨੂੰ ਵਾਧਾਵਾ ਦੇ ਰਹੇ ਹਨ। ਮਾਈਨਿੰਗ ਮਾਫ਼ੀਆ ਵੀ ਜ਼ਮੀਨੀ ਬਗਿਆੜਾਂ ਵਾਂਗ ਸਭ ਹਾਜ਼ਮ ਕਰ ਰਿਹਾ ਹੈ।
ਫੋਟੋ ਸਮੇਤ ਖ਼ਬਰ

