ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ:


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਭਾਸਕਰ ਜੀ ਵੱਲੋਂ ਕੀਤੀ ਗਈ।ਇਸ ਵਿੱਚ ਡਾ. ਮਨਜੀਤ ਸਿੰਘ ਮਝੈਲ ਜੀ ਦੀ ਕਾਵਿ ਪੁਸਤਕ ‘ਸਿੱਪੀਆਂ ਦੇ ਮੋਤੀ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਸੁਭਾਸ਼ ਭਾਸਕਰ, ਡਾ.ਅਵਤਾਰ ਸਿੰਘ ਪਤੰਗ, ਸ਼੍ਰੀਮਤੀ ਪਰਮਜੀਤ ਕੌਰ ਪਰਮ, ਡਾ. ਮਨਜੀਤ ਸਿੰਘ ਮਝੈਲ, ਸ. ਗੁਰਦਰਸ਼ਨ ਸਿੰਘ ਮਾਵੀ ਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਕੌਰ ਪਰਮ ਨੇ ਕਿਤਾਬ ਦਾ ਬਹੁਤ ਹੀ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਤੇ ਕਿਹਾ ਕਿ ਹਰ ਇੱਕ ਰਚਨਾ ਪੜ੍ਹਨਯੋਗ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਵਿਤਾ ਵਿੱਚ ਕਹੀ ਹਰ ਇੱਕ ਗੱਲ ਤੀਰ ਕਮਾਨ ਵਾਂਗ ਵਜਦੀ ਹੈ ਤੇ ਆਤਮ ਵਿਸ਼ਵਾਸ ਜਗਾਉਂਦੀ ਹੈ। ਸ੍ਰੀ ਸੁਭਾਸ਼ ਭਾਸਕਰ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲੇਖਕ ਨੂੰ ਵਧਾਈ ਦਿੱਤੀ ਅਤੇ ਕੇਂਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਦਮਦਾਰ ਸਮਾਗਮ ਹੋਣੇ ਚਾਹੀਦੇ ਹਨ। ਲੇਖਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇ ਸਾਡੇ ਅੰਦਰ ਸਿਰਜਣਾ ਹੈ ਤਾਂ ਉਹ ਕੁਦਰਤ ਦੀ ਨਿਆਮਤ ਹੈ ।ਇਸ ਤੋਂ ਇਲਾਵਾ ਉਹਨਾਂ ਨੇ ਕੁਝ ਆਪਣੀਆਂ ਪਸੰਦੀਦਾ ਦੀਆਂ ਰਚਨਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ।
ਸਮਾਗਮ ਦੇ ਦੂਸਰੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਆਗਾਜ਼ ਸੁਰਜੀਤ ਸਿੰਘ ਧੀਰ ਦੁਆਰਾ ਪੁਸਤਕ ਵਿੱਚੋਂ ਇੱਕ ਗ਼ਜ਼ਲ ਗਾਉਣ ਨਾਲ ਹੋਇਆ। ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਕੌਰ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਮਲਕੀਤ ਨਾਗਰਾ, ਰਤਨ ਬਾਬਕ ਵਾਲਾ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਗੁਰਦਾਸ ਸਿੰਘ ਦਾਸ ਅਤੇ ਪਿਆਰਾ ਸਿੰਘ ਰਾਹੀ ਨੇ ਤਰੰਨੁਮ ਵਿੱਚ ਬਹੁਤ ਹੀ ਖੂਬਸੂਰਤ ਰਚਨਾਵਾਂ ਸੁਣਾ ਕੇ ਸਭ ਨੂੰ ਝੂਮਣ ਲਾ ਦਿੱਤਾ। ਦਵਿੰਦਰ ਕੌਰ ਢਿੱਲੋਂ ਨੇ ਪੁਸਤਕ ਵਿੱਚੋਂ ਕੁਝ ਟੱਪੇ ਸਰੋਤਿਆਂ ਨਾਲ ਸਾਂਝੇ ਕੀਤੇ। ਤਿਲਕ ਸੇਠੀ, ਚਰਨਜੀਤ ਕਲੇਰ, ਅੰਸ਼ੁਕਰ ਮਹੇਸ਼ ਅਤੇ ਗੁਰਮੀਤ ਕੌਰ ਨੇ ਹਿੰਦੀ ਵਿੱਚ ਸ਼ੇਅਰ ਸੁਣਾ ਕੇ ਖੂਬ ਵਾਹ ਵਾਹ ਖੱਟੀ। ਰੇਖਾ ਮਿੱਤਲ, ਕਰਿਸ਼ਮਾ ਵਰਮਾ, ਨਰਿੰਦਰ ਕੌਰ ਲੌਂਗੀਆ, ਹਰਜੀਤ ਸਿੰਘ, ਦਰਸ਼ਨ ਸਿੰਘ ਸਿੱਧੂ, ਡਾ. ਅਨਿਲ ਬਹਿਲ ਤੇ ਪਰਲਾਦ ਸਿੰਘ ਨੇ ਆਪਣੀਆਂ ਦਿਲ ਟੁੰਬਦੀਆਂ ਕਵਿਤਾਂਵਾਂ ਨਾਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਰਜਿੰਦਰ ਕੌਰ ਸਰਾਂ, ਤਰਲੋਚਨ ਸਿੰਘ ਪਬਲਿਸ਼ਰ, ਉਪਦੇਸ਼ ਸਿੰਘ, ਅਰਸ਼ਦੀਪ ਸਿੰਘ ਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ। ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।
ਦਵਿੰਦਰ ਕੌਰ ਢਿੱਲੋਂ, ਜਨਰਲ ਸਕੱਤਰ – 9876579761

