ਚੰਡੀਗੜ ਵਿਖੇ ਪਾਣੀਆਂ ਦੇ ਮੁੱਦੇ ’ਤੇ ਸੱਦੀ ਗਈ ਆਲ ਪਾਰਟੀ ਮੀਟਿੰਗ ਵਿੱਚ ਸ਼ਾਮਿਲ ਹੋਈ ਬਸਪਾ ਲੀਡਰਸ਼ਿਪ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ:


ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ ਦੇ ਪੰਜਾਬ ਭਵਨ ਵਿੱਚ ਸੱਦੀ ਗਈ ਆਲ ਪਾਰਟੀ ਮੀਟਿੰਗ ਵਿੱਚ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੂਬਾਈ ਲੀਡਰਸ਼ਿਪ ਸਮੇਤ ਸ਼ਾਮਿਲ ਹੋ ਕੇ ਪਾਰਟੀ ਵੱਲੋਂ ਪੰਜਾਬ ਦੇ ਹਿੱਤ ਵਿੱਚ ਸਟੈਂਡ ਸਪਸ਼ਟ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਬਸਪਾ ਦੇ ਸੂਬਾ ਇੰਚਾਰਜ ਤੇ ਵਿਧਾਇਕ ਡਾ. ਨਛੱਤਰ ਪਾਲ ਅਤੇ ਪ੍ਰਜਾਪਤੀ ਅਜੀਤ ਸਿੰਘ ਭੈਣੀ ਵੀ ਮੌਜ਼ੂਦ ਸਨ। ਬਸਪਾ ਆਗੂਆਂ ਨੇ ਕਿਹਾ ਕਿ ਪਾਰਟੀ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਦੇ ਹਿੱਤਾਂ ਨਾਲ ਡਟ ਕੇ ਖੜੀ ਹੈ।
ਇਸ ਦੌਰਾਨ ਗੱਲ ਰੱਖਦੇ ਹੋਏ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅੱਜ ਪਾਣੀਆਂ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ, ਉਹ ਕੇਂਦਰ ਤੇ ਸੂਬੇ ਦੀ ਸੱਤਾ ਵਿੱਚ ਰਹੀਆਂ ਪਿਛਲੀਆਂ ਸਰਕਾਰਾਂ ਦੇ ਮਾੜੇ ਪ੍ਰਬੰਧ ਤੇ ਗਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਤਤਪਰ ਹੈ। ਇਸ ਸਬੰਧ ਵਿੱਚ ਸੂਬਾ ਸਰਕਾਰ ਜੋ ਵੀ ਕਦਮ ਚੁੱਕੇਗੀ, ਬਸਪਾ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਅਤੇ ਸੂਬੇ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਟ ਕੇ ਸਾਥ ਦੇਵੇਗੀ। ਡਾ. ਕਰੀਮਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੀਬੀਐਮਬੀ ਵਿੱਚ ਦਖਲ ਦੇ ਕੇ ਅਤੇ ਅਧਿਕਾਰੀਆਂ ਦਾ ਤਬਾਦਲਾ ਕਰਕੇ ਫੈਡਰਲ ਢਾਂਚੇ ’ਤੇ ਸੱਟ ਮਾਰੀ ਹੈ। ਆਲ ਪਾਰਟੀ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਹੈ ਕਿ ਸਾਰੀਆਂ ਧਿਰਾਂ ਮਿਲ ਕੇ ਸੂਬੇ ਦੇ ਪਾਣੀਆਂ ਦੀ ਲੜਾਈ ਲੜਨਗੀਆਂ। ਬਹੁਜਨ ਸਮਾਜ ਪਾਰਟੀ ਆਪਣੇ ਵੱਲੋਂ ਇਸ ਸਟੈਂਡ ’ਤੇ ਖੜੀ ਹੈ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਸਭ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ।

