www.sursaanjh.com > ਚੰਡੀਗੜ੍ਹ/ਹਰਿਆਣਾ > ਡੰਪਿੰਗ ਗਰਾਊਂਡ ਸੈਕਟਰ 74 ਅਤੇ ਸੈਕਟਰ 91 ਦੇ ਨਿਵਾਸੀਆਂ ਲਈ ਘਾਤਕ ਹੋਏਗੀ

ਡੰਪਿੰਗ ਗਰਾਊਂਡ ਸੈਕਟਰ 74 ਅਤੇ ਸੈਕਟਰ 91 ਦੇ ਨਿਵਾਸੀਆਂ ਲਈ ਘਾਤਕ ਹੋਏਗੀ

ਸਰਕਾਰ ਜੀ ! ਡੰਪਿੰਗ ਗਰਾਊਂਡ ਲਈ ਰਿਹਾਇਸ਼ੀ ਇਲਾਕੇ ਤੋਂ ਦੁਰੇਡਾ ਸਥਾਨ ਤਲਾਸ਼ੋ
ਮੋਹਾਲੀ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਸੈਕਟਰ 90 ਮੋਹਾਲੀ ਤੋਂ ਚੱਪੜਚਿੜੀ ਜਾਣ ਵਾਲੀ ਸੜਕ ‘ਤੇ ਬਣਾਏ ਜਾ ਰਹੇ ਡੰਪਿੰਗ ਗਰਾਊਂਡ ਨੂੰ ਲੈ ਕੇ ਸਥਾਨਕ ਨਿਵਾਸੀਆਂ ਵੱਲੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇੱਥੇ ਜੇਸੀਬੀ ਮਸ਼ੀਨ ਨਾਲ ਸਫਾਈ ਕਰਕੇ ਕੰਮ ਸ਼ੁਰੂ ਕੀਤਾ ਗਿਆ, ਪਰ ਸੈਕਟਰ 74 ਅਤੇ ਸੈਕਟਰ 91 ਮੋਹਾਲੀ ਦੇ ਤਮਾਮ ਨਿਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਤਿਹਾਸਿਕ ਸਥਾਨ ਅਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਡੰਪਿੰਗ ਗਰਾਊਂਡ ਬਣਾਉਣਾ ਲੋਕਾਂ ਅਤੇ ਯਾਤਰੀਆਂ ਦੀ ਸਿਹਤ ਸਮੇਤ ਵਾਤਾਵਰਣ ਦੋਵਾਂ ਲਈ ਖ਼ਤਰਨਾਕ ਸਾਬਤ ਹੋਏਗਾ। ਡੰਪਿੰਗ ਗਰਾਊਂਡ ਤੋਂ ਪੈਦਾ ਹੋਣ ਵਾਲੀ ਬਦਬੂ, ਮੱਖੀਆਂ ਅਤੇ ਮੱਛਰਾਂ ਦੇ ਨਾਲ-ਨਾਲ ਗੰਭੀਰ ਤੇ ਮਾਰੂ ਬਿਮਾਰੀਆਂ ਦਾ ਖ਼ਤਰਾ ਵੱਧੇਗਾ। ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਵੀ ਇਸ ਵਰਤਾਰੇ ਦਾ  ਨਕਾਰਾਤਮਕ ਪ੍ਰਭਾਵ ਪਵੇਗਾ।
ਨਿਵਾਸੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਸਬੰਧੀ ਸੈਕਟਰ ਨਿਵਾਸੀਆਂ ਵੱਲੋਂ ਹਾਈ ਕੋਰਟ ਵਿੱਚ ਕੇਸ ਜਿੱਤਿਆ ਜਾ ਚੁੱਕਾ ਹੈ, ਜਿਸ ਵਿਚ ਸਪੱਸ਼ਟ ਹੁਕਮ ਹਨ ਕਿ ਇੱਥੇ ਸਤੰਬਰ ਤੱਕ ਡੰਪਿੰਗ ਗਰਾਊਂਡ ਵਿੱਚ ਕੂੜਾ ਪਾਉਣਾ ਬੰਦ ਕੀਤਾ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਕਾਰਪੋਰੇਸ਼ਨ ਅਤੇ ਇਲਾਕੇ ਦੇ ਐਮਐਲਏ ਤੇ
ਮੋਹਤਬਰ ਵੀ ਇਸ ਅਦਾਲਤੀ ਫ਼ੈਸਲੇ ਨੂੰ ਨਾ ਮੰਨਦੇ ਹੋਏ ਉਸਦੀ ਉਲੰਘਣ ਕਰ ਰਹੇ ਹਨ। ਇਹ ਨਾ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ, ਸਗੋਂ ਅਦਾਲਤ ਦੇ ਹੁਕਮਾਂ ਦੀ ਪਰਵਾਹ ਵੀ ਨਹੀਂ ਕੀਤੀ ਜਾ ਰਹੀ। ਨਿਵਾਸੀਆਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਇਲਾਕੇ ਵਿੱਚ ਕੂੜੇ ਦਾ ਪਹਾੜ ਖੜ੍ਹਾ ਨਹੀਂ ਹੋਣ ਦੇਣਗੇ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਗੈਰ-ਜਨਤਕ ਫੈਸਲੇ ਨੂੰ ਰੱਦ ਕਰੇ ਅਤੇ ਡੰਪਿੰਗ ਗਰਾਊਂਡ ਲਈ ਕੋਈ ਵੱਖਰਾ ਤੇ ਰਿਹਾਇਸ਼ੀ ਇਲਾਕੇ ਤੋਂ ਦੁਰੇਡਾ ਕੋਈ ਸਥਾਨ ਤਲਾਸ਼ ਕਰੇ, ਜਿੱਥੇ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚੇ। ਜਸਪ੍ਰੀਤ ਸਿੰਘ ਸਰਪੰਚ ਚੱਪੜ ਚਿੜੀ, ਸ਼ੇਰ ਸਿੰਘ, ਬਲਦੇਵ ਸਿੰਘ, ਰਮਨਦੀਪ ਕੌਰ ਤੇ ਜੁਗਰਾਜ ਸਿੰਘ ਆਦਿ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਮ ਬੰਦ ਨਾ ਕੀਤਾ ਗਿਆ ਤਾਂ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ।

Leave a Reply

Your email address will not be published. Required fields are marked *