ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਪ੍ਰੈਲ:


ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਾਹਿਤਕ ਸੱਥ, ਐੱਸ.ਏ.ਐੱਸ.ਨਗਰ ਵੱਲੋਂ ਡਾ. ਬਲਵਿੰਦਰ ਕੌਰ ਬਰਾੜ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਹੋਇਆਂ ਡਾ. ਬਲਵਿੰਦਰ ਕੌਰ ਬਰਾੜ ਦੇ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਡਾ. ਬਲਵਿੰਦਰ ਕੌਰ ਬਰਾੜ ਹੰਭਣ ਜਾਂ ਥੱਕਣ ਦਾ ਨਹੀਂ ਸਗੋਂ ਤੁਰਨ ਅਤੇ ਅੱਗੇ ਵਧਣ ਦਾ ਨਾਮ ਹੈ। ਮੁੱਖ ਵਕਤਾ ਡਾ. ਬਲਵਿੰਦਰ ਕੌਰ ਬਰਾੜ ਵੱਲੋਂ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਸਾਹਿਤ, ਸਮਾਜ ਅਤੇ ਜੀਵਨ ਫ਼ਲਸਫ਼ੇ ਸਬੰਧੀ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਨੇ ਮੌਜੂਦਾ ਦੌਰ ‘ਤੇ ਚੋਟ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਲੋਕ ਇੱਕ-ਦੂਜੇ ਨੂੰ ਪ੍ਰਸ਼ਨ-ਪੱਤਰ ਬਣ ਕੇ ਮਿਲਦੇ ਹਨ, ਜਦਕਿ ਜ਼ਿੰਦਗੀ ਤਾਂ ਕਵਿਤਾ ਬਣ ਕੇ ਹੀ ਜਿਊਈ ਤੇ ਮਾਣੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜੀਵਨ ਦੀਆਂ ਉਲਝਣਾਂ ਨਾਲ ਦਸਤਪੰਜਾ ਲੈਂਦਿਆਂ ਕੋਈ ਬੰਦਾ ਨਿਖਰਦਾ-ਨਿਖਰ ਜਾਂਦਾ ਹੈ ਅਤੇ ਕੋਈ ਬਿਖਰਦਾ-ਬਿਖਰ ਜਾਂਦਾ ਹੈ। ਸਾਨੂੰ ਹਮੇਸ਼ਾ ਦੂਜਿਆਂ ਦੇ ਔਗੁਣ ਦੇਖਣ ਦੀ ਬਜਾਏ ਉਨ੍ਹਾਂ ਦੇ ਖ਼ੂਬਸੂਰਤ ਗੁਣਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਰੀ ਸਰੋਕਾਰਾਂ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਉਨ੍ਹਾਂ ਅਪੀਲ ਕੀਤੀ ਕਿ ਕੁੜੀਆਂ ਨੂੰ ਫੋਕੀ ਚਕਾਚੌਂਧ ਵਿਚ ਗਲ਼ਤਾਨ ਹੋਣ ਦੀ ਬਜਾਏ ਆਪਣੀਆਂ ਅਸਲ ਸਮਰੱਥਾਵਾਂ ਨੂੰ ਪਛਾਣ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਆਪਣੇ ਪੈਰਾਂ ‘ਤੇ ਜ਼ਰੂਰ ਖੜ੍ਹੇ ਹੋਣਾ ਚਾਹੀਦਾ ਹੈ।
ਇਸ ਮੌਕੇ ਸ੍ਰੋਤਿਆਂ ਵੱਲੋਂ ਸਵਾਲਾਂ ਦਾ ਸਿਲਸਿਲਾ ਵੀ ਬਾਖ਼ੂਬੀ ਚੱਲਿਆ ਅਤੇ ਡਾ. ਬਲਵਿੰਦਰ ਕੌਰ ਬਰਾੜ ਵੱਲੋਂ ਬੜੇ ਵਿਸਥਾਰ ਅਤੇ ਸਪੱਸ਼ਟਤਾ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਸ਼੍ਰੀ ਐੱਸ.ਕੇ.ਅਗਰਵਾਲ, ਡੀ.ਐੱਸ.ਪੀ ਹਰਸਿਮਰਨ ਸਿੰਘ ਬੱਲ, ਡਾ. ਬਲਦੇਵ ਸਿੰਘ ਸਪਤਰਿਸ਼ੀ, ਗੁਰਮੀਤ ਸਿੰਘ ਜੌੜਾ, ਭੁਪਿੰਦਰ ਸਿੰਘ, ਪ੍ਰਭਜੋਤ ਕੌਰ ਢਿੱਲੋਂ, ਪਿਆਰਾ ਸਿੰਘ ਰਾਹੀ, ਭੁਪਿੰਦਰ ਮਲਿਕ, ਸੁਰਿੰਦਰ ਅਤੈ ਸਿੰਘ, ਡਾ. ਗੁਰਮਿੰਦਰ ਕੌਰ ਸਿੱਧੂ ਅਤੇ ਸੁਰਿੰਦਰ ਕੁਮਾਰ ਵੀ ਆਪਣੇ ਵਿਚਾਰਾਂ ਨਾਲ ਸ੍ਰੋਤਿਆਂ ਦੇ ਰੂ-ਬ-ਰੂ ਹੋਏ। ਸਮਾਗਮ ਦੇ ਅੰਤ ਵਿੱਚ ਡਾ. ਬਲਵਿੰਦਰ ਕੌਰ ਬਰਾੜ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਕਿ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚਿੰਤਨ ਦੀ ਅਮੀਰੀ ਲਈ ਡਾ. ਬਲਵਿੰਦਰ ਕੌਰ ਬਰਾੜ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਮੰਚ ਦਾ ਸੰਚਾਲਨ ਮੈਡਮ ਦਿਲਪ੍ਰੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਵਿਚਾਰ ਚਰਚਾ ਵਿੱਚ ਪ੍ਰੋ. ਲਾਭ ਸਿੰਘ ਖੀਵਾ, ਵਰਿੰਦਰ ਚੱਠਾ, ਹਰਮੀਤ ਸਿੰਘ, ਪਰਮਜੀਤ ਮਾਨ, ਭੁਪਿੰਦਰ ਕੌਰ, ਮਨਜੀਤ ਪਾਲ ਸਿੰਘ, ਅਮਰ ਗੀਤ, ਮੋਹਿਨੀ ਤੂਰ, ਜਤਿੰਦਰਪਾਲ ਸਿੰਘ, ਗੁਰਦਰਸ਼ਨ ਬੈਂਸ, ਡਾ. ਸੁਰਿੰਦਰ ਕੁਮਾਰ, ਜਪਨੀਤ ਕੌਰ, ਸੁਰਜੀਤ ਸੁਮਨ, ਇੰਦਰਜੀਤ ਪਰੇਮੀ, ਪਿਆਰਾ ਸਿੰਘ ਰਾਹੀ, ਜਸਵਿੰਦਰ ਕਾਈਨੌਰ, ਅਮਰਜੀਤ ਕੌਰ, ਮੋਹਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਬੀਰੋਕੇ ,ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।

