ਚੰਡੀਗੜ੍ਹ 11 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਮੁੱਲਾਂਪੁਰ ਗਰੀਬਦਾਸ ਅਤੇ ਜੈਂਤੀ ਮਾਜਰੀ ਵਿਚਕਾਰ ਪੈਂਦੀ ਨਦੀ ਵਿੱਚੋਂ ਇੱਕ ਲਵਾਰਿਸ ਗੱਡੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖਰੜ-2, ਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਅਧੀਨ ਪੈਂਦੇ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਇੱਕ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਗੱਡੀ ਜੋ ਜੈਂਤੀ ਮਾਜਰੀ ਅਤੇ ਮੁੱਲਾਂਪੁਰ ਵਿਚਕਾਰ ਪੈਂਦੀ ਨਦੀ ਵਿੱਚ ਬੜੀ ਬੁਰੀ ਤਰ੍ਹਾਂ ਝਾੜੀਆਂ ਵਿੱਚ ਫਸੀ ਹੋਈ ਪਈ ਹੈ ਤਾਂ ਮੌਕੇ ਤੇ ਥਾਣਾ ਮੁੱਲਾਂਪੁਰ ਤੋਂ ਪੁਲਿਸ ਪਾਰਟੀ ਪੁੱਜੀ, ਜਿਨ੍ਹਾਂ ਵੱਲੋਂ ਇਸ ਗੱਡੀ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਬਾਹਰ ਕਢਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਗੱਡੀ ਦੇ ਗੁੰਮ ਹੋਣ ਜਾਂ ਇਲਾਕੇ ਵਿੱਚ ਇਸ ਗੱਡੀ ਸਬੰਧੀ ਕੋਈ ਸ਼ਿਕਾਇਤ ਉਨ੍ਹਾਂ ਦੇ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਰਜ ਨਹੀਂ ਹੈ। ਫੋਰਡ ਕੰਪਨੀ ਦੀ ਗੱਡੀ ਤੇ ਕੋਈ ਨੰਬਰ ਪਲੇਟ ਜਾਂ ਹੋਰ ਸਬੂਤ ਨਹੀਂ ਮਿਲੇ। ਹੋ ਸਕਦਾ ਹੈ ਕਿ ਬਰਸਾਤ ਦੇ ਤੇਜ਼ ਪਾਣੀ ਦੇ ਵਹਾਓ ਨਾਲ ਇਹ ਗੱਡੀ ਸਰਹੱਦੀ ਖੇਤਰ ਹਿਮਾਚਲ ਜਾ ਹਰਿਆਣਾ ਤੋਂ ਪਾਣੀ ਨਾਲ ਵਹਿ ਕੇ ਆਈ ਹੋਵੇ। ਇਹ ਲਵਾਰਿਸ ਗੱਡੀ ਬਿਲਕੁੱਲ ਕੰਡਮ ਤੇ ਮਾੜੀ ਹਾਲਤ ਵਿੱਚ ਮਿਲੀ ਹੈ। ਉਨ੍ਹਾਂ ਕਿਹਾ ਕਿ ਗੱਡੀ ਕਬਜ਼ੇ ਵਿਚ ਲੈ ਕੇ ਇਸ ਬਾਰੇ ਪੁਖਤਾ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

