ਚੰਡੀਗੜ੍ਹ 14 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਮੋਹਿਤ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਐਸਐਚਓ ਪੁਲਿਸ ਥਾਣਾ ਮਾਜਰੀ ਵੱਲੋਂ ਪ੍ਰਾਪਰਟੀ ਡੀਲਰਾਂ ਤੇ ਜਿਊਲਰਜ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮਾਜਰੀ ਸਮੇਤ ਆਸ-ਪਾਸ ਇਲਾਕੇ ਦੇ ਕਾਰੋਬਾਰੀ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਹਾਜ਼ਰ ਸਨ। ਐਸਐਚਓ ਯੋਗੇਸ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਕਾਰੋਬਾਰੀਆਂ ਨੂੰ ਅਬੋਹਰ ਸ਼ਹਿਰ ਵਿਚ ਪਿਛਲੇ ਦਿਨੀਂ ਵਾਪਰੀ ਵਾਰਦਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪੋ-ਆਪਣੀਆਂ ਦੁਕਾਨਾਂ ਤੇ ਦਫ਼ਤਰਾਂ ‘ਚ ਜਿਥੇ ਸੀਸੀਟੀਵੀ ਕੈਮਰੇ ਲਗਾਏ ਜਾਣ, ਉੱਥੇ ਹਰ ਆਉਣ ਜਾਣ ਵਾਲੇ ਅਣਜਾਣ ਸ਼ਖਸ ਤੇ ਤਿਰਛੀ ਨਜ਼ਰ ਰੱਖੀ ਜਾਵੇ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ।
ਉਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਕਾਰੋਬਾਰੀ ਲੋਕਾਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਅਮਨ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਆਮ ਜਨਤਾ ਦੇ ਸਹਿਯੋਗ ਦੀ ਹਮੇਸ਼ਾ ਲੋੜ ਹੈ। ਇਸ ਮੌਕੇ ਪ੍ਰਾਪਟੀ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਵੀ ਆਪੋ ਆਪਣੇ ਵੱਖੋ ਵੱਖ ਸੁਝਾਅ ਪੁਲਿਸ ਨੂੰ ਦੱਸਦਿਆਂ ਪੁਲਿਸ ਨੂੰ ਹਮੇਸ਼ਾ ਭਰਵਾਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਮੇਸ ਕੁਮਾਰ ਤਲਵਾੜ, ਦਲਵਿੰਦਰ ਸਿੰਘ ਬੈਨੀਪਾਲ, ਜਗਤਾਰ ਸਿੰਘ ਸਿੱਧੂ, ਮੇਵਾ ਸਿੰਘ ਪਾਬਲਾ, ਤਰਲੋਕ ਸਿੰਘ ਚੰਡੀਗੜ੍ਹ, ਮਨਦੀਪ ਸਿੰਘ ਖਿਜਰਾਬਾਦ, ਸੰਤੋਖ ਸਿੰਘ ਸਰਪੰਚ, ਮੇਜਰ ਸਿੰਘ ਸੰਗਤਪੁਰਾ, ਗੁਰਮੇਲ ਸਿੰਘ ਮੰਡ, ਸੁਖਦੇਵ ਸਿੰਘ ਸੁੱਖਾ, ਜਗਦੀਸ਼ ਸਿੰਘ ਦੀਸਾ ਆਦਿ ਹਾਜਰ ਸਨ।

